ਉਹ ਭੂਤ ਭਵਿੱਖ ਤੇ ਵਰਤਮਾਨ ਹਰ ਸਮੇ 'ਚ ਹਾਜ਼ਰ ਨਾਜ਼ਰ ਨੇ

Humbly request you to share with all you know on the planet!

ਸਾਧ ਸੰਗਤ ਜੀ ਇਕ ਮੌਕੇ ਤੇ ਪੂਜਯ ਪਿਤਾ ਜੀ ਨਾਲ ਅਸੀਂ ਬਾਬਿਆਂ ਦੇ ਠਾਠ ਤੇ ਜਾ ਰਹੇ ਸੀ, ਬਾਬੇ   ਖੇਡ ਵਰਤਾ ਚੁਕੇ ਸਨ। 1945 ਦੀ ਗੱਲ ਹੈ, ਜਿਸ ਵਕਤ ਬਾਬਿਆਂ ਦੇ ਠਾਠ ਦੇ ਕੋਲ ਪਹੁੰਚੇ ਤਾਂ ਇਕ ਸਿੱਖ ਬਹੁਤ ਉੱਚੀ-ਉੱਚੀ ਰੋ ਰਿਹਾ, ਵੈਰਾਗ ਕਰ ਰਿਹਾ ਸੀ। ਪਿਤਾ ਜੀ ਖੜ੍ਹੇ ਹੋ ਗਏ ਤੇ ਕਿਹਾ-

ਦੇਖ ਭਾਈ ਸਿੱਖਾ ਤੂੰ ਬਹੁਤ ਜ਼ਿਆਦਾ ਵੈਰਾਗ ਕਰ ਰਿਹਾ ਹੈਂ, ਹੋ ਸਕਦਾ ਹੈ ਕਿ ਤੈਨੂੰ ਕੋਈ ਕਸ਼ਟ ਹੋਏ ਜੇ ਤੂੰ ਸਾਨੂੰ ਦਸੇਂ ਤਾਂ ਇਹ ਹੋ ਸਕਦਾ ਹੈ ਕਿ ਅਸੀਂ ਤੇਰੀ ਕੁਝ ਮਦਦ ਕਰ ਸਕੀਏ।

ਉਹ ਦੇਖ ਕੇ ਹੋਰ ਰੋਣ ਲੱਗ ਪਿਆ, ਉਹ ਹੱਥ ਜੋੜ ਕੇ ਘਟਨਾ ਸੁਣਾਉਂਦਾ ਹੈ ਉਸ ਵੇਲੇ ਜੋ ਦਾਸ ਵੀ ਸੁਣ ਰਿਹਾ ਸੀ। ਕਹਿਣ ਲੱਗਾ- ਜੀ ਮੇਰਾ ਨਾਮ ਬਲਵੰਤ ਸਿੰਘ ਹੈ, ਮੈਂ ਸੂਬੇਦਾਰ ਹਾਂ। ਸਾਡੀ ਪਲਟਨ ਇਟਲੀ ਵਿੱਚ ਸੀ, ਲੜਾਈ ਵਿੱਚ ਹਿੱਸਾ ਲੈ ਰਹੀ ਸੀ। ਹੁਕਮ ਹੋਇਆ ਪੈਟ੍ਰੋਲ ਲੈ ਜਾਉਣ ਦਾ, ਪੈਟ੍ਰੋਲ ਲੀਡਰ ਮੈਨੂੰ ਬਣਾਇਆ ਗਿਆ। ਦੁਸ਼ਮਨ ਦੀਆਂ ਲਾਈਨਜ਼ (ਰਿਹਾਇਸ਼ੀ ਜਗ੍ਹਾ) ਦੇ ਪਿੱਛੋਂ ਜਾ ਕੇ ਆਹ-ਆਹ ਖ਼ਬਰ ਲੈ ਕੇ ਆਉਣੀ ਹੈ। ਇਹ ਸਾਨੂੰ ਆਗਿਆ ਮਿਲੀ, ਹੁਕਮ ਮਿਲਿਆ ਅਤੇ ਪੈਟ੍ਰੋਲ ਤੁਰ ਪਿਆ। ਕਹਿਣ ਲੱਗਾ ਜਦੋਂ ਸਾਡਾ ਪੈਟ੍ਰੋਲ ਦੁਸ਼ਮਨ ਦੀ ਲਾਈਨਜ਼ ਦੇ ਪਿੱਛੇ ਪਹੁੰਚਿਆ ਤਾਂ ਅੰਬੁਸ਼ (ਅਚਾਨਕ ਹਮਲਾ) ਹੋ ਗਿਆ। ਜਿਸ ਵਕਤ ਦੁਸ਼ਮਨ ਦੀ ਗੋਲਾ ਬਾਰੀ ਸਾਡੇ ਤੇ ਚੱਲੀ ਹੈ ਮੇਰੇ ਕਈ ਸਾਥੀ ਮਾਰੇ ਗਏ।

ਕਹਿਣ ਲੱਗਾ- ਮੈਂ ਤੇ ਮੇਰਾ ਇਕ ਸਾਥੀ ਉੱਥੋਂ ਭੱਜੇ ਹਾਂ ਅਤੇ ਉਨ੍ਹਾਂ ਦੀਆਂ ਲਾਈਨਜ਼ ਤੋਂ ਕਿੰਨੀ ਦੂਰ ਭੱਜ ਕੇ ਆ ਗਏ ਹਾਂ ਕਿ ਸਾਨੂੰ ਕੁੱਛ ਪਤਾ ਨਹੀਂ। ਉਹ ਪਹਾੜੀ ਇਲਾਕਾ ਸੀ, ਉੱਥੇ ਇਕ ਗਾਰ ਦੇ ਵਿੱਚ ਲੁੱਕ ਗਏ ਜਾ ਕੇ। ਦੋ ਦਿਨ ਹੋ ਗਏ ਸਾਨੂੰ ਉਸ ਵਿੱਚ ਛੁੱਪਿਆਂ ਹੋਇਆਂ। ਜਿਸ ਵਕਤ ਸਾਡਾ ਐਮਰਜੈਂਸੀ (ਆਪਾਤਕਾਲੀ) ਰਾਸ਼ਨ ਵੀ ਖ਼ਤਮ ਹੋ ਗਿਆ, ਪਾਣੀ ਦੀ ਬੋਤਲ (ਵਾਟਰ ਬੋਤਲ) ਦਾ ਪਾਣੀ ਵੀ ਖ਼ਤਮ ਹੋ ਗਿਆ ਫਿਰ ਅਸੀਂ ਪਿਆਸੇ ਤੇ ਭੁੱਖੇ ਮਰਨ ਲੱਗੇ। ਉਸ ਵੇਲੇ (ਉਹ ਸੂਬੇਦਾਰ ਬਲਵੰਤ ਸਿੰਘ ਦੱਸ ਰਿਹਾ ਹੈ) ਮੈਂ ਬਾਬਾ ਨੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਸੀ। ਮੈਨੂੰ ਪਤਾ ਨਹੀਂ ਕੀ ਖ਼ਿਆਲ ਆਇਆ ਹੈ ਕਿ ਮੈਂ ਆਪਣੇ ਬੂਟ ਲਾਹੇ ਅਤੇ ਉੱਠ ਕੇ ਖੜ੍ਹਾ ਹੋ ਗਿਆ। ਹੱਥ ਜੋੜ੍ਹ ਕੇ ਮੈਂ ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਦੇ ਚਰਨ ਕਮਲਾਂ ਵਿੱਚ ਅਰਦਾਸ ਕੀਤੀ ਹੈ ਕਿ-

ਗਰੀਬ ਨਿਵਾਜ਼ ! ਤੁਹਾਨੂੰ ਗੁਰੂ ਨਾਨਕ ਸਰੂਪ ਕਹਿੰਦੇ ਹਨ, ਗਰੀਬ ਨਿਵਾਜ਼! ਅਸੀਂ ਮੌਤ ਦੇ ਮੂੰਹ ਵਿੱਚ ਫਸੇ ਹੋਏ ਹਾਂ। ਗਰੀਬ ਨਿਵਾਜ਼ ! ਬਹੁੜੋ, ਸਾਨੂੰ ਬਚਾਓ।

ਕਹਿੰਦਾ- ਮੈਂ ਨਿਮਰਤਾ ਵਿੱਚ ਰੋ ਕੇ ਇੱਦਾਂ ਦੀ ਅਰਦਾਸ ਕੀਤੀ ਹੈ ਅਤੇ ਉਹ ਸਾਥੀ ਵੀ ਬੂਟ ਲਾਹ ਕੇ ਮੇਰੇ ਨਾਲ ਹੱਥ ਜੋੜੀ ਖੜ੍ਹਾ ਹੈ। ਕਹਿਣ ਲੱਗਾ-ਕੋਈ ਇਕ, ਡੇਢ ਘੰਟਾ ਬੀਤਿਆ ਹੈ ਬਾਹਰੋਂ ਇਕ ਬਿਰਧ ਔਰਤ ਆਵਾਜ਼ ਦਿੰਦੀ ਹੈ, ਉਨ੍ਹੇ ਅੰਗ੍ਰੇਜੀ ਵਿੱਚ ਕਿਹਾ ਕਿ ਤੁਸੀਂ ਦੋ ਜਨੇ ਅੰਦਰ ਭੁੱਖੇ ਅਤੇ ਪਿਆਸੇ ਹੋ, ਮੈਂ ਤੁਹਾਡੇ ਵਾਸਤੇ ਖਾਣਾ ਅਤੇ ਜਲ ਲੈ ਕੇ ਆਈ ਹਾਂ, ਤੁਸੀਂ ਦੋਨੋਂ ਬਾਹਰ ਆ ਜਾਓ।  ਕਹਿੰਦੇ ਜਿਸ ਵਕਤ ਉਸ ਆਵਾਜ਼ ਵਿੱਚ ਜਿੰਨੀ ਸਚਾਈ ਅਤੇ ਦਰਦ ਦੇਖੀ, ਇਕ ਦਮ ਅਸੀਂ ਦੋਨੋਂ ਬਾਹਰ ਆ ਗਏ। ਦੇਖਿਆ ਇਕ ਬਿਰਧ ਅੰਗ੍ਰੇਜ ਇਸਾਈ ਔਰਤ ਖੜ੍ਹੀ ਹੈ ਅਤੇ ਉਹਦੇ ਇਕ ਹੱਥ ਵਿੱਚ ਵੱਡਾ ਟੀਫਿਨ ਕੈਰੀਅਰ (ਰੋਟੀ ਦਾ ਡੱਬਾ) ਹੈ ਤੇ ਇਕ ਹੱਥ ਵਿੱਚ ਜਲ ਹੈ। ਉਸ ਵੇਲੇ ਉਹ ਕਹਿਣ ਲੱਗੀ- ਤੁਸੀਂ ਬਹੁਤ ਭੁੱਖੇ ਹੋ, ਅਤੇ ਪਿਆਸੇ ਹੋ ਅੰਗ੍ਰੇਜੀ ਵਿੱਚ ਕਹਿਣ ਲੱਗੀ, ਪਹਿਲੋਂ ਤੁਸੀਂ ਬਹਿ ਜਾਓ। ਕਹਿੰਦਾ ਜੀ, ਅਸੀਂ ਵੀ ਬਹੁਤ ਭੁੱਖੇ ਸੀ ਬਹਿ ਗਏ ਉਸੇ ਵੇਲੇ, ਉਹਦਾ ਅੰਗ੍ਰੇਜੀ ਹੀ ਖਾਣਾ ਸੀ ਰੋਟੀ ਦਾ ਡੱਬਾ ਬਹੁਤ ਭਰਿਆ ਪਿਆ ਸੀ ਉਹ ਅਸੀਂ ਦੋਨਾਂ ਨੇ ਬਹੁਤ ਰੱਜ ਕੇ ਖਾਧਾ ਅਤੇ ਜਲ ਛੱਕਿਆ। ਫਿਰ ਪੁੱਛਿਆ- ਹੇ ਮਾਤਾ! ਇਹ ਦਸ ਕਿ ਸਾਡਾ ਤੈਨੂੰ ਪਤਾ ਕਿੱਦਾਂ ਲੱਗਾ? ਫਿਰ ਜੋ ਉਸ ਨੇ ਦਸਿਆ ਉਹ ਸੂਬੇਦਾਰ ਬਲਵੰਤ ਸਿੰਘ ਦਸ ਰਿਹਾ ਹੈ। ਕਹਿਣ ਲੱਗਾ ਕਿ ਉਸਨੇ ਉਹੀ ਟਾਇਮ ਦਸਿਆ ਜਿਸ ਵਕਤ ਤੇ ਇਨ੍ਹਾਂ ਨੇ ਅਰਦਾਸ ਕੀਤੀ ਸੀ।

ਕਹਿੰਦੀ- ਮੈਂ ਆਪਣੇ ਘਰ ਸੁੱਤੀ ਪਈ ਸੀ, ਆਹ ਸਭ ਤੋਂ ਨੇੜੇ ਦਾ ਪਿੰਡ ਮੇਰਾ ਪਿੰਡ ਹੈ। ਉਸ ਵੇਲੇ ਮੇਰੇ ਹਜ਼ਰਤ ਈਸਾ (ਲਾਰਡ ਕਰਾਇਸਟ) ਨੇ ਮੈਨੂੰ ਦਰਸ਼ਨ ਦਿੱਤੇ। ਕਹਿਣ ਲੱਗੀ- ਮੈ 40 ਸਾਲ ਤੋਂ ਲਾਰਡ ਕਰਾਇਸਟ ਦੀ ਤੱਪਸਿਆ, ਪੂਜਾ ਕਰਦੀ ਹਾਂ। ਮੈਨੂੰ ਪਹਿਲੀ ਵਾਰੀ ਉਨ੍ਹਾਂ ਦੇ ਦਰਸ਼ਨ ਹੋਏ, ਪ੍ਰਕਾਸ਼ ਹੋਇਆ। ਮੈਂ ਗਦ-ਗਦ ਹੋ ਗਈ, ਹੈਰਾਨ ਹੋ ਰਹੀ ਹਾਂ ਸੁੱਪਨੇ ਦੇ ਵਿੱਚ ਕਿ ਅੱਜ ਮੈਨੂੰ ਕਿਹਦੇ ਦਰਸ਼ਨ ਹੋ ਰਹੇ ਹਨ। ਐਨੀਂ ਦੇਰ ਨੂੰ ਫਿਰ ਇਕ ਦਮ ਉਨ੍ਹਾਂ ਦਾ ਸਰੂਪ ਬਦਲਿਆ ਹੈ ਤੇ ਇਕ ਬਾਬਾ ਜੀ ਦੇ ਤੌਰ ਤੇ ਉਨ੍ਹਾਂ ਦੇ ਦਰਸ਼ਨ ਹੋਏ ਹਨ। ਉਹ ਸਿੱਖ ਮਹਾਤਮਾ ਹਨ, ਸਫੈਦ ਉਨ੍ਹਾਂ ਦੇ ਬਸਤਰ ਹਨ ਉਹ ਪੂਰਾ ਉਨ੍ਹੇ ਉਹ ਨਕਸ਼ਾ ਦਸਿਆ। ਇਸ ਤੋਂ ਬਾਅਦ ਉਹ ਲਾਰਡ ਕਰਾਇਸਟ (ਹਜ਼ਰਤ ਈਸਾ) ਦੇ ਸਰੂਪ ਵਿੱਚ ਬਦਲ ਗਏ ਅਤੇ ਹਜ਼ਰਤ ਈਸਾ (ਲਾਰਡ ਕਰਾਇਸਟ) ਕਹਿ ਰਹੇ ਹਨ ਕਿ ਸਾਡੇ ਦੋ ਭਗਤ ਇਸ ਵੇਲੇ ਭੁੱਖੇ ਤੇ ਪਿਆਸੇ ਤੇਰੇ ਕੋਲ ਗਾਰ ਵਿੱਚ ਉੱਥੇ ਛੁਪੇ ਹੋਏ ਹਨ। ਜੋ ਕੁਝ ਤੇਰੇ ਘਰ ਵਿੱਚ ਹੈ ਸਭ ਕੁਝ ਲੈ ਜਾਹ, ਪਰਸ਼ਾਦਾ, ਜਲ ਲੈ ਜਾ। ਉਨ੍ਹਾਂ ਨੂੰ ਜਾ ਕੇ ਪਹਿਲੋਂ ਪਰਸ਼ਾਦਾ ਛਕਾ ਤੇ ਫਿਰ ਉਨ੍ਹਾਂ ਨੂੰ ਆਪਣੇ ਘਰ ਲੈ ਆਈਂ। ਘਰ ਲਿਆ ਕੇ ਕੱਲ ਰਾਤ ਉਨ੍ਹਾਂ ਨੂੰ  ਉਨ੍ਹਾਂ  ਦੇ  ਰਹਾਇਸ਼  ਅਸਥਾਣ (ਲਾਈਨਜ਼) ਤੱਕ ਪਹੁੰਚਾ ਕੇ ਆਈ, ਉੱਥੋ ਤਕ ਛੱਡ ਕੇ ਆਈਂ,

ਕਹਿੰਦਾ- ਜੀ ਮੈਂ ਤਾਂ ਰੋਣਾ ਸ਼ੁਰੂ ਕਰ ਦਿੱਤਾ ਕਿ ਹੇ ਬਾਬਾ ਨੰਦ ਸਿੰਘ ਸਾਹਿਬ ਤੇਰਾ ਇਹ ਖੇਡ, ਮੈਂ ਇੰਨਾ ਰੋਇਆ ਉਸ ਵੇਲੇ ਕਿ ਹੇ ਗਰੀਬ ਨਿਵਾਜ਼ ! ਮੌਤ ਦੇ ਸ਼ਿਕੰਜੇ ਤੋਂ ਛੁਡਾਉਣ ਵਾਲੇ ਬਾਬਾ ਨੰਦ ਸਿੰਘ ਸਾਹਿਬ। ਉਸੇ ਵੇਲੇ ਉਹਦੇ ਨਾਲ ਤੁਰੇ ਹਾਂ ਉਹਦੇ ਘਰ ਵਿੱਚ ਆਏ ਹਾਂ। ਉਸ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਸਾਨੂੰ ਘਰ ਵਿੱਚ ਰੱਖਿਆ ਸਾਡੀ ਸੇਵਾ ਕੀਤੀ। ਅਗਲੀ ਰਾਤ ਸਾਨੂੰ ਫਿਰ ਲੈ ਕੇ ਸਾਨੂੰ ਸਾਡੇ ਫੌਜੀ ਰਹਾਇਸ਼ ਅਸਥਾਣ ਤਕ ਗਈ ਹੈ, ਅਸੀਂ ਪੁੱਛਿਆ ਕਿ ਮਾਤਾ! ਤੁਹਾਨੂੰ ਡਰ ਨਹੀਂ ਲਗਦਾ? ਕਹਿਣ ਲੱਗੀ ਜਿਸ ਦੇ ਨਾਲ ਹਜ਼ਰਤ ਈਸਾ (ਲਾਰਡ ਕਰਾਇਸਟ) ਹੋਵੇ, ਜਿਸ ਦੇ ਨਾਲ ਤੁਹਾਡੇ ਬਾਬਾ ਜੀ ਹੋਣ ਉਹਨੂੰ ਮੌਤ ਤੋਂ ਕਿੱਦਾਂ ਡਰ ਆ ਸਕਦਾ ਹੈ। ਚਲੀ ਹੈ ਜਿਸ ਵਕਤ ਸਾਡੀ ਰਹਾਇਸ਼ ਤਕ ਪਹੁੰਚੀ ਹੈ ਸਾਨੂੰ ਛੱਡ ਕੇ ਫਿਰ ਆਗਿਆ ਲੈ ਕੇ ਵਾਪਿਸ ਆਈ ਹੈ। ਉੱਥੇ ਜਿਹੜੇ ਹੋਰ ਜਨੇ ਸੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸਾਡੇ ਸੂਬੇਦਾਰ ਹਨ ਉਨ੍ਹਾਂ ਨੇ ਉਸ ਔਰਤ ਨੂੰ ਦੇਖਿਆ ਕਿ ਉਹ ਛੱਡ ਕੇ ਜਾ ਰਹੀ ਹੈ, ਗੱਲ ਫੈਲ ਗਈ।

ਪੰਜਾਬ ਦਾ ਇਕ ਅਫਸਰ (ਅੰਡਰ ਸੈਕਟਰੀ) ਇਸੇ ਘਰ ਵਿੱਚ ਇਕ ਦੀਵਾਨ ਵਿਚ ਬੈਠਾ ਸੀ। ਜਿਸ ਵਕਤ ਇਹ ਦਾਸ ਘਟਨਾ ਦਸ ਰਿਹਾ ਸੀ ਉਹ ਉੱਠ ਕੇ ਖੜ੍ਹਾ ਹੋ ਗਿਆ। ਕਹਿਣ ਲੱਗਾ ਕਿ ਜੀ ਉਹ ਸੂਬੇਦਾਰ ਬਲਵੰਤ ਸਿੰਘ ਸਾਡੀ ਪਲਟਨ ਦਾ ਸੀ। ਉਹ ਸਾਡੀ ਪਲਟਨ ਵਿੱਚ ਸੀ ਅਤੇ ਮੈਂ ਉਸ ਵੇਲੇ ਰੀਕਾਰਡ ਆਫਿਸ ਦੇ ਵਿੱਚ ਨੋਕਰੀ ਕਰਦਾ ਸੀ। ਫਿਰ ਕਹਿਣ ਲੱਗਾ ਉੱਥੋਂ ਡਿਵੀਜ਼ਨਲ ਲੇਅਜ਼ਨ ਲੈਟਰ (ਪ੍ਰਾਦੇਸਿਕ ਘਟਨਾਂ ਸੰਪਰਕ ਪੱਤਰ) ਆਇਆ ਹੈ ਇਸ ਘਟਨਾਂ ਦੇ ਬਾਅਦ ਅਤੇ ਉਸ ਦੇ ਵਿੱਚ ਇਕ ਵਾਕਿਆ ਦਸਿਆ ਗਿਆ ਹੈ ਕਿ ਇਕ ਅੰਗੇਜ ਪਰੀ ਨੇ ਸਾਡੇ ਦੋ ਜਵਾਨਾਂ ਨੂੰ ਕਿਸ ਤਰ੍ਹਾਂ ਆ ਕੇ ਮੌਤ ਦੇ ਸ਼ਿਕੰਜੇ ਵਿੱਚੋਂ ਛੁਡਾਇਆ ਹੈ। ਆਪਣੇ ਘਰ ਲਿਜਾ ਕੇ ਰੱਖਿਆ ਅਤੇ ਕਿਸ ਤਰ੍ਹਾਂ ਸਾਡੇ  ਰਿਹਾਇਸ਼ੀ ਅਸਥਾਨ ਤਕ ਛੱਡ ਕੇ ਗਈ ਹੈ। ਕਹਿੰਦੇ ਸਾਰਾ ਇਨਸੀਡੈਨਟ (ਘਟਨਾਂ) ਡਿਵੀਜ਼ਨਲ ਲੇਅਜ਼ਨ ਲੈਟਰ (ਪ੍ਰਾਦੇਸਿਕ ਸੰਪਰਕ ਪੱਤਰ) ਵਿੱਚ ਆਇਆ ਹੈ। ਸਾਧ ਸੰਗਤ ਜੀ, ਸੂਬੇਦਾਰ ਬਲਵੰਤ ਸਿੰਘ ਰੋ ਰਿਹਾ ਹੈ ਉਸਨੂੰ ਪਿਤਾ ਜੀ ਨੇ ਬੜਾ ਪਿਆਰ ਕੀਤਾ ਅਤੇ ਫਿਰ ਉਹ ਕਹਿਣ ਲੱਗਾ ਕਿ ਜਿਹੜਾ ਉਹ ਨਿਰੰਕਾਰ ਦਾ ਪ੍ਰਕਾਸ਼ ਇੱਥੇ ਸੀ ਇਕ ਵਾਰੀ ਦਰਸ਼ਨ ਕੀਤੇ, ਹੁਣ ਮੈਂ ਰੋ ਰਿਹਾ ਹਾਂ ਕਿ ਉਹ ਤਾਂ ਭਾਣਾ ਵਰਤਾ ਗਏ ਹਨ, ਖੇਡ ਖੇਡ ਗਏ ਹਨ। ਇਕ ਵਾਰੀ ਦਰਸ਼ਨ ਕੀਤੇ ਹਨ ਤੇ ਅਸੀਂ ਉਨ੍ਹਾਂ ਦੇ ਦਰਸ਼ਨਾਂ ਦਾ ਵੀ ਫਾਇਦਾ ਨਹੀਂ ਉਠਾ ਸਕੇ।

ਬਾਬੇ ਜਤੀ ਸਤੀ ਤਪੱਸਵੀ ਨੇ,
ਉਹ ਰਾਮ ਨਾਮ ਦੇ ਤਾਜ਼ਰ ਨੇ।
ਉਹ ਭੂਤ ਭਵਿੱਖ ਤੇ ਵਰਤਮਾਨ,
ਹਰ ਸਮੇ 'ਚ ਹਾਜ਼ਰ ਨਾਜ਼ਰ ਨੇ।

ਬਾਬੇ ਤਾਂ ਹਾਜ਼ਰ ਨਾਜ਼ਰ ਨੇ,
ਉਹ ਮੁੱਖੜਾ ਕਦੋਂ ਛੁਪਾਂਦੇ ਨੇ।
ਪਰ ਨਜ਼ਰ ਜਿਨ੍ਹਾਂ ਦੀ ਉਜਲੀ ਏ,
ਉਹ ਨਜ਼ਰ  ਉਨ੍ਹਾਂ ਨੂੰ ਆਉਂਦੇ ਨੇ।

ਧੰਨ ਧੰਨ ਬਾਬਾ ਨੰਦ ਸਿੰਘ ਜੀ,
ਧੰਨ ਹੈ ਤੇਰੀ ਵਡਿਆਈ।
ਸੰਗਤ ਗਾਉਂਦੀ, ਦੇਵਤੇ ਗਾਉਂਦੇ,
ਗਾਉਂਦੀ ਕੁੱਲ ਖੁਦਾਈ।  
ਜਿੰਨੇ ਵੀ ਤੇਰੇ ਦਰਸ਼ਨ ਕੀਤੇ

ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਹੈ ਕੌਣ ? ਉਹ ਪ੍ਰਕਾਸ਼ ਹੈ ਕੌਣ?

1947 ਦੀ ਵੰਡ ਸਮੇ ਜੋ ਤਾਂਡਵ ਹੋਇਆ, ਉਸ ਵੇਲੇ ਤਾਂ ਬਾਬਾ ਜੀ ਖੇਡ ਵਰਤਾ ਗਏ ਸੀ ਪਰ ਜੋ ਉਸ ਵੇਲੇ ਭਾਣੇ ਵਰਤੇ ਹਨ, ਜੋ ਖੇਡ ਹੋਏ ਹਨ ਅਤੇ ਜਿਸ ਤਰ੍ਹਾਂ ਬਾਬਾ ਨੰਦ ਸਿੰਘ ਸਾਹਿਬ ਵਰਤੇ ਹਨ ਹੈਰਾਨੀ ਦੀ ਗੱਲ ਹੈ। ਐਨੇ ਹਿੰਦੂ ਤੇ ਸਿੱਖ ਉਸ ਪਾਸਿਉਂ ਜਿਨ੍ਹਾਂ ਨੇ ਬਾਬਾ ਨੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਸੀ, ਉਹ ਆਏ ਹਨ ਅਤੇ ਇਧਰੋਂ ਕਈ ਮੁਸਲਮਾਨ ਜਿਨ੍ਹਾਂ ਨੇ ਬਾਬਾ ਨੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਸੀ, ਉਹ ਉੱਧਰ ਗਏ ਹਨ। ਉਸ ਤਾਂਡਵ ਦੇ ਵਿੱਚ, ਜੋ ਮੌਤ ਦਾ ਨਾਚ ਹੋਇਆ ਹੈ, ਬੜੀ ਸੰਗਤ ਉਸ ਵੇਲੇ ਪਿਤਾ ਜੀ ਕੋਲ ਲੁਧਿਆਣੇ ਪਹੁੰਚੀ ਹੈ। ਪਿਤਾ ਜੀ ਲੁਧਿਆਣੇ ਜ਼ਿਲ੍ਹੇ ਦੇ ਪੁਲਿਸ ਮੁਖੀ ਸਨ। ਪੱਤੋਕੀ ਦੀ ਸੰਗਤ, ਝੰਗ-ਮਘਿਆਣੇ ਦੀ ਸੰਗਤ, ਮਿੰਟਗੁਮਰੀ ਦੀ ਸੰਗਤ, ਉਨ੍ਹਾਂ ਨੇ ਆਪਣੀਆਂ ਹੱਡ ਬੀਤੀਆਂ ਦਸੀਆਂ ਹਨ। ਪਿਤਾ ਜੀ ਨੇ ਉਸ ਵੇਲੇ ਰੱਜ ਕੇ ਉਨ੍ਹਾਂ ਦੀ ਸੇਵਾ ਕੀਤੀ। ਮੈਨੂੰ ਇਹ ਪਤਾ ਹੈ ਕਿ ਸਾਡੇ ਘਰ ਉਸ ਵੇਲੇ ਕੋਈ ਕੰਬਲ ਤੇ ਰਜਾਈ ਤਕ ਨਹੀਂ ਰਹਿ ਗਏ ਸੀ ਕਿਉਂਕਿ ਉਨ੍ਹਾਂ ਪਾਸ ਕੋਈ ਕਪੜਾ ਵੀ ਨਹੀਂ ਸੀ। ਜੋ ਪਿਤਾ ਜੀ ਉਸ ਵੇਲੇ ਸੇਵਾ ਕਰ ਸਕਦੇ ਸੀ, ਉਨ੍ਹਾਂ ਨਾਲ ਜਾ-ਜਾ ਕੇ ਉਨ੍ਹਾਂ ਨੂੰ ਸੈਟਲ ਕਰਵਾਇਆ। ਉਨ੍ਹਾਂ ਵਾਸਤੇ ਜਗ੍ਹਾ ਦੇ ਬੰਦੋਬਸਤ ਕੀਤੇ। ਜਿਹੜੇ ਮੁਸਲਮਾਨ ਇਸ ਪਾਸੋਂ ਗਏ ਸੀ ਉਨ੍ਹਾਂ ਵਿੱਚ ਉਹ ਮਲਾਹ (ਗੋਤਾਖੋਰ) ਵੀ ਸਨ ਜਿਨ੍ਹਾਂ ਦੀ ਸਾਖੀ ਤੁਸੀਂ ਪਹਿਲੋਂ ਸੁਣ ਚੁਕੇ ਹੋ। ਉਹ ਗਏ ਹਨ ਪਰ ਹੈਰਾਨੀ ਦੀ ਗੱਲ ਹੈ ਜਦੋਂ ਕਈ ਮੁਸਲਮਾਨਾਂ ਨੇ ਉੱਥੇ ਪਹੁੰਚ ਕੇ ਟੈਲੀਫੋਨ ਕਰਕੇ ਦਸਿਆ ਕਿ ਸਾਨੂੰ ਇਕ ਝਰੀਟ ਤਕ ਨਹੀਂ ਆਈ।

ਸਾਧ ਸੰਗਤ ਜੀ, ਜਿਸ ਨੇ ਵੀ ਬਾਬਾ ਨੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਸੀ, ਜਿਸ ਨੇ ਵੀ ਬਾਬਾ ਨੰਦ ਸਿੰਘ ਸਾਹਿਬ ਦੇ ਮੁਖਾਰਬਿੰਦ ਤੋਂ ਬਚਨ ਸੁਣ ਕੇ ਜਿੰਨ੍ਹਾਂ ਨੇ ਵੀ ਅੱਲਾ ਦਾ, ਜਿੰਨ੍ਹਾਂ ਨੇ ਵੀ ਰਾਮ ਦਾ, ਜਿਨ੍ਹਾਂ ਨੇ ਵੀ ਰਹੀਮ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਸੀ, ਜਿਹੜੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ, ਕੁਰਾਨ ਸ਼ਰੀਫ਼ ਦੇ ਨਾਲ, ਰਾਮਾਇਣ ਤੇ ਭਗਵਤ ਗੀਤਾ ਦੇ ਨਾਲ ਜੁੜ ਗਏ ਸੀ, ਕੀ ਮਜਾਲ ਹੈ ਕਿਸੇ ਦਾ ਵਾਲ ਵੀ ਵਿੰਗਾ ਹੋਇਆ ਹੋਵੇ।

ਜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਧਰੋਂ ਤੁਰੇ ਆ ਰਹੇ ਹਨ ਤਾਂ ਹਜ਼ਾਰਾ ਦੀ ਤਾਦਾਦ ਵਿੱਚ ਬਾਬਾ ਨੰਦ ਸਿੰਘ ਸਾਹਿਬ ਹਰ ਇਕ ਦੇ ਨਾਲ ਤੁਰੇ ਆ ਰਹੇ ਹਨ, ਜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਧਰੋਂ ਤੁਰੇ ਜਾ ਰਹੇ ਹਨ ਤਾਂ ਕਈ ਹਜ਼ਾਰ ਮੇਰੇ ਬਾਬਾ ਨੰਦ ਸਿੰਘ ਸਾਹਿਬ ਉਨ੍ਹਾਂ ਨਾਲ ਤੁਰੇ ਜਾ ਰਹੇ ਹਨ।

ਗੁਰੂ ਨਾਨਕ ਦਾਤਾ ਬਖਸ਼ ਲੈ। 
ਬਾਬਾ ਨਾਨਕ ਬਖਸ਼ ਲੈ॥