ਸਾਰਾ ਜੀਵਨ ਹੀ ਇਕ ਲੰਬੀ ਉਦਾਸੀ ਹੈ

Humbly request you to share with all you know on the planet!

ਜਿਹੜਾ ਜਨ ਪ੍ਰਕਾਸ਼ ਵਿੱਚੋਂ ਹੀ ਆਇਆ ਹੈ ਉਹ ਜੰਮਨ-ਮਰਨ ਵਿੱਚ ਨਹੀਂ ਹੈ, ਉਸ ਪ੍ਰਕਾਸ਼  ਨੂੰ ਅਨੁਭਵ ਕਰਨਾ ਅਸੰਭਵ ਹੈ। ਬਾਬਾ ਨੰਦ ਸਿੰਘ ਸਾਹਿਬ ਬਚਪਨ ਤੋਂ  ਲੈ ਕੇ ਆਖਰੀ ਸੁਆਸ ਤਕ, ਉਸ ਪ੍ਰਕਾਸ਼ ਦੇ ਵਿੱਚ ਹੀ ਰਹੇ ਸਨ। ਉਹ ਪ੍ਰਕਾਸ਼ ਇਕ ਪ੍ਰਕਾਸ਼ਮਈ ਜੀਵਨ ਹੈ, ਇਕ ਲੀਲ੍ਹਾ ਹੈ ਜੋ ਉਨ੍ਹਾਂ ਨੇ ਰਚੀ ਹੈ।
ਸਾਧ ਸੰਗਤ ਜੀ, ਜੇ ਗੁਰੂ ਨਾਨਕ ਪਾਤਸ਼ਾਹ ਨੇ 12-12 ਸਾਲ ਦੀ ਉਦਾਸੀ ਕੀਤੀ ਹੈ। ਬਾਬਾ ਨੰਦ ਸਿੰਘ ਸਾਹਿਬ ਨੇ ਕੈਸੀ ਉਦਾਸੀ ਕੀਤੀ ਹੈ? ਪੰਜ ਸਾਲ ਦੀ ਆਯੂ ਤੋਂ ਆਖ਼ਰੀ ਸੁਆਸ ਤਕ ਉਨ੍ਹਾਂ ਦਾ ਸਾਰਾ ਜੀਵਨ ਹੀ ਇਕ ਲੰਬੀ ਉਦਾਸੀ ਹੈ।
ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਕੁਰਬਾਨ ਜਾ ਰਹੇ ਹਨ, ਉਸ ਪਿਆਰ ਵਿੱਚ ਕਿਸੇ ਹੋਰ ਦੀ ਜਗ੍ਹਾ ਹੀ ਨਹੀਂ ਹੈ, ਨਾਂ ਕੋਈ ਪਰੇ ਨਿਰੰਕਾਰ ਹੈ ਨਾਂ ਕੋਈ ਹੋਰ ਸੰਸਾਰ ਹੈ, ਸਿਰਫ਼ ਪਿਆਰ ਹੀ ਪਿਆਰ ਹੈ। ਉਹ ਗੁਰੂ ਨਾਨਕ ਪਾਤਸ਼ਾਹ ਦੇ ਉਸ ਪਿਆਰ ਉੱਤੇ ਕੁਰਬਾਨ ਹੁੰਦੇ ਹੋਏ ਬਾਬਾ ਨੰਦ ਸਿੰਘ ਸਾਹਿਬ ਨੇ ਸਾਰਾ ਜੀਵਨ ਹੀ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਕੁਰਬਾਨ ਕਰ ਦਿੱਤਾ ਹੈ।
ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੇ ਉਨ੍ਹਾਂ ਨੇ ਆਪਣੇ ਸਾਹਿਬ ਸਤਿਗੁਰੂ ਵੱਲ ਪਿੱਠ ਨਹੀਂ ਕੀਤੀ, ਪੁੱਠੇ ਪੈਰੀ ਤੁਰੇ ਜਾਂਦੇ ਹਨ ਅਤੇ ਕਿਸ ਅਧੇੜ ਉਮਰ ਵਿੱਚ ਕੀ ਕੜਾਕੇ ਦੀ ਸਰਦੀ ਹੈ, ਕੀ ਕੜਾਕੇ ਦੀ ਗਰਮੀ ਹੈ ਸਾਹਿਬ ਪੁੱਠੇ ਪੈਰੀਂ ਤੁਰੀ ਜਾਂਦੇ ਹਨ। ਸਾਧ ਸੰਗਤ ਜੀ! ਬਾਬਾ ਨੰਦ ਸਿੰਘ ਸਾਹਿਬ ਨੇ ਫਿਰ ਜਿਹੜੇ ਉਸ ਕਮਾਈ ਉੱਤੇ ਫੁੱਲ ਚੜ੍ਹਾਏ ਹਨ ਸਾਰੀ ਜਿੰਦਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਨਹੀਂ ਕੀਤੀ।
ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜਿਹੜਾ ਮਹਾਨ ਸਿੱਖੀ ਦਾ ਰਸ ਪੀ ਰਹੇ ਹਨ, ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੀ ਸੇਵਾ, ਆਪ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਹਨ, ਆਪਣੀ ਹੀ ਅੰਮ੍ਰਿਤ ਬਾਣੀ ਵਿੱਚ ਉਹ ਸਿੱਖੀ-ਰਸ ਨੂੰ ਕਿਸ ਤਰ੍ਹਾਂ ਲੋਚ ਰਹੇ ਹਨ।  ਇਹ ਸ਼ਬਦਾਂ ਦੇ ਵਿੱਚ ਹੀ ਉਹ ਸਪੱਸ਼ਟ ਹੋ ਜਾਂਦਾ ਹੈ।
ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ ॥
ਧੁਰਿ ਮਸਤਕਿ ਹਰਿ ਪ੍ਰਭ ਲਿਖਿਆ
ਗੁਰ ਨਾਨਕ ਮਿਲਿਆ ਆਏ ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ-1424
ਮੈ ਬਹੁੜਿ ਨ ਤ੍ਰਿਸਨਾ ਭੁਖੜੀ
ਹਉ ਰਜਾ ਤ੍ਰਿਪਤਿ ਅਘਾਇ ਜੀਉ ॥
ਜੋ ਗੁਰ ਦੀਸੈ ਸਿਖੜਾ
ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ-763

ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਫੁਰਮਾਉਂਦੇ ਹਨ ਜਿਸ ਤਰ੍ਹਾਂ ਉਨ੍ਹਾਂ ਨੇ ਪਿਆਰ ਕੀਤਾ ਸੀ, ਉਸੇ ਤਰ੍ਹਾਂ ਹੀ ਗੁਰੂ ਅਰਜਨ ਪਾਤਸ਼ਾਹ ਗੁਰਸਿੱਖਾਂ ਦੇ ਚਰਨ ਘੁੱਟਦੇ ਹਨ, ਉਨ੍ਹਾਂ ਦੀ ਸੇਵਾ ਕਰਦੇ ਹਨ, ਨੰਗੇ ਪੈਰੀ ਉਨ੍ਹਾਂ ਲਈ ਪਰਸ਼ਾਦਾ ਲੈ ਕੇ ਜਾਂਦੇ ਹਨ। ਉਨ੍ਹਾਂ ਦੇ ਜੋੜੇ ਜਿਸ ਪਿਆਰ ਦੇ ਨਾਲ ਸਾਫ਼ ਕਰਦੇ ਹਨ, ਫਿਰ ਹੱਥ ਜੋੜ ਕੇ ਖੜ੍ਹੇ ਹਨ ਕਿ ਮੈਂ ਤੁਹਾਡੀ ਸੇਵਾ ਕਰਨ ਵਾਸਤੇ ਆਇਆ ਹਾਂ, ਤੁਹਾਡੇ ਤੋਂ ਸੇਵਾ ਲੈਣ ਵਾਸਤੇ ਨਹੀਂ ਆਇਆ। ਬਾਬਾ ਨੰਦ ਸਿੰਘ ਸਾਹਿਬ ਨੇ ਉਸ ਸੰਗਤ ਦੀ ਸਾਰੀ ਜਿੰਦਗੀ ਬਰਾਬਰੀ ਨਹੀਂ ਕੀਤੀ। ਜਿਸ ਨਿਮਰਤਾ ਤੇ ਗਰੀਬੀ ਵਿੱਚ ਸੰਗਤ ਦੀ ਸੇਵਾ ਕੀਤੀ ਹੈ ਉਹ ਕਮਾਲ ਹੀ ਕਮਾਲ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 26 ਸਾਲ ਬੈਠੇ ਕੱਚੇ ਭੋਰੇ ਵਿੱਚ ਘੋਰ ਤੱਪਸਿਆ ਕਰ ਰਹੇ ਹਨ। ਇਸ ਕਲਿਜੁਗ ਦੇ ਵਿੱਚ ਉਹ ਉਸ ਅਖੰਡ ਲੀਨਤਾ ਵਿੱਚ, ਪ੍ਰੇਮ ਲੀਨਤਾ ਵਿੱਚ, ਉਸ ਅਖੰਡ ਨਾਮ ਰਸ ਵਿੱਚ ਰੱਤੇ ਪਏ ਹਨ। ਉਸ ਵੇਲੇ ਫਿਰ ਮੇਰੇ ਸਾਹਿਬ ਬਾਬਾ ਨੰਦ ਸਿੰਘ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੇ ਕੁਰਬਾਨ ਜਾਂਦੇ ਹੋਏ, ਬਲਿਹਾਰ ਜਾਂਦੇ ਹੋਏ ਸਾਰੀ ਉਮਰ ਕੱਚੇ ਭੋਰਿਆ ਵਿੱਚ ਕੱਟ ਦਿੱਤੀ ਹੈ। ਕੀ ਮਜਾਲ ਹੈ ਪੱਕੀ ਇੱਟ ਵੀ ਲਾਈ ਹੋਵੇ।
ਸਾਧ ਸੰਗਤ ਜੀ, ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਉਸ ਵੇਲੇ ਫਰਸ਼ ਤੇ ਹੋ ਗਏ ਹਨ, ਲਾਂਬ੍ਹੇ ਹੋ ਗਏ ਹਨ ਅਤੇ ਸਾਰਿਆਂ ਦਾ ਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰ ਰਹੇ ਹਨ।  
ਦਸਮੇਸ਼ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਭ ਕੁਝ ਨਿਛਾਵਰ ਕਰਕੇ, ਸਮੇਟ ਕੇ, ਸੰਕੋਚ ਕੇ ਆਪਣੇ ਹੀ ਸਰਬੰਸ ਦੀ ਫੁੱਲਾਂ ਦੀ ਸੇਜ ਤੇ ਜਦੋਂ ਗੁਰੂ ਨਾਨਕ ਦੀ ਗੁਰਗੱਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕਰਦੇ ਹਨ ਕਿਸ ਤਰ੍ਹਾਂ ਲਾਂਬ੍ਹੇ ਖੜ੍ਹੇ ਹੋ ਗਏ ਹਨ। ਸਾਰੇ ਸੰਸਾਰ ਨੂੰ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਸੌਂਪ ਕੇ ਤੇ ਆਪ ਥੋੜ੍ਹੀ ਹੀ ਦੇਰ ਬਾਅਦ ਅਲੋਪ ਹੋ ਜਾਂਦੇ ਹਨ।
ਸਾਧ ਸੰਗਤ ਜੀ, ਬਾਬਾ ਨੰਦ ਸਿੰਘ ਸਾਹਿਬ ਨੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਗੁਰੂ ਅਰਜਨ ਪਾਤਸ਼ਾਹ ਉਨ੍ਹਾਂ ਤੇ ਕੁਰਬਾਨ ਹੁੰਦੇ ਹੋਏ ਆਪਣੇ ਆਪ ਨੂੰ ਜਿਸ ਤਰ੍ਹਾਂ ਪਰੇ ਕੀਤਾ ਹੈ, ਆਪਣੇ ਆਪ ਨੂੰ ਜਿਸ ਤਰ੍ਹਾਂ ਲਾਂਬ੍ਹੇ ਕੀਤਾ ਹੈ ਕੀ ਮਜਾਲ ਹੈ ਆਪਣਾ ਨਾਮ ਵੀ ਵਿੱਚ ਆਉਣ ਦਿੱਤਾ ਹੋਵੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਪਾਤਸ਼ਾਹ, ਗੁਰੂ ਅਰਜਨ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਆਪਣਾ ਨਾਮ ਤੇ ਨਿਸ਼ਾਨ ਮਿਟਾ ਦਿੱਤਾ ਹੈ। ਫਿਰ ਸਾਧ ਸੰਗਤ ਜੀ ਸਾਹਿਬ ਨੇ ਪੂਰਨੇ ਪਾਏ ਹਨ, ਬਲਿਦਾਨ ਦਿੱਤੇ ਹਨ ਤੇ ਬਾਬਾ ਨੰਦ ਸਿੰਘ ਸਾਹਿਬ ਦਾ ਇਕ ਇਕ ਸੁਆਸ, ਇਕ ਇਕ ਪਲ, ਇਕ ਇਕ ਘੜੀ, ਇਕ ਇਕ ਦਿਵਸ ਉਹ ਪੂਰਾ ਦਾ ਪੂਰਾ ਜੀਵਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬਾਨ ਦੇ ਚਰਨ ਕਮਲਾਂ ਦੇ ਵਿੱਚ ਇਕ ਮਹਾਨ ਬਲਿਦਾਨ ਹੈ।

ਧੰਨ ਧੰਨ ਬਾਬਾ ਨੰਦ ਸਿੰਘ ਜੀ
ਧੰਨ ਹੈ ਤੇਰੀ ਵਡਿਆਈ।
ਸੰਗਤ ਗਾਉਂਦੀ ਦੇਵਤੇ ਗਾਉਂਦੇ
ਗਾਉਂਦੀ ਕੁਲ ਖੁਦਾਈ।
ਸੁਣੋ ਮੇਰੇ ਵੀਰ ਜੀਓ
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।

ਗੁਰੂ ਨਾਨਕ ਦਾਤਾ ਬਖਸ਼ ਲੈ॥
ਬਾਬਾ ਨਾਨਕ ਬਖਸ਼ ਲੈ॥