ਕਾਲ ਬਾਰੇ ਗਿਆਨ

ਮਾਰਚ, 1979 ਵਿੱਚ ਇਕ ਦਿਨ ਮੈਨੂੰ ਆਪਣੀ ਰਿਹਾਇਸ਼ ਆਫੀਸਰਜ਼ ਮੈਸ ਦਿੱਲੀ ਛਾਉਣੀ ਵਿੱਚ ਟੈਲੀਗ੍ਰਾਮ ਮਿਲੀ ਕਿ ਪਿਤਾ ਜੀ ਬਹੁਤ ਸਖ਼ਤ ਬੀਮਾਰ ਹਨ ਤੇ ਉਨ੍ਹਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਹਨ। ਮੈਂ ਉਸੇ ਵੇਲੇ ਆਪਣੇ ਵੱਡੇ ਅੋਸਰ ਨੂੰ ਟੈਲੀਫੋਨ ਕੀਤਾ, ਛੁੱਟੀ ਲਈ ਤੇ ਮੈਂ ਚੰਡੀਗੜ੍ਹ ਵਾਸਤੇ ਰਵਾਨਾ ਹੋ ਗਿਆ। ਅਗਲੇ ਦਿਨ ਸਵੇਰੇ ਹੀ ਚੰਡੀਗੜ੍ਹ ਪਹੁੰਚ ਗਿਆ। ਮੈਂ ਪਿਤਾ ਜੀ ਨੂੰ ਨਮਸਕਾਰ ਕੀਤੀ ਤੇ ਕੋਲ ਬੈਠ ਗਿਆ। ਪਿਤਾ ਜੀ ਨੇ ਮੈਨੂੰ ਕਿਹਾ ਕਿ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ। ਸ਼ਾਮ ਵੇਲੇ ਜਿਸ ਵਕਤ ਮੈਂ ਉਨ੍ਹਾਂ ਕੋਲ ਬੈਠਾਂ ਤਾਂ ਉਨ੍ਹਾਂ ਬੜੀ ਹੀ ਅਜੀਬ ਘਟਨਾ ਦੱਸੀ ਕਿ ਕਲ੍ਹ ਸਵੇਰੇ ਜਿਸ ਵਕਤ ਮੈਂ ਬਾਥ ਰੂਮ ਵਿੱਚ ਇਸ਼ਨਾਨ ਕਰਨ ਵਾਸਤੇ ਅੰਦਰ ਗਿਆ ਤਾਂ ਇਕ ਬੜੀ ਖੂਬਸੂਰਤ ਬੀਬੀ ਉੱਥੇ ਖੜ੍ਹੀ ਸੀ। ਅਸੀਂ ਪੁੱਛਿਆ, “ਬੀਬਾ ਤੂੰ ਕੌਣ ਹੈਂ ਤੇ ਕਿਉਂ ਆਈ ਹੈਂ?” ਉਸਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਮੌਤ ਹਾਂ ਅਤੇ ਤੁਹਾਨੂੰ ਲੈਣ ਵਾਸਤੇ ਆਈ ਹਾਂ। ਅਸੀਂ ਅੱਗੋਂ ਕਿਹਾ, “ਕਿ ਬੀਬਾ ਤੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਇਜਾਜ਼ਤ ਲੈ ਆਈ ਹੈਂ ?” ਤਾਂ ਉਸ ਨੇ ਕਿਹਾ, “ਨਹੀਂ ਜੀ”।

ਅਸੀਂ ਫਿਰ ਉਸਨੂੰ ਕਿਹਾ, “ਕਿ ਤੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਇਜਾਜ਼ਤ ਲੈ ਆ, ਅਸੀਂ ਉਨੀ ਦੇਰ ਤਕ ਤਿਆਰੀ ਕਰ ਲੈਂਦੇ ਹਾਂ।” ਇਹ ਸੁਣਕੇ ਉਹ ਅਲੋਪ ਹੋ ਗਈ। ਅਸੀਂ ਇਸ਼ਨਾਨ ਕਰਕੇ ਆਪਣੇ ਆਸਣ ਤੇ ਬੈਠ ਕੇ ਸਿਮਰਨ ਸ਼ੁਰੂ ਕਰ ਦਿੱਤਾ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਪ੍ਰਗਟ ਹੋ ਗਏ। ਅਸੀਂ ਉਨ੍ਹਾਂ ਦੇ ਚਰਨਾਂ ਤੇ ਨਮਸਕਾਰ ਕੀਤਾ ਤਾਂ ਉਹ ਅੱਗੋਂ ਮੁਸਕਰਾ ਕੇ ਫੁਰਮਾਉਂਣ ਲੱਗੇ ਕਿ “ਪੁੱਤਰ ਮੌਤ ਸਾਡੀ ਇਜਾਜ਼ਤ ਬਗੈਰ ਨਹੀਂ ਆ ਸਕਦੀ”। ਫਿਰ ਪਿਤਾ ਜੀ ਨੇ ਮੈਨੂੰ ਕਿਹਾ ਕਿ ਸਾਡੀ ਇਸ ਤਕਲੋ ਨੂੰ ਦੇਖ ਕੇ ਤੈਨੂੰ ਘਰ ਦਿਆਂ ਨੇ ਟੈਲੀਗ੍ਰਾਮ ਭੇਜੀ ਸੀ, ਤੂੰ ਆਪਣਾ ਫਰਜ਼ ਨਿਭਾ ਦਿੱਤਾ ਹੈ।

ਪਰ ਯਾਦ ਰਖਣਾ ਕਾਲ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਇਜਾਜ਼ਤ ਬਗੈਰ ਹਿੱਲ ਵੀ ਨਹੀਂ ਸਕਦਾ। ਫਿਰ ਬਾਬਾ ਨੰਦ ਸਿੰਘ ਜੀ ਨੇ ਕੁਝ ਚੀਜ਼ਾਂ ਸਮਝਾਈਆਂ, ਉਹ ਇਸ ਪ੍ਰਕਾਰ ਹਨ :

  1. ਜਿੱਥੇ ਪ੍ਰਭੂ ਦਾ ਸਿਮਰਨ ਪ੍ਰਗਟ ਹੋ ਜਾਏ ਉੱਥੇ ਕੁਦਰਤ (ਪ੍ਰਕ੍ਰਿਤੀ) ਕਾਲ (ਸਮਾਂ) ਹੱਥ ਜੋੜ ਕੇ ਹੁਕਮ ਵਿੱਚ ਬੰਨ੍ਹੇ ਖੜ੍ਹੇ ਹੋ ਜਾਂਦੇ ਹਨ।
  2. ਸਿਮਰਨ ਵਿੱਚੋਂ ਹੀ ਸਮਾਂ ਤੇ ਕਾਲ ਪ੍ਰਗਟ ਹੋਏ ਹਨ ਪਰ ਸਮੇਂ ਤੇ ਕਾਲ ਵਿੱਚੋਂ ਸਿਮਰਨ ਪ੍ਰਗਟ ਨਹੀਂ ਹੋਇਆ।
  3. ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਵਿੱਚ ਇਹ ਸਿਮਰਨ ਇਸ ਤਰ੍ਹਾਂ ਪ੍ਰਗਟ ਹੈ ਜਿਸ ਤਰ੍ਹਾਂ ਦੁਨੀਆਂ ਦੇ ਉੱਤੇ ਸੂਰਜ ਪ੍ਰਗਟ ਹੈ। ਸੂਰਜ ਕਦੀ ਛੁਪਦਾ ਨਹੀਂ, ਉਹਦਾ ਪ੍ਰਕਾਸ਼ ਸਦੀਵੀ ਹੈ, ਇਸੇ ਤਰ੍ਹਾਂ ਇਹ ਪ੍ਰਗਟ ਹੋਇਆ ਸਿਮਰਨ ਸਦੀਵੀ ਅਵਸਥਾ ਹੈ। ਇਹ ਛੁਪਣ ਵਾਲੀ ਜਾਂ ਬੰਦ ਹੋਣ ਵਾਲੀ ਅਵਸਥਾ ਨਹੀਂ ਹੈ।

ਅੱਜ ਬਾਬਿਆਂ ਨੂੰ ਅਲੋਪ ਹੋਇਆਂ ਤਕਰੀਬਨ 70 ਸਾਲ ਹੋ ਗਏ ਹਨ ਤੇ ਉਸ ਨਾਮ ਅਤੇ ਸਿਮਰਨ ਦੇ ਅਵਤਾਰ ਜਿਨ੍ਹਾਂ ਦੇ ਰੋਮ-ਰੋਮ ਵਿੱਚ ਸਿਮਰਨ ਪ੍ਰਗਟ ਹੋਇਆ ਸੀ, ਜਿਨ੍ਹਾਂ ਦੇ 7 ਕਰੋੜ ਰੋਮਾਂ ਦੇ ਵਿੱਚ ਨਾਮ ਦੀ ਜੋਤ ਜਗ-ਮਗਾ ਰਹੀ ਸੀ, ਦੇ ਚਰਨਾਂ ਵਿੱਚ ਸਭ ਕੁਝ ਬੰਨ੍ਹਿਆਂ ਖੜ੍ਹਾ ਹੈ। ਇਹ ਪਹਿਲੋਂ ਵੀ ਹੁਕਮ ਵਿੱਚ ਬੰਨ੍ਹਿਆਂ ਖੜ੍ਹਾ ਸੀ ਤੇ ਹੁਣ ਵੀ ਖੜ੍ਹਾ ਹੈ ਤੇ ਸਦੀਵੀ ਖੜ੍ਹਾ ਰਹੇਗਾ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਤਾਂ ਬੜੀ ਨਿਮਰਤਾ ਵਿੱਚ ਕਹਿ ਦਿੱਤਾ ਕਿ ਗੁਰਮੁਖ ਸਦਾ ਜਿਊਂਦੇ ਰਹਿੰਦੇ ਹਨ। ਉਹ ਤਾਂ ਆਪ ਹੀ ਨਿਰੰਕਾਰ ਸਰੂਪ ਰੱਬ ਸਨ। ਗੁਰਮੁਖ ਤੇ ਬ੍ਰਹਮ ਗਿਆਨੀਆਂ ਨੂੰ ਪੈਦਾ ਕਰਨ ਵਾਲੇ ਅਤੇ ਸਾਜਣ ਵਾਲੇ ਸਨ। ਉਨ੍ਹਾਂ ਦੀ ਅਵਸਥਾ ਦੀ ਝਲਕ ਨੂੰ ਤਾਂ ਸੰਤ ਵੀ ਲੋਚਦੇ ਹਨ। ਜਦੋਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਣ ਤਾਂ ਉੱਥੇ ਕਾਲ ਹਥ ਜੋੜ ਕੇ ਹੁਕਮ ਵਿੱਚ ਬੰਨ੍ਹਿਆਂ ਹੋਇਆ, ਇਕ ਤੁੱਛ ਸੇਵਕ ਦੇ ਤੌਰ ਤੇ ਖੜ੍ਹਾ ਨਜ਼ਰ ਆਏਗਾ। ਪਿਤਾ ਜੀ ਨੇ ਹੋਰ ਵੀ ਰਾਜ਼ ਵਾਲੀਆਂ ਗੱਲਾਂ ਦਸੀਆਂ।

ਨਿਰੰਕਾਰ ਅਤੇ ਮਾਇਆ: ਮਾਇਆ ਨਿਰੰਕਾਰ ਦਾ ਅਟੁੱਟ ਹਿੱਸਾ ਹੈ। ਜਿਸ ਤਰ੍ਹਾਂ ਨਿਰੰਕਾਰ ਬੇਅੰਤ ਹੈ ਉਸੇ ਪ੍ਰਕਾਰ ਉਸ ਦੀ ਮਾਇਆ ਵੀ ਬੇਅੰਤ ਹੈ। ਇਹ ਸਾਰੀ ਦੁਨੀਆਂ ਦੀ ਖੇਡ ਮਾਇਆ ਦੇ ਵਿੱਚ ਹੈ। ਇਕ ਤੁੱਛ ਇਨਸਾਨ, ਇਕ ਸਾਧਾਰਣ ਸਾਧਕ ਨੂੰ ਅਧਿਆਤਮਕ ਰਸਤੇ ਤੇ ਚਲਦੇ ਹੋਏ, ਸੱਚ ਦੇ ਰਸਤੇ ਤੇ ਚਲਦੇ ਹੋਏ ਪਤਾ ਨਹੀਂ ਲੱਗ ਸਕਦਾ ਕਿ ਆਪ ਨਿਰੰਕਾਰ ਵਰਤਿਆ ਹੈ ਜਾਂ ਮਾਇਆ ਵਰਤ ਰਹੀ ਹੈ ਅਤੇ ਨਾ ਹੀ ਦਰਸ਼ਨਾ ਦੀ ਸੋਝੀ ਪੈ ਸਕਦੀ ਹੈ ਕਿ ਮਾਇਆ ਵਰਤ ਰਹੀ ਹੈ।

ਸਿਰੋ ਬ੍ਰਹਮਗਿਆਨੀ ਹੀ ਸਮਝ ਸਕਦਾ ਹੈ ਕਿ ਉਹ ਆਪ (ਰੱਬ) ਵਿੱਚਰ ਰਿਹਾ ਹੈ ਜਾਂ ਮਾਇਆ ਵਿੱਚਰ ਰਹੀ ਹੈ।

ਜਦੋਂ ਦਰਸ਼ਨ ਹੋਣ ਤਾਂ ਉਨ੍ਹਾਂ ਵਿੱਚੋਂ ਸਿਖਿਆਦਾਇਕ ਚੀਜ਼ਾਂ ਹੀ ਮਨ ਵਿੱਚ ਰੱਖੋ ਬਾਕੀਆਂ ਨੂੰ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕ ਦੇਵੋ ਕਿਉਂਕਿ ਇਹ ਮਨ ਗੰਦ ਦਾ ਖੂਹ ਹੈ ਤੇ ਗੰਦ ਵਿੱਚ ਇਹ ਦਰਸ਼ਨ ਟਿੱਕ ਨਹੀਂ ਸਕਦਾ।

ਜਿਸ ਵਕਤ ਬਾਬਾ ਜੀ ਦੇ ਦਰਸ਼ਨ ਹੋਣਗੇ ਤਾਂ ਕਾਲ ਇਕ ਤੁੱਛ ਸੇਵਕ ਦੇ ਤੌਰ ਤੇ ਉਨ੍ਹਾਂ ਦੇ ਚਰਨਾਂ ਵਿੱਚ ਖੜ੍ਹਾ ਹੋਵੇਗਾ।

ਜਿਸ ਪ੍ਰਕਾਰ ਬਾਬਾ ਜੀ ਦੇ ਰੋਮ ਰੋਮ ਵਿੱਚ ਸਿਮਰਨ ਪ੍ਰਗਟ ਹੈ ਤੇ ਰੋਮ-ਰੋਮ ਵਿੱਚ ਨਾਮ ਦੀ ਜੋਤ ਜਗ-ਮਗਾ ਰਹੀ ਹੈ, ਇਸੇ ਤਰ੍ਹਾਂ ਉਨ੍ਹਾਂ ਦੇ ਪੂਰੇ ਦਰਸ਼ਨਾਂ ਵਿੱਚੋਂ ਸਿਮਰਨ ਦੀ ਜੋਤ ਦਾ ਪ੍ਰਕਾਸ਼ ਫੁੱਟ-ਫੁੱਟ ਕੇ ਸੂਰਜ ਦੀਆਂ ਕਿਰਨਾਂ ਵਾਂਗ ਬਾਹਰ ਆ ਰਿਹਾ ਹੋਵੇਗਾ।

ਇਹ ਪ੍ਰਕਾਸ਼ ਵੱਡੇ ਤੋਂ ਵਡੇ ਤਪੱਸਵੀ ਵੀ ਨਹੀਂ ਜ਼ਰ (ਸਹਾਰ) ਸਕਦੇ ਤਾਂ ਇਕ ਸਾਧਾਰਣ ਮਨੁੱਖ ਕਿਵੇਂ ਬਰਦਾਸ਼ਤ ਕਰ ਲਵੇਗਾ ਕਿਉਂਕਿ ਉਨ੍ਹਾਂ ਦਾ ਪਾਵਨ ਸਰੀਰ ਹੀ ਉਸ ਵੇਲੇ ਨਿਰਾ ਪ੍ਰਕਾਸ਼ ਹੀ ਪ੍ਰਕਾਸ਼ ਅਤੇ ਜੋਤ ਸਰੂਪ ਹੁੰਦਾ ਹੈ।

ਜਿਸ ਪ੍ਰਕਾਸ਼ ਅਤੇ ਜੋਤ ਸਰੂਪ ਅੱਗੇ ਲੱਖਾਂ ਕਰੋੜਾਂ ਸੂਰਜਾਂ ਅਤੇ ਚੰਦਰਮਾਵਾਂ ਦੀ ਰੌਸ਼ਨੀ ਮੱਧਮ ਪੈ ਜਾਂਦੀ ਹੈ।

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਕਦੇ ਆਪਣੇ ਦਰਸ਼ਨ ਕਿਉਂ ਨਹੀਂ ਦੱਸੇ ਕਿਉਂਕਿ ਉਹ ਆਪ ਹੀ ਪੂਰਨ ਦਰਸ਼ਨ ਸਨ।