ਗੁਰਮੁੱਖ ਦੀ ਸੁਗੰਧੀ, ਗੁਰਮੁੱਖ ਦੀ ਖ਼ੂਬਸੁਰਤੀ ਕੀ ਹੈ?

Humbly request you to share with all you know on the planet!

ਗੁਰਮੁੱਖ ਦੀ ਸੁਗੰਧੀ ਕੀ ਹੈ ?

ਗੁਰਮੁੱਖ ਦਾ ਤੇਜ, ਪ੍ਰਕਾਸ਼, ਗੁਰਮੁੱਖ ਦੀ ਖ਼ੂਬਸੂਰਤੀ ਕੀ ਹੈ ?

ਗੁਰਮੁੱਖ ਦੀ ਭਾਵਨਾ ਨੂੰ ਕਿਸ ਪ੍ਰਕਾਰ ਫਲ ਲੱਗਦੇ ਹਨ?

ਪਿਤਾ ਜੀ ਇਹ ਦਸਦੇ ਹੋਏ ਅੱਗੇ ਕਹਿਣ ਲੱਗੇ-

ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਦੀ ਸੁਗੰਧੀ ਨਿਮਰਤਾ ਹੈ, ਗਰੀਬੀ ਹੈ ਇਸੇ ਤਰ੍ਹਾਂ ਗੁਰਮੁੱਖ ਦੀ ਸੁਗੰਧੀ ਨਿਮਰਤਾ ਹੈ, ਗਰੀਬੀ ਹੈ।
 
ਪ੍ਰੇਮ ਇੱਕ ਐਸਾ ਤੱਤ ਹੈ ਜਿਹੜਾ ਅਭੰਗ ਹੈ, ਅਖੰਡ ਹੈ, ਅਤੁੱਟ ਹੈ, ਅਬਿਨਾਸ਼ੀ ਹੈ, ਅਟੱਲ ਹੈ ਜਿਸਦਾ ਪਤਨ ਕਦੇ ਨਹੀਂ ਹੁੰਦਾ।
ਸਾਚੀ ਪ੍ਰੀਤਿ ਨ ਤੁਟਈ ਪਿਆਰੇ
ਜੁਗੁ ਜੁਗੁ ਰਹੀ ਸਮਾਇ॥
....ਕਦੇ ਨਹੀਂ ਤੁੱਟਦੀ, ਇਹ ਸੱਚਾ ਪ੍ਰੇਮ ਕਦੇ ਭੰਗ ਨਹੀਂ ਹੁੰਦਾ।

ਜਿਹੜੀ ਭਾਵਨਾ ਗੁਰਮੁੱਖ ਆਪਣੇ ਗੁਰੂ ਪਾਰਬ੍ਰਹਮ ਵਾਸਤੇ ਲਈ ਬੈਠਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਲਈ ਬੈਠਾ ਹੈ, ਗੁਰੂ ਨਾਨਕ ਪਾਤਸ਼ਾਹ ਤੇ ਲਈ ਬੈਠਾ ਹੈ ਉਹ ਕਿਹੜੀ ਨਿਰੰਕਾਰ ਭਾਵਨਾ, ਨਿਰੰਕਾਰ ਦ੍ਰਿਸ਼ਟੀ ਹੈ। ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਪਾਸ ਜਿਹੜਾ ਵੀ ਜਿਸ ਭਾਵਨਾ ਨਾਲ ਗਿਆ ਹੈ ਉਸਦੀ ਭਾਵਨਾ ਨੂੰ ਉਸੇ ਤਰ੍ਹਾਂ ਹੀ ਭਾਗ ਲੱਗੇ ਹਨ।

ਜਿਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖ ਹੋਇ॥ ਚਹੁ ਜੁਗਿ ਸੋਭਾ ਨਿਰਮਲ ਜਨੁ ਸੋਇ॥
ਨਾਨਕ ਗੁਰਮੁਖਿ ਵਿਰਲਾ ਕੋਇ॥
ਸ੍ਰੀ ਗੁਰੂ ਅਰਮਰਦਾਸ ਜੀ
ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲ ਪਾਏ ਕੋਇ॥
ਸ੍ਰੀ ਗੁਰੂ ਰਾਮ ਦਾਸ ਜੀ

ਇੱਕ ਗੁਰਮੁੱਖ ਦੀ ਨਿਰੰਕਾਰ ਦ੍ਰਿਸ਼ਟੀ, ਨਿਰੰਕਾਰ ਭਾਵਨਾ ਨੂੰ ਫਿਰ ਜਿਸ ਤਰ੍ਹਾਂ ਭਾਗ ਲੱਗਦੇ ਹਨ... ਫਿਰ ਪਿਤਾ ਜੀ ਕਹਿਣ ਲੱਗੇ-

ਉਹ ਗੁਰਮੁੱਖ ਜਿਸ ਪਾਸੇ ਦੀ ਨਿਕਲ ਜਾਂਦਾ ਹੈ ਉਸ ਧਰਤੀ ਨੂੰ ਵੀ ਭਾਗ ਲਾਈ ਜਾਂਦਾ ਹੈ।
 
ਕਹਿਣ ਲੱਗੇ ਮੇਰੇ ਬਾਬਾ ਨੰਦ ਸਿੰਘ ਸਾਹਿਬ ਜਿਨ੍ਹਾਂ ਨੇ,
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ॥
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥
ਬ੍ਰਹਮ ਗਿਆਨੀ ਸਗਲ ਕੀ ਰੀਨਾ॥
ਆਤਮ ਰਸੁ ਬ੍ਰਹਮ ਗਿਆਨੀ ਚੀਨਾ॥

ਜਿਸ ਨਿਮਰਤਾ ਦੇ ਵਿੱਚ, ਜਿਸ ਗਰੀਬੀ ਵਿੱਚ ਜੋ ਸੰਸਾਰ ਤੇ ਪਰਉਪਕਾਰ ਕੀਤੇ ਹਨ। ਜੋ ਉਹਨਾਂ ਨੇ ਗੁਰੂ ਅਰਜਨ ਪਾਤਸ਼ਾਹ ਦੇ ਬਚਨਾਂ ਨੂੰ ਪ੍ਰਤੱਖ ਕੀਤਾ ਹੈ।

ਪੋਥੀ ਪਰਮੇਸਰ ਕਾ ਥਾਨੁ॥
ਵਾਹੁ ਵਾਹੁ ਬਾਣੀ ਨਿੰਰਕਾਰ ਹੈ॥

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਿਰੰਕਾਰ ਨੂੰ ਪ੍ਰਤੱਖ ਪ੍ਰਗਟ ਕਰਕੇ ਦਿਖਾਇਆ ਹੈ, ਕੀ ਮਜ਼ਾਲ ਹੈ ਰੱਤੀ ਭਰ ਵੀ ਮਾਣ ਆਪਣੇ ਉਪਰ ਲਿਆ ਹੋਵੇ। ਜੋ ਕੁੱਝ ਕੀਤਾ ਹੈ ਗੁਰਮੁੱਖ ਬਣ ਕੇ ਕੀਤਾ ਹੈ, ਗੁਰੂ ਬਣ ਕੇ ਨਹੀਂ ਕੀਤਾ। ਜੋ ਵੀ ਦਾਤਾਂ ਲੁਟਾ ਗਏ, ਬਖਸ਼ਿਸ਼ਾਂ ਕਰ ਗਏ, ਇਸ ਸੰਸਾਰ ਨੂੰ ਮਹਿਕਾ ਗਏ ਹਨ ਪਰ ਕੀ ਮਜ਼ਾਲ ਹੈ ਆਪਣਾ ਨਾਮ ਤੱਕ ਵੀ ਵਿੱਚ ਆਉਣ ਦਿੱਤਾ ਹੋਵੇ। ਸਾਹਿਬ ਸਭ ਕੁੱਝ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਲੁਟਾ ਗਏ ਹਨ।

ਗੁਰਮੁੱਖ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਨਾਲ ਜੋੜੇਗਾ ਆਪਣੇ ਨਾਲ ਕਦੇ ਨਹੀਂ ਜੋੜੇਗਾ, ਰੱਤੀ ਭਰ ਵੀ ਮਾਣ ਆਪਣੇ ਉਪਰ ਨਹੀਂ ਲਵੇਗਾ ਕਿਉਂਕਿ ਗੁਰਮੁੱਖ ਦੀ ਆਪਣੀ ਪਕੜ ਕੋਈ ਨਹੀਂ ਹੁੰਦੀ।
 
ਲੋਗ ਕਿਤਾਬਾਂ ਲਿਖ ਕੇ ਰੱਖ ਗਏ ਹਨ, ਉੱਤਮ ਕਰਮ ਕੀ ਹੈ, ਮੰਦਾਂ ਕਰਮ ਕੀ ਹੈ ? ਸਿੱਖ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਮਲਾਂ ਨਾਲ, ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਨਾਲ ਬਣ ਆਵੇ, ਨਿੱਭ ਜਾਏ ਇਸੇ ਤੋਂ ਉੱਤਮ ਕਰਮ ਕੋਈ ਨਹੀਂ, ਸਿੱਖ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਨਾਲ ਨਾ ਬਣ ਆਵੇ, ਨਾ ਨਿੱਭ ਸਕੇ ਇਸ ਤੋਂ ਥੱਲੇ ਮੰਦਾ ਕਰਮ ਕੋਈ ਨਹੀਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਕਰਨ ਵਾਲੇ ਬਾਬਾ ਨੰਦ ਸਿੰਘ ਸਾਹਿਬ ਹਨ। ਜਿਸ ਤਰ੍ਹਾਂ ਉਨ੍ਹਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਉਨ੍ਹਾਂ ਦੀ ਵਡਿਆਈ, ਉਨ੍ਹਾਂ ਦੇ ਗੁਣ ਪ੍ਰਗਟ ਕੀਤੇ ਹਨ, ਸਾਧ ਸੰਗਤ ਜੀ ਇਹ ਉਨ੍ਹਾਂ ਦੀ ਹੀ ਜੁਬਾਨੀ ਬਚਨ ਕੀਤੇ ਗਏ ਹਨ।
ਗੁਰੂ ਨਾਨਕ ਦਾਤਾ ਬਖਸ਼ ਲੈ।।
ਬਾਬਾ ਨਾਨਕ ਬਖਸ਼ ਲੈ ।।