ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼

Humbly request you to share with all you know on the planet!

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਰ॥
ਨਿਤ ਨਵਾਂ, ਹਰਿ ਜੁੱਗ ਵਿੱਚ ਆਉਂਦਾ ਹੈ। ਨਵੇਂ ਖੇਡ ਖੇਡਦਾ ਹੈ, ਨਵੀ ਲੀਲ੍ਹਾ ਰਚਦਾ ਹੈ, ਨਵੇਂ ਹੀ ਗਾਡੀ ਰਾਹ ਦਰਸਾਉਂਦਾ ਹੈ ਅਤੇ ਨਵੇਂ ਹੀ ਗਾਡੀ ਰਾਹ ਬਣਾ ਦਿੰਦਾ ਹੈ।
 
ਇਸ ਜੁੱਗ, ਕਲਿਜੁਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਇੱਕ ਮਹਾਨ ਚਮਤਕਾਰ ਹੈ, ਇੱਕ ਮਹਾਨ ਕੌਤਕ ਹੈ, ਇੱਕ ਮਹਾਨ ਸੱਚ ਹੈ।

ਜਿਸ ਵਕਤ ਸਾਹਿਬ ਇਹ ਪਹਿਲਾ ਪ੍ਰਕਾਸ਼ ਕਰਦੇ ਹਨ, ਗੁਰੂ ਅਰਜਨ ਪਾਤਸ਼ਾਹ ਉਸ ਵੇਲੇ ਕਿਹੜੀ ਲੀਲ੍ਹਾ ਰਚਦੇ ਹਨ। ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਰਬਾਰ ਸਾਹਿਬ ਪ੍ਰਕਾਸ਼ ਕੀਤਾ ਹੈ ਉਸ ਵਕਤ ਪੰਜਵੇਂ ਗੁਰੂ ਨਾਨਕ ਆਪਣਾ ਆਸਣ, ਸੁੱਖ ਆਸਣ ਛੱਡ ਦਿੰਦੇ ਹਨ, ਆਪ ਸਾਹਿਬ ਫਰਸ਼ ਤੇ ਹੋ ਜਾਂਦੇ ਹਨ। ਸੰਗਤ ਦੇ ਨਾਲ ਹੀ ਫਰਸ਼ ਤੇ ਬੈਠਦੇ ਹਨ। ਜਿਸ ਵਕਤ ਸ਼ਾਮ ਨੂੰ ਸੁਖਆਸਣ ਦਾ ਵਕਤ ਆਇਆ, ਬਾਬਾ ਬੁੱਢਾ ਜੀ ਨੇ ਪੁੱਛਿਆ ਕਿ ਗਰੀਬ ਨਿਵਾਜ਼ ਸਾਹਿਬ ਵਾਸਤੇ ਨਵਾਂ ਪਲੰਘ, ਫੁਰਮਾਇਆ ਨਹੀਂ ਬਾਬਾ ਬੁੱਢਾ ਜੀ ਸਾਡੇ ਹੀ ਪਲੰਘ ਤੇ ਨਵੀਂ ਵਿਛਾਈ ਕਰ ਦਿਓ। ਨਵੀਂ ਵਿਛਾਈ ਕਰ ਦਿੱਤੀ ਗਈ। ਪਹਿਲੇ ਸਾਹਿਬ ਨੇ ਆਪਣਾ ਆਸਣ ਛੱਡਿਆ ਫਿਰ ਸੁਖਆਸਣ ਛੱਡਿਆ ਫਿਰ ਫਰਸ਼ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਪਣਾ ਸਭ ਕੁੱਝ (ਆਰਾਮ ਸੁੱਖ) ਤਿਆਗ ਦਿੱਤਾ। ਸਾਹਿਬ ਦੇ ਚਰਨਾਂ ਵਿੱਚ ਹੀ ਰਹੇ, ਫਿਰ ਥੋੜ੍ਹੀ ਦੇਰ ਬਾਅਦ ਹੀ ਮਹਾਨ ਬਲੀਦਾਨ ਦੇ ਦਿੱਤਾ।

ਮਹਾਨ ਬਲੀਦਾਨ ! ਸਾਹਿਬ ਨੇ ਆਪਣਾ ਆਸਣ, ਸੁਖਆਸਣ, ਸਭ ਅਰਾਮ, ਸੁੱਖ ਤਿਆਗ ਦਿੱਤਾ ਹੈ। ਇਹ ਮਹਾਨ ਬਲੀਦਾਨ ਦੀ ਕਿਸ ਵਾਸਤੇ ਲੋੜ ਪਈ ਹੈ, ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਿਆ।
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰ॥
ਜਗਤੁ ਜਲੰਦਾ ਰਖਿ ਲੈ... ਜਗਤ ਪਿਤਾ, ਜਗਤ ਗੁਰੂ, ਤੀਜੇ ਗੁਰੂ ਨਾਨਕ ਇੱਕ ਸ਼ਬਦ ਉਚਾਰਦੇ ਹਨ, ਇਸ ਸਾਰੇ ਸੜਦੇ ਬਲਦੇ ਸੰਸਾਰ ਨੂੰ ਰੱਖ ਲੈ ਅਤੇ ਜਿਸ ਧਰਮ ਰਾਹੀਂ ਵੀ ਕੋਈ ਤੇਰੇ ਵੱਲ ਤੁਰਿਆ ਆ ਰਿਹਾ ਹੈ ਉਸਨੂੰ ਰੱਖ ਲੈ।

ਸੱਚੇ ਪਾਤਸ਼ਾਹ ਇਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਅਰਦਾਸ ਕਰਦੇ ਹਨ ਅਤੇ ਪੰਜਵੇ ਸਰੂਪ, ਗੁਰੂ ਅਰਜਨ ਪਾਤਸ਼ਾਹ ਦੇ ਸਰੂਪ ਵਿੱਚ, ਉਹ ਸਾਰੇ ਜਗਤ ਉਸ ਸੜਦੇ ਬਲਦੇ ਸੰਸਾਰ ਦੀ ਸਾਰੀ ਜਲਨ ਆਪਣੇ ਉੱਪਰ ਲੈ ਕੇ ਅੱਗ ਵਿੱਚ ਆਸਣ ਲਾ ਲੈਂਦੇ ਹਨ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਉਸ ਦੇ ਅਵਤਾਰ ਧਾਰਨ ਦਾ, ਵਡਾ ਕਾਰਨ ਇਹ ਹੈ,

ਤਤੁ ਬਿਚਾਰ ਯਹੈ ਮਥੁਰਾ ਜਗ ਤਾਰਨ
ਕਉ ਅਵਤਾਰੁ ਬਨਾਯਉ॥
ਜਗਤ ਦੇ ਆਪਣੇ ਬੱਚਿਆਂ ਦੇ ਦੁੱਖ ਕਸ਼ਟ ਅਤੇ ਇਸ ਧਰਤੀ ਦੇ ਪਾਪ ਆਪਣੇ ਉੱਤੇ ਲੈ ਕੇ ਭੁਗਤਾਨ ਕਰਨਾ ਹੋਵੇ ਤਾ ਨਿਰੰਕਾਰ ਆਪ ਹੀ ਆ ਜਾਂਦਾ ਹੈ।

ਸਾਹਿਬ ਨੇ ਮਹਾਨ ਬਲੀਦਾਨ ਦੇ ਦਿੱਤਾ ਕਿਹਦੇ ਵਾਸਤੇ? ਇਸ ਜਗਤ ਵਾਸਤੇ, ਸਾਡੇ ਵਾਸਤੇ। ਸਾਹਿਬ ਨੇ ਆਪਣਾ ਸਭ ਕੁੱਝ ਸਮਰਪਨ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਭ ਕੁੱਝ ਸਮਰਪਨ ਕਰਕੇ ਆਪ ਤੇ ਉਸੇ ਵੇਲੇ ਲਾਂਭ੍ਹੇ ਖੜ੍ਹੇ ਹੋ ਗਏ, ਉਸੇ ਵੇਲੇ ਪਹਿਲੇ ਪ੍ਰਕਾਸ਼ ਦੇ ਦਿਨ ਹੀ ਸਾਰੀ ਮਨੁੱਖਤਾ ਦਾ ਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰ ਰਹੇ ਹਨ।

ਆਪ ਆਸਣ ਛੱਡ ਦਿੱਤਾ ਸੁਖਆਸਣ ਛੱਡ ਕੇ ਸਾਹਿਬ (ਗੁਰੂ ਅਰਜਨ ਪਾਤਸ਼ਾਹ) ਸਾਰੇ ਸੰਸਾਰ, ਸਾਰੀ ਮਨੁੱਖਤਾ ਦਾ, ਸਾਰੇ ਜਗਤ ਦਾ ਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰ ਰਹੇ ਹਨ, ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਹੋਇਆ, ਉਸ ਦਿਨ ਇੱਕ ਮਹਾਨ ਚਮਤਕਾਰ ਸੀ, ਕੌਤਕ ਸੀ, ਲੀਲ੍ਹਾ ਸੀ।

ਗੁਰੂ ਨਾਨਕ ਦਾਤਾ ਬਖਸ਼ ਲੈ।।
ਬਾਬਾ ਨਾਨਕ ਬਖਸ਼ ਲੈ ।।