ਬੇਅੰਤ ਰੂਹਾਨੀ ਸ਼ਕਤੀਆਂ ਦੇ ਖਜ਼ਾਨੇ

ਦੋਵੇਂ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਅਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਜਨਮ ਤੋਂ ਹੀ ਮਹਾਂਪੁਰਖ ਸਨ। ਉਹ ਪ੍ਰਕਿਰਤੀ ਦੇ ਤਿੰਨ ਗੁਣਾਂ ਦੀ ਲਪੇਟ ਤੋਂ ਉੱਪਰ ਸਨ। ਉਹ ਪੂਰਨ ਨਿਸ਼ਕਾਮ ਅਤੇ ਪਵਿੱਤਰਤਾ ਦੇ ਸਮੁੰਦਰ ਸਨ।

ਇਕ ਵਾਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਕਿਸੇ ਪੁਰਾਣੇ ਸਤਿਸੰਗੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਕਿੰਨੀ ਰੂਹਾਨੀ ਸ਼ਕਤੀ ਨਾਲ ਮਾਲਾਮਾਲ ਕੀਤਾ ਹੈ? ਆਪ ਨੇ ਫੁਰਮਾਇਆ ਸੀ;

“ਰਿਖੀ ਨੰਦ ਸਿੰਘ ਵਿੱਚ ਬੇਅੰਤ ਰੂਹਾਨੀ ਸ਼ਕਤੀਆਂ ਹਨ। ਉਹ ਆਪਣੀ ਮੁੱਠੀ ਖੋਲ੍ਹਣ ਨਾਲ ਇਹੋ ਜਿਹੀਆਂ ਕਈ ਸ੍ਰਿਸ਼ਟੀਆਂ ਸਾਜ ਸਕਦੇ ਹਨ ਅਤੇ ਮੁੱਠੀ ਬੰਦ ਕਰਨ ਨਾਲ ਇਨ੍ਹਾਂ ਨੂੰ ਸਮੇਟ ਸਕਦੇ ਹਨ। ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਸਾਰੀਆਂ ਬੇਅੰਤ ਰੂਹਾਨੀ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ ਵੀ ਉਹ ਇਨ੍ਹਾਂ ਦਾ ਵਿਖਾਵਾ ਨਹੀਂ ਕਰਦੇ ਅਤੇ ਨਿਮਰਤਾ ਦੇ ਪੁੰਜ ਹਨ।”

ਬਾਬਾ ਨੰਦ ਸਿੰਘ ਜੀ ਮਹਾਰਾਜ ਨਿਮਰਤਾ ਦੇ ਪੁੰਜ ਹਨ। ਉਹ ਰੂਹਾਨੀ ਜਗਤ ਵਿੱਚ ਇਕ ਉੱਚੇ ਬੁਰਜ ਵਾਂਗ ਸਭ ਨੂੰ ਚਾਨਣ ਬਖਸ਼ਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫੁਰਮਾਉਂਦੇ ਹਨ:-

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁ॥
ਬ੍ਰਹਮ ਗਿਆਨੀ ਆਪਿ ਨਿਰੰਕਾਰੁ॥
ਬ੍ਰਹਮ ਗਿਆਨੀ ਇਸ ਸ੍ਰਿਸ਼ਟੀ ਦਾ ਰਚਣਹਾਰ ਹੈ। ਬ੍ਰਹਮ ਗਿਆਨੀ ਜਨਮ ਮਰਨ ਤੋਂ ਰਹਿਤ ਹੈ। ਉਹ ਕਦੇ ਮਰਦਾ ਨਹੀਂ, ਉਹ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ। ਬ੍ਰਹਮ ਗਿਆਨੀ ਨਿਰੰਕਾਰ, ਪਰਮਾਤਮਾ ਆਪ ਹੈ।
ਜਿਹੜਾ ਸਭ ਤੋਂ ਉੱਚਾ ਹੈ, ਉਹ ਨੀਵਾਂ ਹੈ।
ਜੋ ਸਭ ਤੋਂ ਨੀਵਾਂ ਹੈ, ਉਹ ਅਸਲ ਵਿੱਚ ਉੱਚਾ ਹੈ।