ਕਿਹੜਾ ਰੋਣਾ ਸਾਹਿਬ ਨੂੰ ਪਰਵਾਨ ਹੈ?

Humbly request you to share with all you know on the planet!

ਅਜ ਇਹ ਕਿਹੜਾ ਦਿਨ ਹੈ? 72 ਸਾਲ ਬਾਬਾ ਨੰਦ ਸਿੰਘ ਸਾਹਿਬ ਨੇ ਇਸ ਧਰਤੀ ਨੂੰ ਭਾਗ ਲਾਏ ਹਨ ਅਤੇ 29 ਅਗਸਤ 1943 ਨੂੰ ਏਸੇ ਦਿਨ 72 ਸਾਲ ਬਾਅਦ ਸਾਹਿਬ ਵਿਛੋੜਾ ਦੇ ਗਏ ਹਨ| ਅਜ ਦੇ ਦਿਨ (29 ਅਗਸਤ 2015 ਨੂੰ) ਸਾਹਿਬ ਨੂੰ ਵਿਛੋੜਾ ਦੇ ਕੇ ਗਿਆਂ ਨੂੰ ਪੂਰੇ 72 ਸਾਲ ਹੁੰਦੇ ਹਨ| ਗੁਰੂ ਨਾਨਕ ਪਾਤਸ਼ਾਹ ਫੁਰਮਾ ਰਹੇ ਹਨ ਕਿ-

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ||

ਕਿਹੜਾ ਰੋਣਾ ਉਨ੍ਹਾਂ ਨੂੰ ਪਰਵਾਨ ਹੈ| ਅਸੀਂ ਉਸ ਵਕਤ ਉੱਥੇ ਸੀ ਜਿਸ ਵਕਤ ਬਾਬਾ ਨੰਦ ਸਿੰਘ ਸਾਹਿਬ ਖੇਡ ਵਰਤਾ ਗਏ| ਉਸ ਵੇਲੇ ਪਿੰਡਾਂ ਦੇ ਪਿੰਡ ਭੱਜੇ ਆ ਰਹੇ ਸਨ | ਜਿਸ ਤਰ੍ਹਾਂ ਉਹ ਬਾਬਾ ਨੰਦ ਸਿੰਘ ਸਾਹਿਬ ਦੇ ਵਿਛੋੜੇ ਤੇ ਰੋ ਰਹੇ ਸਨ, ਅੱਜ ਉਹੀ ਦਿਨ ਉਸੇ ਚੀਜ਼ ਨੂੰ ਯਾਦ ਕਰਵਾ ਰਿਹਾ ਹੈ| ਜਿਸ ਤਰ੍ਹਾਂ ਪਿਤਾ ਜੀ ਰੋ ਰਹੇ ਸਨ, ਅਸੀਂ ਆਪ ਸਾਰਾ ਪਰਿਵਾਰ ਰੋ ਰਹੇ ਸੀ, ਅਜ ਤਕ ਉਹ ਰੋਣ ਵਾਲੀਆਂ ਭੁੱਬਾਂ ਕੰਨਾਂ ਵਿੱਚ ਗੂੰਝ ਰਹੀਆਂ ਹਨ|

ਅਗਲੇ ਦਿਨ ਬਾਬਾ ਨੰਦ ਸਿੰਘ ਸਾਹਿਬ ਨੂੰ ਜਲ ਪ੍ਰਵਾਹ ਕਰਨ ਵਾਸਤੇ ਸਤਲੁਜ ਦਰਿਆ ਤੇ ਸਾਰੀ ਤਿਆਰੀ ਕੀਤੀ ਹੋਈ ਸੀ| ਬਾਬਿਆਂ ਦੇ ਅੰਤਿਮ ਦਰਸ਼ਨਾਂ ਵਾਸਤੇ ਉਨ੍ਹਾਂ ਨੂੰ ਬਾਰਾਂਦਰੀ ਵਿੱਚ ਰਖਿਆ ਗਿਆ ਸੀ| ਜਿਸ ਵਕਤ ਅਸੀਂ ਸਾਰਾ ਪਰਿਵਾਰ ਗਏ ਹਾਂ ਤਾਂ ਦਾਸ ਨੇ ਉਨ੍ਹਾਂ ਦੇ ਚਰਨ-ਕਮਲ ਚੁੰਮੇ ਤੇ ਬੜਾ ਰੋਇਆ| ਉਸ ਵੇਲੇ ਪਿਤਾ ਜੀ ਤੜਪ ਰਹੇ ਸਨ, ਜੋ ਉਨ੍ਹਾਂ ਦੀ ਹਾਲਤ ਸੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ|

ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਵਿਛੋੜਾ ਦੇ ਕੇ ਗਏ ਹਨ ਤਾਂ ਕੌਣ ਰੋਇਆ ਹੈ, ਕੌਣ ਤੜਪਿਆ ਹੈ! ਉਸ ਵੇਲੇ ਕਿਹੜੀ ਸੱਟ ਲੱਗੀ ਸੀ ਗੁਰੂ ਅੰਗਦ ਸਾਹਿਬ ਨੂੰ ਜਿਸ ਵਿੱਚ ਇਸ ਸੰਸਾਰ ਨੂੰ ਤਿਆਗ ਕੇ ਗੁਰੂ ਨਾਨਕ ਦੇ ਵਿਛੋੜੇ ਵਿੱਚ ਇਕ ਜਗ੍ਹਾ ਲਕੋ ਵਿੱਚ ਰੋਏ ਹਨ| ਉਨ੍ਹਾਂ ਵਾਸਤੇ ਉਸ ਦਿਨ ਸਾਰਾ ਸੰਸਾਰ ਹੀ ਉਜੜ ਗਿਆ ਸੀ| ਆਪ ਸੱਤ ਸਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਰਹੇ ਹਨ| ਇਕ ਸੁਆਸ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਅੱਖਾਂ ਤੋਂ ਓਝਲ ਨਹੀਂ ਕਰਦੇ ਸੀ| ਫਿਰ ਉਸ ਵਿਛੋੜੇ ਦੇ ਵਿੱਚ ਉਨ੍ਹਾਂ ਦੀ ਹਾਲਤ ਕੀ ਹੋਈ ਹੋਣੀ ਹੈ! ਉਹ ਕਿੰਨਾ ਕੁ ਰੋਏ ਹਨ? ਗੁਰੂ ਨਾਨਕ ਦੇ ਇਸ ਸ਼ਬਦ (ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ) ਤੇ ਜੋ ਉਨ੍ਹਾਂ ਨੇ ਫੁੱਲ ਚੜ੍ਹਾਏ ਹਨ, ਇਸ ਸ਼ਬਦ ਨੂੰ ਜੋ ਉਨ੍ਹਾਂ ਨੇ ਪ੍ਰਕਾਸ਼ਿਤ ਕੀਤਾ ਹੈ ਉਹ ਕਮਾਲ ਹੀ ਕਮਾਲ ਹੈ| ਜਿਸ ਵਕਤ ਬਾਬਾ ਬੁੱਢਾ ਜੀ ਤੇ ਸੰਗਤ ਨੇ ਲੱਭਿਆ ਹੈ ਤਾਂ ਸਾਰੀ ਸੰਗਤ ਤੇ ਬਾਬਾ ਬੁੱਢਾ ਜੀ ਰੋ ਰਹੇ ਹਨ| ਕਹਿ ਰਹੇ ਹਨ ਕਿ ਸੱਚੇ ਪਾਤਸ਼ਾਹ! ਅਸੀਂ ਹੁਣ ਕਿੱਥੇ ਜਾਈਏ, ਸਾਡਾ ਸਹਾਰਾ ਤੁਸੀਂ ਹੋ| ਉਸ ਵੇਲੇ ਗੁਰੂ ਅੰਗਦ ਸਾਹਿਬ ਰੋ ਕੇ ਫੁਰਮਾ ਕੀ ਰਹੇ ਹਨ,

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ||
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ||

ਬਾਬਾ ਨੰਦ ਸਿੰਘ ਸਾਹਿਬ ਦੇ ਵਿਛੜੇ ਵੇਲੇ ਇਹ ਹਾਲਤ ਪਿਤਾ ਜੀ ਦੀ ਸੀ ਅਤੇ ਹੁਣ ਇਹ ਹਾਲਤ ਅੱਜ ਦਾਸ ਮਹਿਸੂਸ ਕਰ ਰਿਹਾ ਹੈ ਕਿ ਸੱਚੇ ਪਾਤਸ਼ਾਹ ਨੂੰ ਅਲੋਪ ਹੋਏ ਅਜ 72 ਸਾਲ ਹੋ ਗਏ ਹਨ, ਤੂੰ ਅਜੇ ਤਕ ਬੈਠਾ ਕਿਉਂ ਹੈ, ਰੋਂਦਾ ਰੋਂਦਾ ਮਰ ਕਿਉਂ ਨਹੀਂ ਗਿਆ | ਸਾਧ ਸੰਗਤ ਜੀ ਜੇ ਗੁਰੂ ਅੰਗਦ ਸਾਹਿਬ ਦੀ ਇਹ ਹਾਲਤ ਸੀ ਤਾਂ ਉਸ ਵੇਲੇ ਜੋ ਪਿਤਾ ਜੀ ਦੀ ਹਾਲਤ ਸੀ, ਰੋਂਦੇ ਰੋਂਦੇ ਬਾਹਰ ਆ ਕੇ ਜੋ ਲਫ਼ਜ ਦਾਸ ਨੂੰ ਕਹੇ ਹਨ ਕਿ ਪੁੱਤ ਤੇਰਾ ਪਿਤਾ ਅੱਜ ਮਰ ਗਿਆ ਹੈ, ਤੇਰਾ ਪਿਤਾ ਮਰ ਚੁੱਕਿਆ ਹੈ| ਫਿਰ ਕਿਸ ਤਰ੍ਹਾਂ ਉਨ੍ਹਾਂ ਨੇ ਰੋ ਕੇ, ਤੜਪ ਕੇ ਹੰਝੂ ਬਹਾ ਕੇ, ਉਨ੍ਹਾਂ ਦੀ ਹਾਲਤ ਕੀ ਸੀ ਜਿਸ ਤਰ੍ਹਾਂ ਚਾਲੀ ਸਾਲ ਕੱਟੇ ਹਨ| ਅੱਜ ਉਹ ਰੋਣ ਵਾਲਾ ਦਿਨ ਹੈ ਜਿਸ ਰੋਣ ਨੂੰ ਗੁਰੂ ਨਾਨਕ ਨਿਰੰਕਾਰ ਸੱਭ ਤੋਂ ਜ਼ਿਆਦਾ ਪ੍ਰਵਾਨ ਕਰਦੇ ਹਨ|

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ||
ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ||

ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ
ਮਾਇਆ ਕਾਰਣਿ ਰੋਵੈ||
ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ||
ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ||
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ||

ਗੁਰੂ ਨਾਨਕ ਪਾਤਸ਼ਾਹ ਇਸ ਜੁਗ ਦੇ ਬਾਰੇ ਕੀ ਫੁਰਮਾ ਰਹੇ ਹਨ-

ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ||

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ ਕਲਿਜੁਗ ਦੇ ਸਾਰੇ ਹੀ ਸਾਧਨ ਅੱਗ ਰੂਪੀ ਹਨ| ਇਹ ਅੱਗ ਦਾ ਸਮੁੰਦਰ ਹੈ|

ਅਗਨਿ ਸਾਗਰ ਬੂਡਤ ਸੰਸਾਰਾ||
ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ||

ਗੁਰੂ ਨਾਨਕ ਪਾਤਸ਼ਾਹ ਇਹ ਸਾਰੇ ਸੰਸਾਰ ਦੇ ਬਾਰੇ 'ਚ ਕੀ ਕਹਿ ਰਹੇ ਹਨ...

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ||

...ਸਾਰਾ ਸੰਸਾਰ ਹੀ ਕੂੜ ਹੈ|

ਫਿਰ ਅੱਗੇ ਫੁਰਮਾਉਂਦੇ ਹਨ,

ਨਾਨਕ ਦੁਖੀਆ ਸਭੁ ਸੰਸਾਰੁ||
ਜੋ ਜੋ ਦੀਸੈ ਸੋ ਸੋ ਰੋਗੀ||
ਰੋਗ ਰਹਿਤ ਮੇਰਾ ਸਤਿਗੁਰੁ ਜੋਗੀ||
ਸਾਰਾ ਸੰਸਾਰ ਹੀ ਦੁਖੀ ਹੈ, ਸਾਰਾ ਸੰਸਾਰ ਹੀ ਰੋਗੀ ਹੈ|

ਸੱਚੇ ਪਾਤਸ਼ਾਹ ਫੁਰਮਾਉਂਦੇ ਹਨ ਕਿ-

ਸਾਰਾ ਸੰਸਾਰ ਹੀ ਰੋਂਦਾ ਹੈ ਪਰ ਕਿਹਦੇ ਵਾਸਤੇ ਰੋਂਦਾ ਹੈ?
ਆਪਣੇ ਵਾਸਤੇ, ਆਪਣੇ ਸ਼ਰੀਰ ਦੇ ਦੁੱਖ ਵਾਸਤੇ, ਆਪਣੇ ਪਰਿਵਾਰ ਦੇ ਦੁੱਖ ਵਾਸਤੇ, ਉਨ੍ਹਾਂ ਦੀ ਮੌਤ ਤੇ ਰੋਂਦਾ ਹੈ|
ਇਨ੍ਹਾਂ ਚੀਜ਼ਾਂ ਵਾਸਤੇ ਰੋ ਕੇ ਸਾਰਾ ਸੰਸਾਰ ਹੀ ਨਸ਼ਟ ਹੋਈ ਜਾ ਰਿਹਾ ਹੈ|
ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ||
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ||

ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ-

ਜਿਹੜੀ ਮਾਇਆ ਨੂੰ ਇਕੱਠੀ ਕਰ ਲੈਂਦਾ ਹੈ ਜੇ ਉਹ ਜਾਂਦੀ ਹੈ ਤਾਂ ਵੀ ਦੁੱਖ ਹੈ ਪਰ ਜੇ ਆਪ ਵੀ ਛੱਡ ਕੇ ਜਾ ਰਿਹਾ ਹੈ ਤਾਂ ਵੀ ਦੁੱਖ ਹੈ| ਹਰ ਇਕ ਚੀਜ਼ ਦੇ ਦੁੱਖ ਵਿੱਚ ਰੋਏਗਾ ਪਰ ਕੀ ਮਜਾਲ ਕਿ ਕੋਈ ਜਣਾ ਉਸ ਪਿਆਰੇ ਵਾਸਤੇ ਰੋਏ|

ਸਾਧ ਸੰਗਤ ਜੀ ਜਿਹੜੇ ਬਾਬਾ ਨੰਦ ਸਿੰਘ ਸਾਹਿਬ ਦਾ ਦਿਨ ਮਨਾ ਰਹੇ ਹਾਂ...... ਪੰਜ ਸਾਲ ਦੀ ਉਮਰ ਵਿੱਚ ਜਿੰਨਾ ਉਹ ਰੋਏ ਹਨ, ਬਚਪਨ ਵਿੱਚ ਘਰੋਂ ਉਠ ਕੇ ਬਾਹਰ ਚਲੇ ਜਾਂਦੇ ਹਨ| ਖੂਹ ਦੀ ਮੰਡੇਰ ਦੇ ਉੱਤੇ ਇਸ਼ਨਾਨ ਕਰਕੇ ਆਸਨ ਲਾ ਕੇ ਬਹਿ ਜਾਂਦੇ ਸਨ| ਉਹ ਛੋਟਾ ਜਿਹਾ ਬੱਚਾ ਕਿਹਦੇ ਵਾਸਤੇ ਤੜਪ ਰਿਹਾ ਸੀ|

ਜਦੋਂ ਘਰ ਵਾਲਿਆਂ ਨੇ ਲਭਦੇ ਹੋਏ ਜਾ ਕੇ ਗੋਦੀ ਚੁੱਕ ਲਿਆ ਤਾਂ ਫਿਰ ਪੁੱਛਿਆ ਕਿ ਜ਼ਰਾ ਨੀਂਦ ਦਾ ਝੋਂਕਾ ਆਉਣ ਤੇ ਖੂਹ ਵਿੱਚ ਡਿੱਗ ਸਕਦਾ ਸੀ| ਅੱਗੋਂ ਬਾਬਾ ਨੰਦ ਸਿੰਘ ਸਾਹਿਬ ਜੀ ਨੇ ਜਵਾਬ ਦਿੱਤਾ ਕਿ-

ਜੇ ਗੁਰੂ ਨਾਨਕ ਦੇ ਪਿਆਰ ਵਿੱਚ ਨੀਂਦ ਦਾ ਝੋਂਕਾ ਆ ਜਾਏ ਤਾਂ ਫਿਰ ਇਹਦੇ ਨਾਲੋਂ ਖੂਹ ਵਿੱਚ ਡਿੱਗ ਕੇ ਮਰਨਾ ਚੰਗਾ ਹੈ|

ਉਹ ਕਿਹੜੀ ਤੜਪ ਸੀ ਜਿਸ ਵੇਲੇ ਪੰਜ ਸਾਲ ਦਾ ਬੱਚਾ ਇਹ ਕਹਿ ਰਿਹਾ ਹੈ| ਉਸ ਬੱਚੇ ਨੂੰ ਕਦੀ ਕਿਸੇ ਨਾਲ ਗੱਲ ਕਰਦੇ ਨਹੀਂ ਦੇਖਿਆ, ਕਦੀ ਕਿਸੇ ਨਾਲ ਖੇਡਦੇ ਨਹੀਂ ਦੇਖਿਆ ਅਤੇ ਕਦੀਕਿਸੇ ਨਾਲ ਹਸਦੇ ਨਹੀਂ ਦੇਖਿਆ| ਫਿਰ ਉਹ ਬੱਚਾ ਕਿਹੜੀ ਅਖੰਡ ਲੀਨਤਾ ਵਿੱਚ ਰਹਿੰਦਾ ਸੀ| ਮੌਤ ਸ਼ੇਰ ਦੀ ਸਵਾਰੀ ਤਾਂ ਉਹ ਪੰਜ ਸਾਲ ਆਯੂ ਵਿੱਚ ਹੀ ਕਰੀ ਬੈਠੇ ਸੀ| ਨੀਂਦ ਤੇ ਭੁੱਖ ਨੂੰ ਜਿਤੀ ਬੈਠੇ ਸਨ| ਕਿਸੇ ਨੇ ਬਾਬਾ ਨੰਦ ਸਿੰਘ ਸਾਹਿਬ ਨੂੰ ਬਹੱਤਰ ਸਾਲ ਦੀ ਉਮਰ ਤਕ ਸੁੱਤਿਆਂ ਪਿਆ ਨਹੀਂ ਦੇਖਿਆ| ਉਹ ਕਿਹੜਾ ਵੈਰਾਗ ਸੀ, ਕਿਹੜੀ ਤੜਪ ਸੀ ਜਿਸ ਵਿੱਚ ਉਹ ਸੁੱਤੇ ਨਹੀਂ| ਸਾਰੀ ਉਮਰ ਹੀ ਬਾਬਾ ਨੰਦ ਸਿੰੰਘ ਸਾਹਿਬ ਬਾਰਾਂ ਵਜੇ ਇਸ਼ਨਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੇ ਵਕਤ ਤੋਂ ਪਹਿਲੋਂ ਹੀ ਉਨ੍ਹਾਂ ਨੂੰ ਜੀ ਆਇਆ ਕਹਿਣ ਵਾਸਤੇ ਸਮਾਧੀ ਲਗਾਈ ਬੈਠੇ ਹੁੰਦੇ ਸਨ|

ਗੁਰੂ ਨਾਨਕ ਦਾਤਾ ਬਖਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥