ਪ੍ਰੇਮ ਯਾਦ

Humbly request you to share with all you know on the planet!

ਜਿਸ ਵਕਤ ਪਿਤਾ ਜੀ ਦੇ ਹੰਝੂਆਂ ਦੇ, ਇਸ ਘਰ ਦੇ ਵਿੱਚ ਤਜਰਬੇ ਹੋਏ ਹਨ, ਮੈਂ ਤਾਂ ਉਸ ਵਕਤ ਕਾਲਜ ਵਿੱਚ ਪੜ੍ਹਦਾ ਸੀ ਤੇ ਮੇਰੀ ਛੋਟੀ ਭੈਣ ਭੋਲਾਂ ਦਸਵੀਂ ਵਿੱਚ ਪੜ੍ਹਦੀ ਸੀ| ਪਿਤਾ ਜੀ ਮੋਗੇ ਪੁਲਿਸ ਦੇ ਮੁਖੀ ਸਨ| ਬਾਬਾ ਨੰਦ ਸਿੰਘ ਸਾਹਿਬ ਦੇਹਰਾਦੂਨ ਦੀਆਂ ਪਹਾੜੀਆਂ ਵਿੱਚ ਬਿਰਾਜਮਾਨ ਸਨ| ਗਰਮੀ ਦਾ ਮੌਸਮ ਸੀ, ਕੋਠੀ ਦੇ ਪਿੱਛਲੇ ਪਾਸੇ ਬਹੁਤ ਵੱਡਾ ਵਰਾਂਡਾ ਸੀ, ਵੇਹੜਾ ਸੀ ਤੇ ਚਾਰੇ ਪਾਸੇ ਚਾਰ ਦਿਵਾਰੀ ਸੀ| ਸਾਡੇ ਸਾਰਿਆਂ ਦੇ ਮੰਜੇ ਉੱਥੇ ਲੱਗੇ ਹੋਏ ਸਨ ਤੇ ਅਸੀਂ ਬਾਬਿਆਂ ਨੂੰ ਯਾਦ ਕਰ ਰਹੇ ਸੀ| ਪਿਤਾ ਜੀ ਨੇ ਪੂਰਨਮਾਸ਼ੀ ਤੇ ਦੇਹਰਾਦੂਨ ਬਾਬਿਆਂ ਪਾਸ ਸਾਨੂੰ ਨਾਲ ਲੈ ਕੇ ਜਾਣਾ ਸੀ ਪਰ ਕਿਸੇ ਵਜ੍ਹਾ ਕਰਕੇ ਨਾਲ ਨਹੀਂ ਲਿਜਾ ਸਕੇ| ਅਸੀਂ ਸਾਰੇ ਜਣੇ ਬਾਬਿਆਂ ਨੂੰ ਯਾਦ ਕਰ ਰਹੇ ਸਾਂ ਤੇ ਸੋਚ ਰਹੇ ਸਾਂ ਕਿ ਅਸੀਂ ਬਾਬਿਆਂ ਦੇ ਜਾ ਨਹੀਂ ਸਕੇ| ਭੋਲਾਂ ਬਾਬਿਆਂ ਵਾਸਤੇ ਬਹੁਤ ਤੜਪਦੀ ਸੀ| ਉਸਨੇ ਰੋਣਾ ਸ਼ੁਰੂ ਕਰ ਦਿੱਤਾ ਤੇ ਲਗਾਤਾਰ ਰੋਈ ਗਈ| ਫਿਰ ਮੈਨੂੰ ਵੀ ਰੋਣਾ ਆ ਗਿਆ ਤੇ ਮੈਂ ਵੀ ਬੜਾ ਰੋਇਆ| ਬਾਬਿਆਂ ਦੀ ਇਕ-ਇਕ ਚੀਜ਼ ਯਾਦ ਕਰਦੇ ਰੋਂਦੇ-ਰੋਂਦੇ ਦੂਜੇ ਤਾਂ ਸਾਰੇ ਸੌਂ ਗਏ ਪਰ ਮੈਂ ਤੇ ਮੇਰੀ ਛੋਟੀ ਭੈਣ ਭੋਲਾਂ ਅਸੀਂ ਸੌਂ ਨਾ ਸਕੇ| ਸਾਨੂੰ ਪਤਾ ਹੀ ਨਹੀਂ ਕਿ ਉਸ ਰੋਣ ਦੇ ਵਿੱਚ ਰਾਤ ਕਿਸ ਤਰ੍ਹਾਂ ਨਿਕਲ ਗਈ| ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ ਤਾਂ ਅਸੀਂ ਮਹਸੂਸ ਕੀਤਾ ਕਿ ਇਹ ਤਾਂ ਸਾਰੀ ਰਾਤ ਨਿਕਲ ਗਈ|

ਸਾਧ ਸੰਗਤ ਜੀ ਉਸ ਪਾਸੇ ਕੀ ਹੋਇਆ?

ਦੇਹਰਾਦੂਨ ਦੀਆਂ ਪਹਾੜੀਆਂ ਜਿੱਥੇ ਬਾਬਾ ਨੰਦ ਸਿੰਘ ਸਾਹਿਬ ਗਏ ਹੋਏ ਸਨ, ਅੰਮ੍ਰਿਤ ਵੇਲੇ ਹਜੂਰੀਏ ਨੇ ਪਿਤਾ ਜੀ ਨੂੰ ਆ ਕੇ ਬੁਲਾਇਆ ਕਿ ਬਾਬਾ ਨੰਦ ਸਿੰਘ ਸਾਹਿਬ ਯਾਦ ਕਰ ਰਹੇ ਹਨ| ਪਿਤਾ ਜੀ ਇਕ ਦਮ ਘਬਰਾ ਗਏ ਕਿ ਇਸ ਵੇਲੇ ਜਿਹੜਾ ਬੁਲਾਇਆ ਹੈ ਜ਼ਰੂਰ ਕੋਈ ਗੱਲ ਹੈ| ਪਿਤਾ ਜੀ ਇੱਕ ਦਮ ਭੱਜੇ ਹਨ| ਜਦੋਂ ਪਹੁੰਚੇ ਹਨ ਤਾਂ ਬਾਬਿਆਂ ਫੁਰਮਾਇਆ ਕਿ ਡਿੱਪਟੀ ਆਪਣੇ ਬੱਚਿਆਂ ਨੂੰ ਕਿਉੁਂ ਨਹੀਂ ਲੈ ਕੇ ਆਇਆ? ਬਾਬਿਆਂ ਨੇ ਜ਼ਰਾ ਰੋਹ ਵਿੱਚ ਪੁੱਛਿਆ| ਪਿਤਾ ਜੀ ਇਕ ਦਮ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਭੁੱਲ ਹੋ ਗਈ| ਬਾਬਿਆਂ ਨੇ ਫਿਰ ਪੁੱਛਿਆ ਕਿਉਂ ਨਹੀਂ ਲੈ ਕੇ ਆਇਆ? ਪਿਤਾ ਜੀ ਰੋ ਪਏ ਤੇ ਕਹਿਣ ਲੱਗੇ- ਜੀ, ਗਲਤੀ ਹੋ ਗਈ, ਮੁੜ ਕੇ ਨਹੀਂ ਹੋਵੇਗੀ| ਫੁਰਮਾਇਆ ਦੇਖ ਪੁੱਤ! ਤੇਰੇ ਬੱਚਿਆਂ ਦੀਆਂ ਕੂਕਾਂ ਨੇ ਸਾਨੂੰ ਸਾਰੀ ਰਾਤ ਭਜਨ ਨਹੀਂ ਕਰਨ ਦਿੱਤਾ| ਪਿਤਾ ਜੀ ਹੋਰ ਜ਼ੋਰ ਨਾਲ ਰੋਣ ਲੱਗ ਪਏ| ਕਿਹਾ- ਸੱਚੇ ਪਾਤਸ਼ਾਹ ਇਸ ਵਾਰ ਬਖਸ਼ ਦਿਓ ਅੱਗੇ ਤੋਂ ਭੁੱਲ ਨਹੀਂ ਹੋਏਗੀ| ਜਦੋਂ ਪਿਤਾ ਜੀ ਦੇਹਰਾਦੂਨ ਤੋਂ ਵਾਪਿਸ ਆਏ ਤਾਂ ਸੱਭ ਤੋਂ ਪਹਿਲੀ ਗੱਲ ਪਿਤਾ ਜੀ ਨੇ ਇਹੀ ਸੁਣਾਈ| ਪਿਤਾ ਜੀ ਨੇ ਵਕਤ ਵੀ ਉਹੀ ਦੱਸਿਆ ਜਿਸ ਵਕਤ ਅਸੀਂ ਰੋ ਰਹੇ ਸੀ|

ਪਿਤਾ ਜੀ ਦੀ ਇਹ ਗੱਲ ਸੁਣਕੇ ਭੋਲਾਂ ਨੇ ਚੀਕਾਂ ਮਾਰਕੇ ਰੋਣਾ ਸ਼ੁਰੂ ਕਰ ਦਿੱਤਾ| ਇੱਦਾਂ ਦਾ ਪਿਆਰ ਕਰਦੀ ਸੀ ਬਾਬਾ ਨੰਦ ਸਿੰਘ ਸਾਹਿਬ ਨਾਲ| ਇਕ ਦਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਜਾ ਕੇ ਵਾਜਾ ਚੁੱਕ ਲਿਆਈ ਅਤੇ ਕੀਰਤਨ ਸ਼ੁਰੂ ਕਰ ਦਿੱਤਾ| (ਬਾਬਿਆਂ ਦੇ ਹੁਕਮ ਨਾਲ ਹੀ ਇਨ੍ਹਾਂ ਨੂੰ ਕੀਰਤਨ ਸਿਖਾਇਆ ਗਿਆ ਸੀ) ਭੋਲਾਂ ਪੜ੍ਹ ਕੀ ਰਹੀ ਹੈ-

ਬਾਬਾ ਨੰਦ ਸਿੰਘ ਜੀ ਮੇਰਾ ਤਾਂ ਸਭ ਕੁਝ ਤੁਹੀਓ ਤੂੰ||

ਫਿਰ ਕਿਸ ਤਰ੍ਹਾਂ ਰੋ ਕੇ ਕੀਰਤਨ ਕਰ ਰਹੀ ਸੀ ਤੇ ਬਾਬਾ ਨੰਦ ਸਿੰਘ ਸਾਹਿਬ ਨੂੰ ਯਾਦ ਕਰ ਰਹੀ ਸੀ| ਬਾਬਾ ਨੰਦ ਸਿੰਘ ਸਾਹਿਬ ਦੇਹਰਾਦੂਨ ਤੋਂ ਵਾਪਿਸ ਆ ਗਏ| ਕੱਚਾ ਠਾਠ ਸੀ| ਸਾਰੇ ਹੀ ਬਾਬਾ ਨੰਦ ਸਿੰਘ ਸਾਹਿਬ ਦੀ ਕੁਟੀਆਂ ਆਖਦੇ ਸਨ| ਸਾਰੇ ਬੱਚਿਆਂ ਨੂੰ ਲੈ ਕੇ ਪਿਤਾ ਜੀ ਬਾਬਿਆਂ ਦੇ ਠਾਠ ਤੇ ਪਹੁੰਚੇ| ਸ਼ਾਮ ਦਾ ਵਕਤ ਸੀ, ਛੋਟੇ ਠਾਠ ਦੇ ਵਿੱਚ ਰਾਗੀ ਕੀਰਤਨ ਕਰ ਰਹੇ ਸਨ| ਬਾਬਾ ਨੰਦ ਸਿੰਘ ਸਾਹਿਬ ਆਪਣੇ ਨਿਮਰਤਾ ਦੇ ਆਸਨ ਤੇ ਬਿਰਾਜਮਾਨ ਸਨ| ਦਾਸ, ਪਿਤਾ ਜੀ ਨਾਲ ਰਾਗੀਆਂ ਦੀ ਲਾਈਨ ਵਿੱਚ ਹੀ ਬੈਠ ਗਿਆ ਅਤੇ ਭੋਲਾਂ ਜਿੱਥੇ ਬੀਬੀਆਂ ਬੈਠਦੀਆਂ ਸਨ ਉੱਥੇ ਬੈਠ ਗਈ| ਕੀਰਤਨ ਦਾ ਭੋਗ ਪਿਆ ਹੈ| ਬਾਬਾ ਨੰਦ ਸਿੰਘ ਸਾਹਿਬ ਦੇ ਪਾਵਨ ਬਚਨਾਂ ਦਾ ਵਕਤ ਆ ਗਿਆ| ਬਾਬਾ ਜੀ ਨੇ ਆਪਣੇ ਪਾਵਨ ਨੇਤਰ ਖੋਲ੍ਹੇ ਹਨ| ਪਹਿਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਨਾਨਕ ਪਾਤਸ਼ਾਹ ਵੱਲ ਵੇਖ ਕੇ ਨਮਸਕਾਰ ਕੀਤੀ| ਉਸਦੇ ਬਾਅਦ ਰਾਗੀਆਂ ਵੱਲ ਨਦਰ ਕਰਦੇ ਹੋਏ ਸਿੱਧਾ ਦਾਸ ਵੱਲ ਦੇਖਿਆ| ਜਦੋਂ ਦਾਸ ਨੇ ਵੇਖਿਆ ਤਾਂ ਦਾਸ ਕੰਬ ਗਿਆ| ਇਕ ਦਮ ਦਿਲ 'ਚ ਖਿਆਲ ਆਇਆ ਕਿ ਸਾਡੇ ਕੋਲੋਂ ਬਾਬਿਆਂ ਦੇ ਭਜਨ ਵਿੱਚ ਵਿਘਨ ਪਿਆ ਹੈ|

ਬਾਬਿਆਂ ਨੇ ਵੇਖਦੇ ਸਾਰ ਹੀ ਫੁਰਮਾਇਆ ਕਿ- ਪ੍ਰੇਮ ਯਾਦ ਕੀ ਹੁੰਦੀ ਹੈ?

ਬੇਬੇ ਨਾਨਕੀ ਆਪਣੇ ਵੀਰ ਨੂੰ ਤਾਰਾਂ ਭੇਜਦੀ ਸੀ? ਕੋਈ ਚਿੱਠੀਆਂ ਲਿਖਦੀ ਸੀ?
ਫੁਰਮਾਇਆ ਕਿ ਕੋਈ ਤਾਰ ਨਹੀਂ ਸੀ, ਕੋਈ ਚਿੱਠੀ ਨਹੀਂ ਸੀ| ਪ੍ਰੇਮ ਯਾਦ ਕੀ ਕਮਾਲ ਕਰਦੀ ਹੈ? ਬੇਬੇ ਨਾਨਕੀ ਮਿੱਸੇ ਪਰਸ਼ਾਦੇ ਬਣਾ ਰਹੀ ਹੈ, ਰੋਣਾ ਨਿਕਲ ਆਇਆ, ਹੰਝੂ ਵਹਿਨੇ ਸ਼ੁਰੂ ਹੋ ਗਏ| ਕਹਿ ਰਹੀ ਹੈ ਕਿ ਵੀਰਾ ਤੂੰ ਇੰਨੀ ਦੇਰ ਲਗਾ ਦਿੱਤੀ, ਤੂੰ ਆ ਕੇ ਛੱਕ ਇੰਨ੍ਹਾਂ ਨੂੰ| ਪਿਆਰ ਨਾਲ ਯਾਦ ਕੀਤਾ ਹੈ ਉਸੇ ਵਕਤ ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ ਮਰਦਾਨਿਆਂ ਅੱਖਾਂ ਮੀਚ, ਭੈਣ ਯਾਦ ਕਰ ਰਹੀ ਹੈ, ਬੋਲ ਮਰਦਾਨਿਆਂ ਸਤ ਕਰਤਾਰ| ਜਦੋਂ ਮਰਦਾਨੇ ਨੇ ਅੱਖਾਂ ਖੋਲ੍ਹੀਆਂ ਤਾਂ ਦਰਵਾਜ਼ੇ ਦੇ ਬਾਹਰ ਖੜ੍ਹੇ ਹਨ ਦਰਵਾਜ਼ਾ ਖਟਖਟਾ ਰਹੇ ਹਨ ਅਤੇ ਆਖਿਆ ਭੈਣ ਦਰਵਾਜ਼ਾ ਖੋਲ੍ਹ | ਬੇਬੇ ਨਾਨਕੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ| ਫੁਰਮਾਇਆ- ਲਿਆ ਭੈਣ ਪਰਸ਼ਾਦੇ ਭੁੱਖ ਬਹੁਤ ਲੱਗੀ ਹੈ| ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ ਕਿ ਉਸ ਵਕਤ ਉਹਨੂੰ ਕੋਈ ਤਾਰਾਂ ਭੇਜੀਆਂ ਸੀ|

ਸੱਭ ਤੋਂ ਅਗਰ ਕੋਈ ਤੇਜ਼ ਚੀਜ਼ ਹੈ, ਬਿਜਲੀ ਤੋਂ ਵੀ ਅਗਰ ਕੋਈ ਤੇਜ ਚੀਜ਼ ਹੈ ਤਾਂ ਉਹ ਪ੍ਰੇਮ ਯਾਦ ਹੈ ਅਤੇ ਉਹ ਪ੍ਰੇਮ ਯਾਦ ਇਕ ਦਮ ਪਹੁੰਚਦੀ ਹੈ|

ਭੋਲਾਂ ਉੱਥੇ ਬੈਠੀ ਬੈਠੀ ਬੜੀ ਰੋਈ| ਸਾਧ ਸੰਗਤ ਜੀ ਜਿਨ੍ਹਾਂ ਦਾ ਦਿਨ ਮਨਾ ਰਹੇ ਹਾਂ ਉਨ੍ਹਾਂ ਨੂੰ ਪਿਆਰ ਕਰਨ ਦਾ ਇੱਕੋ ਹੀ ਤਰੀਕਾ ਹੈ ਅਤੇ ਉਹ ਹੈ ਹੰਝੂ| ਘਰ ਜਾ ਕੇ ਭੋਲਾਂ ਨੇ ਇਸ ਸ਼ਬਦ ਦੀ ਫਿਰ ਇਕ ਵਾਰੀ ਗੂੰਝ ਪਾਈ|

ਬਾਬਾ ਨੰਦ ਸਿੰਘ ਜੀ ਮੇਰਾ ਤਾਂ ਸੱਭ ਕੁਝ ਤੁਹੀਓ ਤੂੰ||
ਗੁਰੂ ਨਾਨਕ ਦਾਤਾ ਬਖਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥