ਗੁਰਮੁਖ ਸਦਾ ਜਿਉਂਦੇ ਰਹਿੰਦੇ ਹਨ
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 749
"ਜਨ ਪਰਉਪਕਾਰੀ" ਕਿਸ ਤਰ੍ਹਾਂ ਦੇ ਪਰਉਪਕਾਰੀ???
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ॥
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 273
ਜਿਸ ਨਿਮਰਤਾ ਤੇ ਗਰੀਬੀ ਦੀ ਅਵਸਥਾ ਵਿੱਚ ਸਾਹਿਬ ਬ੍ਰਹਮ ਗਿਆਨੀ ਦੇ ਬ੍ਰਹਮ ਦਾ ਗਿਆਨ ਦਸਦੇ ਹਨ। ਬ੍ਰਹਮ ਗਿਆਨੀ ਦੇ ਰੋਮ-ਰੋਮ ਵਿੱਚ ਨਿਮਰਤਾ ਤੇ ਗਰੀਬੀ ਸਮਾਈ ਹੁੰਦੀ ਹੈ।
ਇਕ ਦਫ਼ਾ ਇਕ ਬਹੁਤ ਪੜ੍ਹਿਆ-ਲਿਖਿਆ ਪ੍ਰੋਫੈਸਰ ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ ਕਿ-
ਗਰੀਬ ਨਿਵਾਜ਼! ਆਗਿਆ ਬਖਸ਼ੋ, ਇਹ ਦਾਸ ਆਪ ਦੇ ਜੀਵਨ ਉੱਤੇ ਕਿਤਾਬ ਲਿਖਣਾ ਚਾਹੁੰਦਾ ਹੈ।
ਬਾਬਿਆਂ ਨੇ ਪ੍ਰੋਫੈਸਰ ਸਾਹਿਬ ਵਲ ਵੇਖਿਆ, ਫੁਰਮਾਇਆ-
ਪ੍ਰੋਫੈਸਰ ਸਾਹਿਬ ਕੀ ਲਿਖੋਗੇ?
ਅੱਗੋਂ ਜਵਾਬ ਦੇ ਰਿਹਾ ਹੈ- ਜਿਸ ਤਰ੍ਹਾਂ ਆਪ ਦਾ ਰੋਜ਼ ਦਾ ਨਿਤਨੇਮ ਹੈ।
ਅੱਗੋਂ ਹੱਸ ਪਏ, ਫੁਰਮਾਉਂਣ ਲੱਗੇ ਕਿ- ਅੱਜ ਤਕ ਲਿਖਣ ਵਾਲਿਆਂ ਨੇ ਬਾਬਾ ਫ਼ਰੀਦ ਜੀ ਦੇ ਉਹ 12 ਸਾਲਾਂ ਦੇ ਉੱਤੇ ਕੀ ਲਿਖਿਆ ਹੈ ਜਦੋਂ ਉਹ ਖੂਹ ਵਿੱਚ ਲਟਕੇ ਰਹੇ ਹਨ। ਸਿਰਫ਼ ਇੰਨਾ ਹੀ ਲਿਖਿਆ ਹੈ ਕਿ,
"ਬਾਬਾ ਫ਼ਰੀਦ ਜੀ 12 ਸਾਲ ਖੂਹ ਵਿੱਚ ਲਟਕੇ ਰਹੇ ਹਨ ਤੇ ਫਿਰ 12 ਸਾਲ ਬਾਬਾ ਫ਼ਰੀਦ ਜੀ ਦੇ ਨਾਲ ਰੋਜ਼ ਕੀ ਵਾਪਰੀ ਹੈ? ਕੀ ਬੀਤੀ ਹੈ? ਕਿਸੇ ਨੂੰ ਪਤਾ ਸੀ? ਕੋਈ ਉਸ ਨੂੰ ਦੇਖਣ ਦੀ ਸਮਰਥਾ ਰੱਖਦਾ ਸੀ?"
ਅੱਗੋਂ ਪ੍ਰੋਫੈਸਰ ਸਾਹਿਬ ਜਵਾਬ ਦਿੰਦੇ ਹਨ ਨਹੀਂ! ਗਰੀਬ ਨਿਵਾਜ਼ ਬਾਬਾ ਜੀ ਫੁਰਮਾਉਣ ਲੱਗੇ- ਪ੍ਰੋਫੈਸਰ ਸਾਹਿਬ,
ਤਵਾਰੀਖ਼ਾਂ ਮੁਰਦਿਆਂ ਦੀਆਂ ਬਣਦੀਆਂ ਹਨ, ਗੁਰਮੁਖ ਸਦਾ ਜਿਉਂਦੇ ਰਹਿੰਦੇ ਹਨ।
ਜਨਮ ਮਰਣ ਦੁਹਹੂ ਮਹਿ ਨਾਹੀ
ਜਨ ਪਰਉਪਕਾਰੀ ਆਏ ॥
13 ਭਾਦੌਂ, (28 ਅਗਸਤ) 1943 ਨੂੰ ਬਾਬਾ ਨੰਦ ਸਿੰਘ ਸਾਹਿਬ ਭਾਣਾ ਵਰਤਾ ਗਏ। ਅਨਗਿਣਤ ਸੰਗਤ ਚਾਰੇ ਪਾਸਿਉਂ, ਇਕੱਤਰ ਹੋ ਰਹੀ ਸੀ, ਭੱਜੇ ਆ ਰਹੇ ਸਨ, ਭੂੱਬਾਂ ਮਾਰ ਕੇ ਰੋ ਰਹੇ ਸਨ, ਪਿੰਡਾਂ ਦੇ ਪਿੰਡ ਇੱਕਠੇ ਹੋ ਕੇ ਆ ਰਹੇ ਸਨ। ਪਿਤਾ ਜੀ ਉਸ ਵੇਲੇ ਮੋਗਾ ਤਹਿਸੀਲ ਦੇ ਪੁਲਿਸ ਮੁਖੀ ਸਨ। ਤਕਰੀਬਨ ਤਹਿਸੀਲ ਦੀ ਸਾਰੀ ਹੀ ਟਰਾਂਸਪੋਰਟ ਇਕੱਠੀ ਕਰ ਲਈ ਸੀ, ਉਹਦੇ ਇਲਾਵਾ ਹੋਰ ਵੀ ਟਰਾਂਸਪੋਰਟ ਸੀ।
ਸਾਧ ਸੰਗਤ ਜੀ ਜਿਸ ਵਕਤ ਬਾਬਾ ਜੀ ਨੂੰ ਅਗਲੇ ਦਿਨ 29 ਅਗਸਤ ਨੂੰ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਵਾਸਤੇ ਲੈ ਕੇ ਗਏ ਹਨ ਉੱਥੇ ਦੇ ਸਾਰੇ ਗੋਤਾਖੋਰ ਮੁਸਲਮਾਨ ਸਨ। ਉਨ੍ਹਾਂ ਨੇ ਜਲ ਪ੍ਰਵਾਹ ਦੇ ਵਿੱਚ ਮਦਦ ਵੀ ਕਾਫ਼ੀ ਕੀਤੀ। ਜਿਸ ਵਕਤ ਰਾਤ ਪਈ ਸਾਰੀ ਸੰਗਤ ਵਾਪਸ ਚਲੀ ਗਈ। ਉਸ ਵੇਲੇ ਉਨ੍ਹਾਂ ਨੇ ਗੋਤੇ ਲਾਏ ਅਤੇ ਕਿਸ਼ਤੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ।
ਸਾਰੀ ਰਾਤ ਗੋਤੇ ਲਾਉਂਦੇ ਰਹੇ ਪਰ ਕਿਸ਼ਤੀ ਨਾ ਲੱਭੀ। ਪੋਹ ਫੁੱਟਣ ਤੋਂ ਪਹਿਲੋਂ ਹੰਬੇ (ਥੱਕੇ) ਹੋਏ ਕਿਨਾਰੇ ਤੇ ਆ ਕੇ ਲੇਟ ਗਏ ਤੇ ਵਿਚਾਰ ਕਰ ਰਹੇ ਹਨ ਕਿ ਅਸੀਂ ਤਾਂ ਦਰਿਆ ਦੀ ਤਹਿ ਤੋਂ ਛੋਟੀ ਤੋਂ ਛੋਟੀ ਚੀਜ਼ ਲੱਭ ਕੇ ਲੈ ਆਉਂਦੇ ਸੀ ਪਰ ਅੱਜ ਕੀ ਹੋਇਆ ਐਡੀ ਵੱਡੀ ਕਿਸ਼ਤੀ ਸਾਨੂੰ ਨਹੀਂ ਲੱਭੀ। ਫਿਰ ਕਹਿਣ ਲੱਗੇ ਕਿਸ਼ਤੀ ਅਤੇ ਬਾਬੇ ਅਲੋਪ ਕਿੱਥੇ ਹੋ ਗਏ ! ਉਨ੍ਹਾਂ ਨੇ ਆਪਣੀ ਕੋਸ਼ਿਸ਼ ਨਹੀ ਛੱਡੀ ਅਤੇ ਅਗਲੀ ਰਾਤ ਉਸੇ ਤਰ੍ਹਾਂ ਫਿਰ ਲੱਭਦੇ ਰਹੇ। ਫਿਰ ਪੋਹ ਫੁੱਟਣ ਤੋਂ ਪਹਿਲੋਂ ਸਵੇਰੇ ਹੰਬੇ ਹੋਏ ਕਿਨਾਰੇ (ਸਾਹਿਲ) ਤੇ ਲੇਟੇ ਹੋਏ ਵਿਚਾਰ ਕਰ ਰਹੇ ਹਨ ਕਿਸ਼ਤੀ ਅਲੋਪ ਕਿੱਦਾਂ ਹੋ ਗਈ? ਫਿਰ ਅਚਾਨਕ ਖ਼ਿਆਲ ਆਇਆ ਕਿ ਅਸੀਂ ਤਾਂ ਇਕ ਬੜੀ ਭਾਰੀ ਭੁੱਲ ਕਰ ਬੈਠੇ ਹਾਂ। ਇਕ ਸਾਡੇ ਕੋਲੋਂ ਗੁਨਾਹ ਹੋ ਗਿਆ ਹੈ, ਇਕ ਪਾਪ ਹੋ ਗਿਆ ਹੈ। ਅਸੀਂ ਅੱਲਾ ਦੇ ਇਕ ਮਹਾਨ ਦਰਵੇਸ਼, ਇਕ ਮਹਾਨ ਫ਼ਕੀਰ ਦੀ ਕਿਸ਼ਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਉਸ ਗੁਨਾਹ ਨੂੰ, ਪਾਪ ਨੂੰ ਬਹੁਤ ਜ਼ਿਆਦਾ ਮਹਿਸੂਸ ਕਰ ਰਹੇ ਹਨ। ਫਿਰ ਅੱਲਾ ਨੂੰ ਦੁਆ ਕਰਦੇ ਹਨ ਰਹਿਮ ਦੀ, ਉਸ ਦੀ ਬਖਸ਼ਿਸ਼ ਦੀ ਅਤੇ ਆਪਣੇ ਗੁਨਾਹ ਨੂੰ ਮਹਿਸੂਸ ਕਰਦੇ ਹੋਏ ਦਿਲੋਂ ਪੁਕਾਰ ਉਠ ਰਹੀ ਹੈ। ਉਸੇ ਵੇਲੇ ਉਨ੍ਹਾਂ ਵਿੱਚੋਂ ਇਕ ਨੇ ਦਿਜਆਂ ਨੂੰ ਕਿਹਾ ਉਏ ਉਸ ਪਾਸੇ ਤਾਂ ਦੇਖੋ ! ਜਿਸ ਵਕਤ ਖੱਬੇ ਪਾਸੇ ਦੇਖਿਆ ਹੈ ਤਾਂ ਬਾਬਾ ਨੰਦ ਸਿੰਘ ਸਾਹਿਬ, ਮੇਰੇ ਬਾਬਾ ਨੰਦ ਸਿੰਘ ਸਾਹਿਬ ਉਸ ਦਰਿਆ ਦੇ ਕਿਨਾਰੇ ਤੇ ਟਹਿਲ ਰਹੇ ਸਨ। ਜਿਸ ਵਕਤ ਅੱਲਾ ਦੇ ਨੂਰ ਦੇ ਦਰਸ਼ਨ ਕੀਤੇ ਹਨ ਫਿਰ ਥਿੜਕ ਉੱਠੇ ਹਨ ਤੇ 'ਯਾ ਅੱਲਾ' 'ਯਾ ਅੱਲਾ' ਕਰਦੇ ਸਭ ਚਰਨਾਂ ਤੇ ਡਿੱਗ ਪਏ ਹਨ।
ਬਾਬਾ ਜੀ ਦੇ ਜਲ ਪ੍ਰਵਾਹ ਦੀ,
ਅੰਤਿਮ ਹੋਈ ਤਿਆਰੀ।
ਖੂਬ ਸਜਾਈ ਕਿਸ਼ਤੀ ਉਨ੍ਹਾਂ ਦੀ,
ਮੋਤੀਆਂ ਨਾਲ ਸ਼ਿੰਗਾਰੀ।
ਸੱਤਲੁਜ ਦੇ ਗਹਿਰੇ ਪਾਣੀ ਵਿੱਚ,
ਕਿਸ਼ਤੀ ਗਈ ਉਤਾਰੀ।
ਗੋਤੇ ਖੋਰਾਂ ਰਾਤ ਹਨੇਰੀ, ਦਰਿਆ 'ਚ ਟੁੱਬੀ ਮਾਰੀ।
ਕਿਸ਼ਤੀ ਬਾਬਿਆਂ ਦੀ ਫੜ੍ਹ ਲਈਏ,
ਡੂੰਘੇ ਪਾਣੀ 'ਚ ਜਾਕੇ।
ਹੀਰੇ ਮੋਤੀ ਦੁਸ਼ਾਲੇ ਸੋਹਣੇ, ਲੈ ਲਈਏ ਹੱਥ ਪਾ ਕੇ।
ਗੋਤੇ ਖੋਰਾਂ ਇਹ ਲਭਣ ਲਈ,
ਡਾਢੀ ਟਿੱਲ ਲਗਾਈ।
ਖਾਲੀ ਹੱਥ ਮੁੜੇ ਸਭ ਵਾਪਿਸ,
ਕਿਸ਼ਤੀ ਹੱਥ ਨਾ ਆਈ।
ਪੋਹ ਫੁੱਟੀ ਕੀ ਦੇਖਿਆ, ਹੋਏ ਅਚੰਬੱਤ ਸਾਰੇ।
ਬਾਬਾ ਨੰਦ ਸਿੰਘ ਟਹਿਲ ਰਹੇ,
ਦਰਿਆ ਦੇ ਕਿਨਾਰੇ।
ਸਾਰੇ ਗੋਤਾਖੋਰ ਥਿੜਕ ਕੇ,
ਇਕ ਦਮ ਚਰਨੀ ਢਹਿ ਪਏ।
ਇਲਾਹੀ ਪ੍ਰਕਾਸ਼ ਦੇਖ ਕੇ, ਬੋਲ ਉਠੇ ਸਭ ਕਹਿ ਕੇ।
ਧੰਨ ਧੰਨ ਬਾਬਾ ਨੰਦ ਸਿੰਘ ਜੀ,
ਧੰਨ ਹੈ ਤੇਰੀ ਵਡਿਆਈ।
ਸੰਗਤ ਗਾਉਂਦੀ ਦੇਵਤੇ ਗਾਉਂਦੇ,
ਗਾਉਂਦੀ ਕੁੱਲ ਖੁਦਾਈ।
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ,
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਸੁਣੋ ਮੇਰੇ ਵੀਰ ਜੀਓ
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥