ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ
ਜਨਮ ਮਰਣ ਦੁਹਹੂ ਮਹਿ ਨਾਹੀ
ਜਨ ਪਰਉਪਕਾਰੀ ਆਏ ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
ਸ੍ਰੀ ਗੁਰੂ ਅਰਜਨ ਦੇਵ ਜੀ
ਗੁਰਮੁਖ ਸਦਾ ਜਿਉਂਦੇ ਰਹਿੰਦੇ ਹਨ। 13 ਭਾਦੌਂ, 28 ਅਗਸਤ 1943 ਦੇ ਬਾਅਦ ਦੇ ਇਹ ਫੁਰਮਾਨਾਂ ਦੇ ਉੱਤੇ, ਉਸ ਮਹਾਨ 'ਜਨ' ਦੇ, ਉਸ ਗੁਰੂ ਨਾਨਕ ਪਾਤਸ਼ਾਹ ਦੇ ਭੇਜੇ ਹੋਏ ਬ੍ਰਹਮ ਗਿਆਨੀ ਦੇ, ਉਸ ਗੁਰਮੁਖ ਦੇ ਜਿਹੜਾ ਸਦਾ ਹੀ ਜਿਉਂਦਾ ਹੈ ਝਲਕ ਮਾਤਰ ਦਰਸ਼ਨ ਕੀਤੇ ਹਨ। ਸਾਧ ਸੰਗਤ ਜੀ, ਆਓ ! ਪਹਿਲੋਂ ਉਸ 'ਜਨ' ਦੇ, ਉਸ ਪ੍ਰਕਾਸ਼ਮਈ ਜੀਵਨ, ਉਸ ਅੰਮ੍ਰਿਤਮਈ ਜੀਵਨ ਦੇ ਕੁਝ ਚਮਤਕਾਰੀ ਦ੍ਰਿਸ਼ ਜਿਹੜੇ ਡਿੱਠੇ ਹਨ, ਉਨ੍ਹਾਂ ਦੇ ਵੀ ਝਲਕ ਮਾਤਰ ਦਰਸ਼ਨ ਕਰ ਲਈਏ।
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ
ਸੋ ਕਹੀਅਤ ਹੈ ਸੂਰਾ ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ-679
ਗੁਰੂ ਨਾਨਕ ਪਾਤਸ਼ਾਹ ਕਲਿਜੁਗ ਦੇ ਮਾਲਕ ਹਨ। "ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ" ਜਿਸ ਤੇ ਵੀ ਅੰਮ੍ਰਿਤ ਦ੍ਰਿਸ਼ਟੀ ਪਾ ਦੇਣ ਉਹਨੂੰ ਸੰਤ ਬਣਾ ਦਿੰਦੇ ਹਨ। ਆਪ ਹੀ ਉਹ 'ਜਨ' ਨੂੰਨੂੰਭੇਜਣ ਵਾਲਾ ਹੈ। ਗੁਰੂ ਨਾਨਕ ਆਪ ਹੀ ਬ੍ਰਹਮ ਗਿਆਨੀ ਪੈਦਾ ਕਰਨ ਵਾਲਾ ਹੈ। ਸਾਧ ਸੰਗਤ ਜੀ, ਗੁਰੂ ਸਾਹਿਬ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਆਪਣੀ ਅੰਮ੍ਰਿਤ ਬਾਣੀ ਵਿੱਚ ਉਸ ਦੀ ਪਛਾਣ ਦਸ ਰਹੇ ਹਨ, ਉਸ ਦੀ ਪਰਖ ਦਸ ਰਹੇ ਹਨ, ਉਸ ਦੇ ਪਰਮ ਗੁਣ ਦਸ ਰਹੇ ਹਨ ਜਿਹੜੇ 'ਜਨ' ਨੂੰ ਗੁਰੂ ਨਾਨਕ ਪਾਤਸ਼ਾਹ ਭੇਜਦੇ ਹਨ।
ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ
ਜਿ ਹਉਮੈ ਮੇਟਿ ਸਮਾਏ ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ-512
ਕੋਈ ਵਿਰਲਾ ਬ੍ਰਹਮ ਗਿਆਨੀ ਇਸ ਘੋਰ ਅੰਧਕਾਰ ਕਲਿਜੁਗ ਦੇ ਵਿੱਚ ਹੈ ਜਿਹੜਾ ਇਸ 'ਹਉਮੈਂ' ਨੂੰ ਜੜੋਂ ਹੀ ਪੁੱਟ ਕੇ ਰੱਖ ਦਏਗਾ। ਸਾਧ ਸੰਗਤ ਜੀ ਹੁਣ ਫੁਰਮਾ ਰਹੇ ਹਨ "ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ" ਕਿਹੜੇ ਜੁਗ ਵਿੱਚ, ਘੋਰ ਅੰਧਕਾਰ ਕਲਿਜੁਗ ਦੇ ਵਿੱਚ। ਬਾਬਾ ਨੰਦ ਸਿੰਘ ਸਾਹਿਬ ਨੇ ਇਕ ਦਫ਼ਾ ਫੁਰਮਾਇਆ ਕਿ,
ਭਿਆਨਕ ਹਨੇਰੀ ਵਿੱਚ ਦੀਵਾ ਜਗਾਉਣਾ ਕਿੰਨਾਂ ਮੁਸ਼ਕਿਲ ਹੈ, ਦੀਵੇਂ ਨੂੰ ਜਗਦਾ ਰਖਣਾ ਕਿਨਾਂ ਮੁਸ਼ਕਿਲ ਹੈ। ਇਸ ਅੰਧਕਾਰ ਕਲਿਜੁਗ ਦੀ ਭਿਆਨਕ ਹਨੇਰੀ ਦੇ ਵਿੱਚ, ਕੋਈ ਵਿਰਲਾ ਸੂਰਮਾ ਹੀ ਨਾਮ ਦੀ ਜੋਤ ਜਗਾਏਗਾ ਅਤੇ ਜਗਦੀ ਰਖੇਗਾ।
ਜਾ ਕਉ ਹਰਿ ਰੰਗੁ ਲਾਗੋ ਇਸ ਜੁਗ ਮਹਿ
ਸੋ ਕਹੀਅਤ ਹੈ ਸੂਰਾ ॥
ਆਤਮ ਜਿਣੈ ਸਗਲ ਵਸਿ ਤਾ ਕੈ
ਜਾ ਕਾ ਸਤਿਗੁਰੁ ਪੂਰਾ ॥
ਕਿੱਡਾ ਵੱਡਾ ਉਹ ਸੂਰਮਾ ਕਲਿਜੁਗ ਦੇ ਵਿੱਚ ਹੋਏਗਾ, ਇਸ ਭਿਆਨਕ ਕਲਿਜੁਗ ਦੇ ਵਿੱਚ, ਜਿੰਨੇ ਆਪਣੀ ਆਤਮ ਨੂੰ ਜਿੱਤਿਆ ਹੋਏਗਾ। "ਸਗਲ ਵਸਿ ਤਾ ਕੈ" ਸਾਰਾ ਸੰਸਾਰ ਹੀ ਉਸ ਦੇ ਵੱਸ ਵਿੱਚ ਹੋਏਗਾ।
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
ਸ੍ਰੀ ਸੁਖਮਨੀ ਸਾਹਿਬ
ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੋਏਗਾ।
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ-295