ਗੁਰੂ ਨਾਨਕ ਪਾਤਸ਼ਾਹ ਕਿਸ ਚੀਜ਼ ਤੇ ਤੁੱਠਦੇ ਹਨ ?
ਅੱਜ ਮੇਰੇ ਸਰਤਾਜ, ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਉਤਸਵ ਹੈ| ਜਿਹੜੀ ਉਨ੍ਹਾਂ ਦੀ ਪ੍ਰਸੰਨਤਾ, ਉਨ੍ਹਾਂ ਦੀ ਖੁਸ਼ੀ ਜਿਸ ਚੀਜ਼ ਤੇ ਉਹ ਤੁੱਠੇ ਹਨ| ਗੁਰੂ ਅਮਰਦਾਸ ਜੀ ਦੀਆਂ ਖੁਸ਼ੀਆਂ ਜੋ ਪੂਜਯ ਪਿਤਾ ਜੀ (ਬਾਬਾ ਨਰਿੰਦਰ ਸਿੰਘ) ਨੇ ਪ੍ਰਾਪਤ ਕੀਤੀਆਂ ਹਨ, ਉਹ ਖੁਸ਼ੀਆਂ ਸਦੀਵੀ ਹਨ, ਅਟਲ ਹਨ, ਨਿਹਚਲ ਹਨ, ਥਿਰ ਹਨ ਅਤੇ ਪਿਤਾ ਜੀ ਦਾ ਸਦਕਾ ਵਰਸਦੀਆਂ ਰਹਿਣਗੀਆਂ| ਫਿਰ ਉਹ ਕਿਸ ਤਰ੍ਹਾਂ ਉਨ੍ਹਾਂ ਨੇ ਪ੍ਰਾਪਤ ਕੀਤੀਆਂ ਹਨ?
1979 ਵਿੱਚ ਜਿਸ ਵਕਤ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦੀ 500 ਸਾਲਾ ਸ਼ਤਾਬਦੀ ਆਈ ਹੈ ਕੁੱਝ ਦਿਨ ਪਹਿਲੋਂ ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਚੋਂ ਪਿਤਾ ਜੀ ਬਾਹਰ ਨਿਕਲੇ ਹਨ ਤਾਂ ਉਨ੍ਹਾਂ ਦਸਿਆ ਕਿ ਬਾਬਾ ਨੰਦ ਸਿੰਘ ਸਾਹਿਬ ਦਾ ਹੁਕਮ ਹੋਇਆ ਹੈ ਕਿ ਪੁੱਤ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ-ਕਮਲਾਂ ਵਿੱਚ ਇਕੋਤਰ ਸੌ (101) ਅਖੰਡਪਾਠ ਕਰਵਾ ਦਿਓ| ਪਿਤਾ ਜੀ ਨੇ ਫੁਰਮਾਇਆ ਕਿ ਪੁੱਤ ਇੱਕ ਦਮ ਤਿਆਰੀਆਂ ਕਰੋ|
ਉਨ੍ਹਾਂ ਦੀ ਸ਼ਤਾਬਦੀ ਵਾਲੇ ਦਿਨ ਦੋ ਪੁਲਿਸ ਬੈਂਡ (ਪਾਈਪਰ ਤੇ ਬਰਾਸ) ਅਤੇ ਇੱਕ ਮਿਲਟਰੀ ਬੈਂਡ ਲੈਕੇ ਅਸੀਂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਏ|
ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਗੁਰੂ ਨਾਨਕ ਨਿਰੰਕਾਰ ਦੇ ਚਰਨ ਕਮਲਾਂ ਵਿੱਚ ਪਹੁੰਚਦੇ ਹਨ| ਨਾਨਕ ਤਪਾ ਨੂੰ ਲੱਭਦੇ ਲੱਭਦੇ ਉਨ੍ਹਾਂ ਦੇ ਘਰ ਪਹੁੰਚ ਗਏ| ਅਖ਼ੀਰ ਤੇ ਕਮਾਲ ਹੋ ਗਈ ਜਿਸ ਤਰ੍ਹਾਂ ਉਨ੍ਹਾਂ ਨੇ ਨਿਰੰਕਾਰ ਦੀ ਪ੍ਰਸਨੰਤਾ ਨੂੰ ਪ੍ਰਾਪਤ ਕੀਤਾ ਹੈ| ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇਖ ਰਹੇ ਹਨ|
ਗੁਰੂ ਨਾਨਕ ਪਾਤਸ਼ਾਹ ਬੈਠੇ ਹਨ| ਸਾਰੀ ਸੰਗਤ ਚਰਨਾਂ ਵਿੱਚ ਬੈਠੀ ਹੈ ਅਤੇ ਗੁਰੂ ਅੰਗਦ ਸਾਹਿਬ ਜੀ ਵੀ ਮਸਤੀ ਵਿੱਚ ਬੈਠੇ ਹਨ| ਗੁਰੂ ਨਾਨਕ ਨਿਰੰਕਾਰ ਆਪਣੀ ਗੱਦੀ ਤੋਂ ਉੱਠੇ ਹਨ, ਜਾ ਕੇ ਬੇ-ਬਸ ਹੋ ਕੇ ਸਾਰੀ ਸੰਗਤ ਦੇ ਸਾਮ੍ਹਣੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਢਹਿ ਪੈਂਦੇ ਹਨ| ਜਿਸ ਵਕਤ ਆਪਣਾ ਮਸਤਕ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਰੱਖ ਕੇ ਫਿਰ ਜਿਸ ਤਰ੍ਹਾਂ ਉਨ੍ਹਾਂ ਨੂੰ ਪਿਆਰ ਕਰਦੇ ਹਨ| ਪਰ ਉਸ ਵੇਲੇ ਗੁਰੂ ਅੰਗਦ ਸਾਹਿਬ ਵੱਲੋਂ ਜੋ ਪ੍ਰਤਿਕਰਣ ਸੀ ਉਹ ਕਮਾਲ ਸੀ| ਗੁਰੂ ਅੰਗਦ ਸਾਹਿਬ ਜੀ ਤੜਪ ਉੱਠੇ ਕਿ ਮੇਰੇ ਨਿਰੰਕਾਰ ਮੇਰੇ ਹੀ ਪੈਰਾਂ ਉੱਤੇ ਮੱਥਾ ਟੇਕ ਰਹੇ ਹਨ|
ਜਿਸ ਤਰ੍ਹਾਂ ਦੀ ਤੜਪ ਉਹ ਸੀ ਉਸਨੂੰ ਸਿਰਫ਼ ਪਿਤਾ ਜੀ ਹੀ ਬਿਆਨ ਕਰ ਸਕਦੇ ਹਨ ਕਿਉਂਕਿ ਉਹੀ ਤੜਪ ਪਿਤਾ ਜੀ ਵਿੱਚ ਦੇਖੀ ਜਿਸ ਵਕਤ ਬਾਬਾ ਨੰਦ ਸਿੰਘ ਸਾਹਿਬ ਖੇਡ ਵਰਤਾ ਗਏ ਸਨ|
ਜਿਸ ਵਕਤ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਤੜਪੇ ਹਨ ਅਤੇ ਹੈਰਾਨ ਹਨ ਕਿ ਗੁਰੂ ਨਾਨਕ ਪਾਤਸ਼ਾਹ ਉਸ ਪਿਆਰ ਦੇ ਵਿੱਚ ਸੱਭ ਕੁਝ ਬਖਸ਼ ਰਹੇ ਹਨ| ਫੁਰਮਾਇਆ ਕਿ ਹੁਣ ਸਾਡੀ ਜਗ੍ਹਾ ਤੁਸੀਂ ਹੋ| ਤੁਹਾਡੀ ਸੇਵਾ ਸਾਡੀ ਸੇਵਾ ਹੈ| ਜਿਸ ਵਕਤ ਇਸ ਤਰ੍ਹਾਂ ਦੇ ਵਰ ਦੇ ਰਹੇ ਹਨ ਉਸ ਵਕਤ ਰੋਂਦੇ ਹੋਏ ਗੁਰੂ ਅੰਗਦ ਸਾਹਿਬ ਹੋਰ ਸੱਭ ਕੁਝ ਭੁੱਲ ਗਏ ਹਨ ਕਿ ਇਹ ਕੀ ਕਹਿ ਰਹੇ ਹਨ ਤੇ ਆਪਣੇ ਪੈਰਾਂ ਨੂੰ ਕੋੜ੍ਹ ਹੋਣ ਦਾ ਸਰਾਪ ਦੇ ਰਹੇ ਹਨ ਕਿ ਜਿਨ੍ਹਾਂ ਦੇ ਉੱਤੇ ਮੇਰੇ ਨਿਰੰਕਾਰ ਸਤਿਗੁਰੂ ਨੇ ਮਸਤਕ ਰੱਖਿਆ ਹੈ ਤੁਹਾਨੂੰ ਕੋੜ੍ਹ ਹੋ ਜਾਏ|
ਉਸ ਵੇਲੇ ਗੁਰੂ ਅੰਗਦ ਸਾਹਿਬ ਨੂੰ ਕਿਹੜੀ ਚੀਜ਼ ਦੀ ਠੇਸ ਪਹੁੰਚੀ ਸੀ| ਕਿਹੜੀ ਚੀਜ਼ ਦੀ ਤੜਪ ਉੱਠੀ ਸੀ| ਉਹੀ ਗੁਰੂ ਨਾਨਕ ਨਿਰੰਕਾਰ ਦੀ ਬਾਣੀ ਜਿਹਦੇ ਉੱਤੇ ਗੁਰੂ ਅੰਗਦ ਸਾਹਿਬ ਪੂਰਨੇ ਪਾ ਰਹੇ ਸੀ ਉਸ ਬਾਣੀ ਦਾ ਸਦਕਾ ਉਹਦੇ ਵਿੱਚ ਸੱਭ ਕੁਝ ਲਈ ਬੈਠੇ ਸੀ|
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ||
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ||
ਜਿੱਥੋਂ ਤਕ ਭਾਵਨਾ, ਪਿਆਰ ਅਤੇ ਸਤਿਕਾਰ ਦਾ ਤਾਲੁਕ ਹੈ ਉਹਦੀ ਤਾਂ ਸ੍ਰੀ ਗੁਰੂ ਅੰਗਦ ਸਾਹਿਬ ਵਿੱਚ ਕਮੀ ਨਹੀਂ ਸੀ| ਉਹ ਤਾਂ ਨਿਰੰਕਾਰ ਦ੍ਰਿਸ਼ਟਿ ਨਿਰੰਕਾਰ ਭਾਵਨਾ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਪੂਜਦੇ ਸਨ| ਉਨ੍ਹਾਂ ਵਾਸਤੇ ਗੁਰੂ ਨਾਨਕ ਪਾਤਸ਼ਾਹ ਤੋਂ ਇਲਾਵਾ ਹੋਰ ਕੋਈ ਨਿਰੰਕਾਰ ਨਹੀਂ ਸੀ | ਉਨ੍ਹਾਂ ਦਾ ਇਕ ਓਅੰਕਾਰ (ੴ) ਗੁਰੂ ਨਾਨਕ ਹੀ ਸੀ|
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ||
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-
ਇਹ ੴ ਤੋਂ ਗੁਰ ਪ੍ਰਸਾਦਿ ਤਕ, ਜੋ ਗੁਰੂ ਨਾਨਕ ਪਾਤਸ਼ਾਹ ਨੂੰ ਆਇਆ ਹੈ ਇਹ ਨਿਰੰਕਾਰ ਦਾ, ੴ ਦਾ ਨਿਰਗੁਣ ਸਰੂਪ ਹੈ ਅਤੇ ਇਸ ਸਰੂਪ ਦਾ ਜਿਹੜਾ ਸ਼ੁਕਰਾਨਾ ਕੀਤਾ ਹੈ ਉਹ ਅੱਗੇ ਹੈ-
ਆਦਿ ਸਚੁ ਜੁਗਾਦਿ ਸਚੁ|| ਹੈ ਭੀ ਸਚੁ ਨਾਨਕ ਹੋਸੀ ਭੀ ਸਚੁ||
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ ‘ਗੁਰ ਪ੍ਰਸਾਦਿ’ ਤਕ ਨਿਰਗੁਣ ਸਰੂਪ ਹੈ ਪਰ ਜਿਸ ਵਕਤ ਵੀ ੴ ਜਿਹੜਾ ਨਿਰਾਕਾਰ ਹੈ ਜਿਸਦਾ ਕੋਈ ਸਰੂਪ ਨਹੀਂ, ਕੋਈ ਨਾਮ ਨਹੀਂ| ਜਦੋਂ ਵੀ ਸੰਸਾਰ ਵਿੱਚ ਕਿਸੇ ਕੰਮ ਵਾਸਤੇ ਆਉਂਦਾ ਹੈ, ਕਿਸੇ ਮਿਸ਼ਨ ਵਾਸਤੇ ਆਉਂਦਾ ਹੈ....... ਜਿਸ ਤਰ੍ਹਾਂ ਦਸਮੇਸ਼ ਪਿਤਾ ਜੀ ਫੁਰਮਾਉਂਦੇ ਹਨ-
ਚੁਭੀ ਰਹੀ ਸ੍ਰਤਿ ਪ੍ਰਭ ਚਰਨਨ ਮਹ||
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ||
ਇਮ ਕਹਿਕੈ ਇਹ ਲੋਕ ਪਠਾਯੋ||
ਮੈਂ' ਅਪਨਾ ਸੁਤ ਤੁਹਿ ਨਿਵਾਜਾ||
ਪੰਥ ਪ੍ਰਚੁਰ ਕਰਬੇ ਕਉ ਸਾਜਾ||
ਜਹਾ ਤਹਾ ਤੈ ਧਰਮੁ ਚਲਾਇ||
ਕਬੁਧਿ ਕਰਨ ਤੇ ਲੋਕ ਹਟਾਇ||
ਤਉ ਨਾਨਕ ਮੋਖੰਤਰੁ ਪਾਏ||
ਭਾਵਨਾ ਅਤੇ ਪ੍ਰੇਮ ਦੇ ਨਾਲ ਨਿਮਰਤਾ-ਗਰੀਬੀ ਤੇ ਨੀਚਤਾ ਅਵੱਸ਼ ਹੋਣੀ ਚਾਹੀਦੀ ਹੈ|
ਗੁਰੂ ਨਾਨਕ ਪਾਤਸ਼ਾਹ ਦੇ ਫੁਰਮਾਣਾਂ ਨੂੰ ਮੇਰੇ ਗੁਰੂ ਅੰਗਦ ਸਾਹਿਬ ਅੰਦਰ ਵਸਾਈ ਬੈਠੇ ਸਨ ਅਤੇ ਉਨ੍ਹਾਂ ਫੁਰਮਾਣਾਂ ਦੀ ਗਹਿਰਾਈ ਤੇ ਤਹਿ ਤਕ ਪਹੁੰਚ ਕੇ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਦਾ ਪ੍ਰਤੱਖ ਸਰੂਪ ਬਣ ਚੁੱਕੇ ਸਨ| ਉਸ ਵਕਤ ਗੁਰੂ ਨਾਨਕ ਪਾਤਸ਼ਾਹ ਬੇ-ਬਸ ਹੋ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਢਹਿ ਪੈਂਦੇ ਹਨ|
ਜਿਸ ਵਕਤ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦੇ ਗੁਰੂ ਅੰਗਦ ਸਾਹਿਬ ਨੇ ਚਰਨ ਫੜੇ ਹਨ, ਉਨ੍ਹਾਂ ਚਰਨਾਂ ਦਾ ਆਪਣੇ ਹੰਝੂਆਂ ਨਾਲ ਇਸ਼ਨਾਨ ਕਰਾ ਰਹੇ ਹਨ| ਜਦੋਂ ਆਪਣੇ ਹੰਝੂਆਂ ਨਾਲ ਗੁਰੂ ਅਮਰਦਾਸ ਜੀ ਦੇ ਚਰਨ ਫੜ ਕੇ ਧੋ ਰਹੇ ਹਨ, ਪਿਆਰ ਕਰ ਰਹੇ ਹਨ ਤੇ ਚੁੰਮ ਰਹੇ ਹਨ ਉਸ ਵੇਲੇ ਗੁਰੂ ਅਮਰਦਾਸ ਜੀ ਦੀ ਕੀ ਅਵਸਥਾ ਸੀ?
ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਸਾਹਿਬ ਦੇ ਸਾਮ੍ਹਣੇ ਹਥ ਜੋੜ ਕੇ ਖੜ੍ਹੇ ਹਨ| ਫੁਰਮਾਇਆ ਹੁਣ ਤੁਸੀਂ ਸਭ ਕੁਝ ਆਪ ਹੋ, ਸਰਬਕਲਾਂ ਸਮਰਥ ਹੋ| ਜੋ ਵੀ ਮੁੱਖੋਂ ਕਹੋਂਗੇ ਉਹ ਅਟਲ ਹੈ, ਉਹ ਟਲ ਨਹੀਂ ਸਕਦਾ| ਜੋ ਤੁਸੀਂ ਮੁੱਖੋਂ ਬਚਨ ਕਰ ਦਿੱਤਾ ਅਸੀਂ ਉਸਨੂੰ ਟਾਲ ਨਹੀਂ ਸਕਦੇ| ਅਸੀਂ ਸੰਕੋਚ ਜਰੂਰ ਦਿੰਦੇ ਹਾਂ ਕਿ ਇਹ ਕੋੜ੍ਹ ਦਾ ਸਰਾਪ ਜਿਹੜਾ ਤੁਸੀਂ ਆਪਣੇ ਆਪ ਨੂੰ ਦਿੱਤਾ ਹੈ ਤੁਹਾਡੇ ਇਕ ਅੰਗੂਠੇ ਥਾਣੀ ਹੋ ਕੇ ਵਰਤਦਾ ਰਹੇਗਾ| ਫਿਰ ਉਹ ਕੋੜ੍ਹ ਇਕ ਅੰਗੂਠੇ ਵਿੱਚੋਂ ਸ਼ੁਰੂ ਹੋ ਗਿਆ ਹੈ| ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੇ ਬਾਰਾਂ ਸਾਲ ਜਿਸ ਤਰ੍ਹਾਂ ਸੇਵਾ ਕੀਤੀ ਹੈ ਬਾਬਾ ਨੰਦ ਸਿੰਘ ਸਾਹਿਬ ਫੁਰਮਾਇਆ ਕਰਦੇ ਸਨ ਕਿ ਜਿਸ ਵਕਤ ਵੀ ਗੁਰੂ ਅੰਗਦ ਸਾਹਿਬ ਨੇ ਆਰਾਮ ਕਰਨਾ ਉਸ ਵੇਲੇ ਉਨ੍ਹਾਂ ਦੇ ਚਰਨ ਦਬਾਉਂਦੇ ਹੋਏ ਉਸ ਅੰਗੂਠੇ ਨੂੰ ਆਪਣੇ ਮੁੱਖ ਵਿੱਚ ਪਾ ਲੈਣਾ ਫਿਰ ਉਸ ਪਾਕ ਤੇ ਖੂਨ ਨੂੰ ਚੂਸਦੇ ਰਹਿਣਾ| ਫਿਰ ਬੇਨਤੀ ਕੀ ਕਰਦੇ ਸਨ ਕਿ ਸੱਚੇ ਪਾਤਸ਼ਾਹ ਇਹ ਆਪਣੀ ਸਾਰੀ ਤਕਲੀਫ, ਇਹ ਸਾਰੀ ਚੀਜ਼ ਜਿਹੜੀ ਤੁਸੀਂ ਆਪਣੇ ਉੱਤੇ ਲਈ ਹੋਈ ਹੈ, ਇਹ ਕੋੜ੍ਹ ਸਾਰਾ ਇਸ ਨਿਮਾਣੇ ਗਰੀਬ ਨੂੰ ਬਖ਼ਸ਼ ਦਿਓ| ਹੁਣ ਦੇਖੋ! ਉਨ੍ਹਾਂ ਦਾ ਨਿਮਰਤਾ ਤੇ ਗਰੀਬੀ ਦਾ ਪ੍ਰਕਾਸ਼ ਕਿੱਥੋਂ ਤਕ ਜਾ ਰਿਹਾ ਹੈ|
ਇਕ ਵਾਰੀ ਸੋਚ ਕੇ ਦੇਖੀਏ ਕਿ
ਗੁਰੂ ਅੰਗਦ ਸਾਹਿਬ ਨੂੰ ਅਗਰ ਕੋਈ ਠੇਸ ਪਹੁੰਚਦੀ ਹੈ ਤਾਂ ਉਨ੍ਹਾਂ ਦੇ ਉਸ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਨੂੰ ਪਹੁੰਚਦੀ ਹੈ| ਪਰ ਸਾਨੂੰ ਜਦੋਂ ਵੀ ਕੋਈ ਠੇਸ ਪਹੁੰਚਦੀ ਹੈ ਤਾਂ ਸਾਡੇ 'ਮਾਣ' ਨੂੰ ਪਹੁੰਚਦੀ ਹੈ| ਸਾਡੀ 'ਹਉਮੈਂ'' ਨੂੰ, ਸਾਡੀ ਵਡਿਆਈ ਨੂੰ, ਸਾਡੀ ਉੱਚਤਾ ਨੂੰ ਪਹੁੰਚਦੀ ਹੈ ਜੇ ਸਾਨੂੰ ਕੋਈ ਨੀਚ ਕਹਿ ਦੇਵੇ|
ਗੁਰੂ ਅਮਰਦਾਸ ਜੀ ਨੇ ਕੀ ਲਿਆ ਸੀ ਅਤੇ ਕਿਹੜਾ ਨਿਮਰਤਾ-ਗਰੀਬੀ ਤੇ ਨੀਚਤਾ ਦਾ ਪ੍ਰਕਾਸ਼ ਉਨ੍ਹਾਂ ਨੇ ਪਿਤਾ ਜੀ ਨੂੰ ਬਖਸ਼ਿਆ ਜਿਨ੍ਹਾਂ ਦੀ ਬਦੌਲਤ ਅਸੀਂ ਸਭ ਚੀਜਾਂ ਸਿੱਖ ਰਹੇ ਹਾਂ| ਇਹ ਸਿੱਖਿਆ ਜਿਹੜੀ ਗੁਰੂ ਨਾਨਕ ਪਾਤਸ਼ਾਹ ਬਖਸ਼ ਕੇ ਗਏ ਹਨ ਇਹ ਉਨ੍ਹਾਂ ਦੀ ਪ੍ਰਸਨੰਤਾ ਦਾ ਮੂਲ ਹੈ|
ਬਾਬਾ ਨਾਨਕ ਬਖਸ਼ ਲੈ॥