ਨਾਮ ਜਪਨਾ ਗੁਰੂ ਨਾਨਕ ਦੀ ਮਜ਼ਦੂਰੀ ਹੈ

Humbly request you to share with all you know on the planet!

ਹਰੀ ਦਾ ਨਾਮ ਹਰੀ ਦਾ ਪ੍ਰੇਮ ਹੈ।
ਹਰੀ ਦਾ ਪ੍ਰੇਮ ਹੀ ਮਜੀਠਾ ਰੰਗ ਹੈ।
 
ਪਰ ਚੜ੍ਹਦਾ ਕਦੋਂ ਹੈ ?
 
ਜਦੋ ਗੁਰੂ ਪ੍ਰਸੰਨ ਹੁੰਦਾ ਹੈ, ਤੁੱਠਦਾ ਹੈ, ਰੀਝਦਾ ਹੈ ਤਾਂ ਉਸ ਵੇਲੇ ਇਸ ਪ੍ਰੇਮ ਵਿੱਚ ਰੰਗ ਦਿੰਦਾ ਹੈ।
ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ॥
ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ
ਬਹੁੜਿ ਨ ਹੋਵੀ ਭੰਙੁ॥
ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਙੁ॥
ਗੁਰਿ ਤੁਠੈ ਹਰਿ ਉਪਦੇਸਿਆ ਹਰਿ
ਭੇਟਿਆ ਰਾਉ ਨਿਸੰਙੁ॥ ਰਹਾਉ॥
ਮੁੰਧ ਇਆਣੀ ਮਨਮੁਖੀ ਫਿਰਿ
ਆਵਣ ਜਾਣਾ ਅੰਙੁ॥
ਹਰਿ ਪ੍ਰਭੁ ਚਿਤਿ ਨ ਆਇਓ
ਮਨਿ ਦੂਜਾ ਭਾਉ ਸਹਲੰਙੁ॥
ਹਮ ਮੈਂ'ਲੁ ਭਰੇ ਦੁਹਚਾਰੀਆ ਹਰਿ
ਰਾਖਹੁ ਅੰਗੀ ਅੰਙੁ॥
ਗੁਰਿ ਅੰਮ੍ਰਿਤ ਸਰਿ ਨਵਲਾਇਆ
ਸਭਿ ਲਾਥੇ ਕਿਲਵਿਖ ਪੰਙੁ॥
ਹਰਿ ਦੀਨਾ ਦੀਨ ਦਇਆਲ ਪ੍ਰਭੁ
ਸਤਸੰਗਤਿ ਮੇਲਹੁ ਸੰਙੁ॥
ਮਿਲਿ ਸੰਗਤਿ ਹਰਿ ਰੰਗੁ ਪਾਇਆ
ਜਨ ਨਾਨਕ ਮਨਿ ਤਨਿ ਰੰਙੁ॥
ਜਦੋਂ ਗੁਰੂ ਪ੍ਰਸੰਨ ਹੁੰਦਾ ਹੈ, ਤੁੱਠਦਾ ਹੈ, ਰੀਝਦਾ ਹੈ ਤਾਂ ਉਸ ਵੇਲੇ ਇਸ ਪ੍ਰੇਮ ਵਿੱਚ ਰੰਗ ਦੇਂਦਾ ਹੈ।

ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਜੀ ਨੇ ਇੱਕ ਦਫਾ ਇਹ ਚੀਜ਼ ਸਪਸ਼ਟ ਕੀਤੀ ਕਿ-

ਨਾਮ ਕੀ ਹੈ ?
 
ਜਿਸ ਤਰ੍ਹਾਂ ਅਸੀਂ ਸਾਰੇ ਨੌਕਰੀ ਕਰਦੇ ਹਾਂ। ਕੋਈ ਗੌਰਮਿੰਟ ਦੀ ਨੌਕਰੀ ਕਰਦਾ ਹੈ ਉਸਨੂੰ ਉਸਦੀ ਮਜਦੂਰੀ, ਤਨਖਾਹ ਮਿਲ ਜਾਂਦੀ ਹੈ। ਕੋਈ ਦਿਹਾੜੀ ਦੀ ਮਜਦੂਰੀ ਕਰਦਾ ਹੈ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੈ, ਤਨਖਾਹ ਮਿਲਦੀ ਹੈ। ਮਜਦੂਰੀ, ਅਵਜਾਨਾ ਮਿਲ ਜਾਂਦਾ ਹੈ।

ਬਾਬਾ ਨੰਦ ਸਿੰਘ ਸਾਹਿਬ ਫੁਰਮਾ ਰਹੇ ਹਨ ਕਿ-

ਨਾਮ ਜਪਣਾ ਕਿਸ ਦੀ ਮਜਦੂਰੀ ਹੈ ?

ਫੁਰਮਾਉਣ ਲੱਗੇ ਕਿ-

ਨਾਮ ਜਪਣਾ ਗੁਰੂ ਨਾਨਕ ਦੀ ਮਜਦੂਰੀ ਹੈ।

ਇੱਕ ਨੌਕਰ ਹੈ, ਉਹ ਆਪਣੀ ਮਜਦੂਰੀ ਨਹੀਂ ਮੰਗਦਾ, ਸੇਵਾ ਕਰਦਾ ਹੈ ਮਾਲਿਕ ਦੀ ਪਰ ਤਨਖਾਹ ਨਹੀਂ ਲੈਂਦਾ, ਕਦੇ ਵੀ ਮਜਦੂਰੀ ਨਹੀਂ ਮੰਗਦਾ ਫਿਰ ਕਹਿੰਦਾ ਹੈ ਮੈਂ' ਸਿਰਫ ਸੇਵਾ ਕਰਨੀ ਹੈ, ਮੈਂ'ਨੂੰ ਤੁਹਾਡਾ ਜੂਠਾ ਥਾਲ ਮਿਲ ਜਾਂਦਾ ਹੈ, ਤੁਹਾਡੇ ਉਤਾਰੇ ਹੋਏ ਕੱਪੜੇ ਮਿਲ ਜਾਂਦੇ ਹਨ, ਉਹ ਮੇਰੇ ਵਾਸਤੇ ਕਾਫੀ ਹਨ। ਹੁਣ ਕਿਸੇ ਵੇਲੇ ਮਾਲਿਕ ਆਪਣੇ ਆਪ ਨੂੰ ਉਸਦਾ ਕਰਜਾਈ ਮਹਿਸੂਸ (-ਕਕ;) ਕਰਦਾ ਹੈ ਕਿ ਇਸ ਨੇ ਮੇਰੇ ਕੋਲੋਂ ਕੁੱਝ ਲਿਆ ਹੀ ਨਹੀਂ।

ਫੁਰਮਾਉਂਣ ਲੱਗੇ-

ਗੁਰੂ ਨਾਨਕ ਦੀ ਮਜਦੂਰੀ ਨਾਮ ਜਪਨਾ ਹੈ।
ਇਨਸਾਨ ਨਾਮ ਜਪਦਾ ਹੈ ਪਰ ਗੁਰੂ ਨਾਨਕ ਪਾਸੋਂ ਉਸਦਾ ਮੁਆਵਜਾ ਮੰਗਦਾ ਹੀ ਨਹੀਂ, ਉਸਦੀ ਮਜਦੂਰੀ ਕਰੀ ਜਾਦਾਂ ਹੈ। ਹੁਣ ਜਿਹੜਾ ਉਹਦਾ ਮੁਆਵਜਾ ਹੈ, ਮਜਦੂਰੀ ਹੈ ਉਹ ਜਮਾ ਕਿੱਥੇ ਹੋ ਰਹੀ ਹੈ। ਦੁਨੀਆਵੀ ਆਦਮੀ ਦੀ ਮਜਦੂਰੀ ਇੱਕ ਦੁਨੀਆਵੀ ਮਾਲਿਕ ਪਾਸ ਜਮਾ ਹੁੰਦੀ ਹੈ ਪਰ ਨਾਮ ਜਪਣ ਵਾਲੇ ਦੀ ਮਜਦੂਰੀ ਗੁਰੂ ਨਾਨਕ ਦੇ ਖਜਾਨੇ ਚ ਜਮਾ ਹੋ ਰਹੀ ਹੈ ਉਸ ਦੇ ਬਦਲੇ ਇਹ ਮੰਗਦਾ ਹੀ ਕੁੱਝ ਨਹੀਂ, ਚਾਹੁੰਦਾ ਹੀ ਕੁੱਝ ਨਹੀਂ। ਕੋਈ ਕਾਮਨਾਵਾਂ, ਕੋਈ ਵਾਸ਼ਨਾਵਾਂ, ਕਿਸੇ ਕਿਸਮ ਦਾ ਕੋਈ ਸੁਆਰਥ ਹੈ ਹੀ ਨਹੀਂ। ਪਿਤਾ ਜੀ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਦੇ ਖਾਤੇ ਵਿੱਚ ਇਹ ਜਮਾ ਹੋਈ ਜਾ ਰਿਹਾ ਹੈ।

ਬਾਬਾ ਨੰਦ ਸਿੰਘ ਸਾਹਿਬ ਅੱਗੇ ਕੀ ਦੱਸ ਰਹੇ ਹਨ ਫੁਰਮਾਉਂਣ ਲੱਗੇ-

ਗੁਰੂ ਨਾਨਕ ਦੇ ਖਜਾਨੇ ਵਿੱਚੋਂ ਫਿਰ ਜਦੋਂ ਵੀ ਮਿਲਦਾ ਹੈ, ਸੂਦ ਦਰ ਸੂਦ ਮਿਲਦਾ ਹੈ ਜਿਹੜਾ ਸਿੱਖ ਨਾਮ ਜਪ ਰਿਹਾ ਹੈ ਅਤੇ ਮੰਗਦਾ ਕੁੱਝ ਨਹੀਂ।

ਉਸ ਦਾ ਮਤਲਬ ਸਮਝਾਉਂਦੇ ਹੋਏ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ-

ਸੂਦ ਦਰ ਸੂਦ ਹੈ ਕੀ?
 
ਇਨਸਾਨ ਤਾਂ ਆਪਣੀ ਹੈਸੀਅਤ, ਆਪਣੀ ਸਮਰੱਥਾ ਅਨੁਸਾਰ ਨਾਮ ਜਪਦਾ ਹੈ। ਇਨਸਾਨ ਦੀ ਹਸਤੀ ਨਿਰੰਕਾਰ ਦੇ ਸਾਹਮਣੇ ਕੁੱਛ ਵੀ ਨਹੀਂ। ਜਿਸ ਵਕਤ ਨਿਰੰਕਾਰ ਦੇਦਾਂ ਹੈ ਉਹ ਸੂਦ ਦਰ ਸੂਦ ਦਿੰਦਾ ਹੈ। ਨਿਰੰਕਾਰ ਅਪਣੀ ਹੈਸੀਅਤ ਅਤੇ ਸਮਰੱਥਾ ਦੇ ਹਿਸਾਬ ਨਾਲ ਦਿੰਦਾ ਹੈ।

ਫਿਰ ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ-

ਉਸੇ ਨਾਮ ਨੂੰ ਜਿਹੜਾ ਉਸਨੇ ਜਪਿਆ ਹੈ, ਨਿਰੰਕਾਰ ਉਸਨੂੰ ਆਪਣੇ ਪ੍ਰੇਮ ਦੇ ਵਿੱਚ ਰੰਗ ਕੇ ਫਿਰ ਵਾਪਿਸ ਦਿੰਦਾ ਹੈ।

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ-

ਪ੍ਰੇਮ ਦੀ ਦਾਤ ਫਿਰ ਸ਼ੁਰੂ ਕਿੱਥੋਂ ਹੁੰਦੀ ਹੈ ?

ਸਾਧ ਸੰਗਤ ਜੀ ਇਹ ਇੱਕੋ ਹੀ ਚੀਜ਼ ਦਰਸਾ ਰਹੇ ਹਨ ਕਿ ਪ੍ਰੇਮ ਦਾ ਮਤਲਬ ਕੀ ਹੈ?

ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ॥
ਗੁਰਿ ਤੁਠੈ ਹਰਿ ਰੰਗ ਚੜਿਆ
ਫਿਰਿ ਬਹੁੜਿ ਨ ਹੋਵੀ ਭੰਙੁ॥

ਫੁਰਮਾਇਆ-

ਸਿੱਖ ਨੇ ਦੇਣਾ ਹੀ ਦੇਣਾ ਹੈ ਲੈਣਾਂ ਕੁੱਝ ਨਹੀਂ, ਜੇ ਲੈਣ ਵਿੱਚ ਪਿਆ ਹੈ ਕੋਈ ਮੁਆਵਜਾ ਮੰਗਦਾ ਹੈ, ਮਜਦੂਰੀ ਮੰਗਦਾ ਹੈ, ਕੋਈ ਸੁਆਰਥ ਹੈ, ਕੁੱਛ ਮੰਗ ਰਿਹਾ ਹੈ ਫਿਰ ਤਾਂ ਗੁਰੂ ਕੋਲੋਂ ਅਲ੍ਹੈਦਗੀ ਹੈ, ਜੁਦਾਈ ਹੈ।

ਜੇ ਸਿੱਖ ਗੁਰੂ ਨਾਲ ਪ੍ਰੇਮ ਕਰਦਾ ਹੈ, ਪਹਿਲੀ ਗੱਲ ਤਾਂ ਪ੍ਰੇਮ ਵਿੱਚ ਦੇਣਾ ਹੀ ਦੇਣਾ ਹੈ, ਸਭ ਉਹਦਾ ਹੀ ਹੈ।

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ
ਹੁਕਮਿ ਮੰਨਿਐ ਪਾਈਐ॥

ਇਹ ਕਿਸਦਾ ਤਨ ਮਨ ਧਨ ਹੈ? ਇਹ ਪਦਾਰਥ ਸਾਡੇ ਆਪਣੇ ਹਨ? ਉਸਦੇ ਹੀ ਬਖਸ਼ੇ ਹੋਏ ਹਨ, ਇਹ ਸਭ ਕੁੱਝ ਉਸਦਾ ਹੈ। ਜਿਹੜਾ ਆਪਣੇ ਆਪ ਨੂੰ ਸੌਂਪੀ ਜਾਂਦਾ ਹੈ ਉਹ ਸਾਹਿਬ ਤੋਂ ਕਦੇ ਕੁੱਝ ਨਹੀਂ ਮੰਗਦਾ ਪਰ ਫਿਰ ਜਦੋਂ ਸਾਹਿਬ ਤੁੱਠਦੇ ਹਨ ਉਸਨੂੰ ਪ੍ਰੇਮ ਦੀ ਦਾਤ ਬਖਸ਼ਦੇ ਹਨ, ਉਸ ਵੇਲੇ ਉਸ ਪ੍ਰੇਮ ਦਾ ਸੁਆਦ ਤੇ ਨਸ਼ਾ ਆਉਂਦਾ ਹੈ।

ਸਾਚੁ ਕਹੌਂ ਸੁਨ ਲੇਹੁ ਸਭੈ ਜਿਨ
ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਫਿਰ ਪਤਾ ਲੱਗਦਾ ਹੈ ਕਿ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਆਪਣਾ ਸਭ ਕੁੱਝ ਦੇਈ ਜਾ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਗੁਰੂ ਤੇਗ ਬਹਾਦੁਰ ਸਾਹਿਬ ਅੱਗੋਂ ਮੁਆਵਜਾ ਕੀ ਦੇ ਰਹੇ ਹਨ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਆਪ ਨੂੰ ਉਨ੍ਹਾਂ ਨੂੰ ਦੇਈ ਜਾ ਰਹੇ ਹਨ।

9 ਸਾਲ ਦੀ ਉਮਰ ਵਿੱਚ ਦਸਮੇਸ਼ ਪਿਤਾ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਹੋਏ ਹਨ। 33 ਸਾਲ ਦੀ ਉਮਰ ਚ ਸਾਹਿਬ ਨੇ ਕੇਸਗੜ੍ਹ (ਅਨੰਦਪੁਰ ਸਾਹਿਬ) ਸਾਹਿਬ ਖੇਡ ਵਰਤਾਇਆ ਹੈ। ਜਿਸ ਵਕਤ ਸੀਸ ਮੰਗਿਆ ਹੈ ਤਾਂ ਅੱਸੀ ਹਜ਼ਾਰ ਵਿੱਚੋਂ ਸਿਰਫ ਪੰਜ ਨਿੱਤਰੇ ਹਨ। ਫਿਰ ਉਹ ਪੰਜ ਪਿਆਰੇ ਆਪਣੇ ਆਪ ਨੂੰ ਦੇਈ ਜਾ ਰਹੇ ਹਨ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਉਨ੍ਹਾਂ ਨੂੰ ਕੀ ਬਖਸ਼ਦੇ ਹਨ ? ਪੰਜ ਪਿਆਰੇ ਆਪਣੇ ਆਪ ਲੂੰ ਸਾਹਿਬ ਦੇ ਚਰਨਾਂ ਵਿੱਚ ਪੂਰੇ ਦਾ ਪੂਰਾ ਸਮਰਪਣ ਕਰ ਦਿੰਦੇ ਹਨ।

ਪਿਤਾ ਜੀ ਕਹਿਣ ਲੱਗੇ- ਆਪਾ ਕੀ ਸਮਰਪਣ ਕੀਤਾ ਹੈ, 'ਮੈਂ'' ਸਮਰਪਣ ਕਰ ਦਿੱਤੀ ਅਤੇ 'ਮੈਂ' ਵਟੇ 'ਤੂੰ' ਮਿਲਦਾ ਹੈ। ਫਿਰ ਉਸ 'ਤੂੰ' (ਗੁਰੂ ਗੋਬਿੰਦ ਸਿੰਘ ਸਾਹਿਬ) ਨੂੰ ਭਰੀ ਸੰਗਤ ਦੇ ਸਾਹਮਣੇ ਕਿਸ ਪ੍ਰਕਾਸ਼ ਦੇ ਵਿੱਚ ਪ੍ਰਾਪਤ ਕਰ ਲੈਂਦੇ ਹਨ।

ਸਚਾ ਪ੍ਰੇਮ ਪਿਆਰੁ ਗੁਰ ਪੂਰੇ ਤੇ ਪਾਈਐ॥
ਕਬਹੂ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ॥
ਗੁਰੂ ਨਾਨਕ ਦਾਤਾ ਬਖਸ਼ ਲੈ।।
ਬਾਬਾ ਨਾਨਕ ਬਖਸ਼ ਲੈ ।।