Humbly request you to share with all you know on the planet!
ਬਾਬਾ ਜੀ ਫੁਰਮਾਉਂਦੇ ਹਨ ਕਿ-
ਸਾਧ ਸੰਗਤ ਜੀ ਸਭ ਤੋਂ ਪਹਿਲੇ ਇਸ ਜੀਵਨ ਨੂੰ ਅੰਮ੍ਰਿਤ ਮਈ ਬਣਾਉਣ ਵਾਸਤੇ ਸਾਨੂੰ ਆਪਣਾ ਪਰਮ ਲਕਸ਼ ਪਛਾਨਣਾ ਚਾਹੀਦਾ ਹੈ, ਸਾਡਾ ਪਰਮ ਲਕਸ਼ ਕੀ ਹੈ ? ਸਾਡਾ ਪਰਮ ਲਕਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਦੂਜੀ ਚੀਜ਼ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ, ਮਤਲਬ ਦਾਸ, ਸੇਵਕ, ਚਾਕਰ।
ਇਸ ਰਿਸ਼ਤੇ ਬਾਰੇ ਫੁਰਮਾਇਆ-
ਸਿੱਖ ਅਤੇ ਗੁਰੂ ਦਾ ਰਿਸ਼ਤਾ ਸੱਭ ਤਂ ਪਾਕ ਰਿਸ਼ਤਾ ਹੈ, ਇਸ ਪਾਕ ਰਿਸ਼ਤੇ ਵਿੱਚ ਮਾਇਆ ਨਹੀਂ ਆਉਂਣੀ ਚਾਹੀਦੀ। ਇਸ ਪਾਕ ਰਿਸ਼ਤੇ ਦੇ ਅੱਗੇ ਖੁਦਾ ਵੀ ਆਪਣਾ ਸੀਸ ਝੁਕਾਉਂਦਾ ਹੈ।
ਜਿਸ ਵਕਤ ਸਾਨੂੰ ਇਹ ਰਿਸ਼ਤਾ ਸਮਝ ਆ ਜਾਏ ਕਿ ਸਾਡਾ ਸਾਹਿਬ ਨਾਲ ਇਹ ਰਿਸ਼ਤਾ ਹੈ ਫਿਰ ਪਰਮ ਲਕਸ਼ ਤਕ ਸਾਨੂੰ ਸੀਧ ਮਿਲ ਜਾਂਦੀ ਹੈ। ਫਿਰ ਸਾਨੂੰ ਅੱਗੇ ਪਤਾ ਲੱਗਦਾ ਹੈ ਕਿ ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-
ਸਤਿਗੁਰੂ ਕੀ ਕਰਦਾ ਹੈ ? ਸਤਿਗੁਰੂ ਸਿੱਖ ਨੂੰ ਵਾਸ਼ਨਾਵਾਂ, ਤ੍ਰਿਸ਼ਨਾਵਾਂ, ਕਾਮਨਾਵਾਂ ਤੋਂ ਕੱਢ ਕੇ ਅਭੈ ਤੇ ਆਜਾਦ ਕਰ ਦਿੰਦਾ ਹੈ।
ਫੁਰਮਾਉਣ ਲੱਗੇ-
ਜਿਹੜੀਆਂ ਦੁਨੀਆਵੀ ਮੰਗਾਂ ਹਨ, ਇਹ ਦੋ ਦੋ ਦਿਨ ਦੀਆਂ ਦੁਨਿਆਵੀ ਸੰਸਾਰ ਦੀਆਂ ਪਰਉਣੀਆਂ ਮੰਗਾ, ਜਿਨ੍ਹਾਂ ਦੀ ਥੋੜ ਰੋਜ਼ ਹੀ ਪਈ ਰਹਿਣੀ ਹੈ ਸਤਿਗੁਰੂ ਇਹਨਾਂ ਤੋਂ ਕੱਢ ਲੈਂਦਾ ਹੈ, ਅਭੈ ਤੇ ਆਜਾਦ ਕਰ ਦਿੰਦਾ ਹੈ। ਸਤਿਗੁਰੂ ਸਿੱਖ ਨੂੰ ਭਾਣੇ ਦੀ ਮੂਰਤ ਸਜਾ ਦਿੰਦਾ ਹੈ। ਹੁਕਮ ਅਤੇ ਰਜ਼ਾ ਵਿੰਚ ਟਕਾ ਦਿੰਦਾ ਹੈ ਅਤੇ ਸਤਿਗੁਰੂ ਸਿੱਖ ਨੂੰ ਭਾਣੇ ਦੇ ਸਾਂਚੇ ਵਿੱਚ ਘੜ੍ਹ ਤੇ ਮੜ੍ਹ ਦਿੰਦਾ ਹੈ। ਇਹ ਸਤਿਗੁਰੂ ਕਰਦਾ ਹੈ।
ਪਿਤਾ ਜੀ ਇੱਕ ਦਿਨ ਕਹਿਣ ਲੱਗੇ-
ਜਿਸ ਵਕਤ ਸਿੱਖ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਬੈਠਦਾ ਹੈ, ਸਤ ਸਰੂਪ ਹੋ ਕੇ ਬੈਠਦਾ ਹੈ ਤੇ ਉਸ ਵੇਲੇ ਹੁੰਦਾ ਕੀ ਹੈ! ਸਾਹਿਬ ਦੇ ਤਿੰਨ ਪ੍ਰਕਾਸ਼ ਹਨ, ਤਿਨ ਗੁਣ, ਸਰੂਪ ਹਨ। ਪਹਿਲਾ ਤਾ ਹੈ 'ਤੂੰ' ਸਰੂਪ,
ਕਹਿਣ ਲੱਗੇ-
ਸ੍ਰੀ ਗ੍ਰੰਥ ਸਾਹਿਬ ਦੇ ਹਰ ਇੱਕ ਸ਼ਬਦ ਦਾ ਤੱਤ ਕੀ ਹੈ ? ਹਰ ਇੱਕ ਸ਼ਬਦ ਦਾ ਤੱਤ ਹੈ 'ਮੈਂ' ਨਹੀਂ ਸਿਰਫ 'ਤੂੰ'।
ਕਹਿਣ ਲੱਗੇ-
ਸਾਧ ਸੰਗਤ ਜੀ ! ਜਿਸ ਵਕਤ ਸਿੱਖ, ਗੁਰਮੁੱਖ ਸਾਹਿਬ ਦੇ ਚਰਨਾਂ ਵਿੱਚ ਸਨਮੁੱਖ ਹੋ ਕੇ ਬੈਠਦਾ ਹੈ, ਉਸ ਪ੍ਰਕਾਸ਼ ਵਿੱਚ, ਉਸ 'ਤੂੰ' ਦੇ ਪ੍ਰਕਾਸ਼ ਵਿੱਚ 'ਮੈਂ' ਬਹੁਤ ਪਿੱਛੇ ਰਹਿ ਜਾਂਦੀ ਹੈ।
ਦੂਜਾ ਪ੍ਰਕਾਸ਼ ਹੈ 'ਪ੍ਰੇਮ' ਸਰੂਪ, ਸਾਹਿਬ ਪ੍ਰੇਮ ਸਰੂਪ ਹਨ। ਪ੍ਰੇਮ ਵਿੱਚ ਕੋਈ ਮਜ਼੍ਹਬ ਤੇ ਧਰਮ ਦਾ ਵਿਤਕਰਾ ਨਹੀਂ ਹੁੰਦਾ। ਪ੍ਰੇਮ ਵਿੱਚ ਕੋਈ ਜਾਤ-ਪਾਤ ਨਹੀ ਹੁੰਦੀ। ਪ੍ਰੇਮ ਵਿੱਚ ਕੋਈ ਊਚ ਨੀਚ ਨਹੀਂ, ਪ੍ਰੇਮ ਵਿੱਚ ਕੋਈ ਛੋਟਾ ਵੱਡਾ ਨਹੀਂ। ਉਸ ਪ੍ਰੇਮ ਸਰੂਪ ਦੇ ਸਨਮੁੱਖ ਹੋਇਆਂ ਰੂਬਰੂ ਬੈਠਿਆਂ ਗੁਰਮੁੱਖ ਦੇ ਵਾਸਤੇ ਨਫਰਤ, ਈਰਖਾ, ਰਾਗ - ਦਵੈਸ਼ ਇਹ ਚੀਜਾਂ ਬਹੁਤ ਪਿੱਛੇ ਰਹਿ ਜਾਂਦੀਆਂ ਹਨ।
ਤੀਜਾ ਸਰੂਪ, ਤੀਜਾ ਪ੍ਰਕਾਸ਼ ਉਨ੍ਹਾਂ ਨੇ ਦੱਸਿਆ 'ਦਯਾ' ਸਰੂਪ ਹੈ। ਸਾਧ ਸੰਗਤ ਜੀ ਦਯਾ ਸਰੂਪ ਸਾਹਿਬ ਸਭ ਤੋਂ ਵੱਡੀ ਬਖਸ਼ਿਸ਼ ਅਤੇ ਦਯਾ ਕਰ ਰਹੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾਂ ਪ੍ਰਕਾਸ਼, 'ਦਯਾ' ਸਰੂਪ ਦਾ ਸਭ ਤੋਂ ਵੱਡਾ ਪ੍ਰਕਾਸ਼, ਸਾਧ ਸੰਗਤ ਜੀ ਕਮਾਲ ਹੀ ਕਮਾਲ ਹੈ।
ਉਸ ਦਯਾ ਸਰੂਪ ਦਾ ਫਿਰ ਜੇ ਉਸ ਦੇ ਸ਼ਿਖਰ ਦਾ ਚਮਤਕਾਰ ਦੇਖਣਾ ਹੋਵੇ, ਸ਼ਿਖਰ ਦੀ ਬਚਿੱਤਰ ਲੀਲ੍ਹਾ ਦੇਖਣੀ ਹੋਵੇ ਤਾਂ ਸਾਹਿਬ ਨੂੰ ਤੱਤੀ ਤਵੀ ਤੇ ਬੈਠਿਆਂ ਉਨ੍ਹਾਂ ਦੇ ਦਰਸ਼ਨ ਕਰੋ।
ਸਾਹਿਬ ਉਸ ਵੇਲੇ ਕਿਹੜੀ ਦਯਾ ਤੇ ਤਰਸ ਕਰ ਰਹੇ ਹਨ। ਉਸ ਪ੍ਰਕਾਸ਼ ਨੂੰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਕਿਹੜਾ ਨਵਾਂ ਰੂਪ ਰੰਗ ਦੇ ਰਹੇ ਹਨ। ਕਿੰਨੀ ਪਿਆਰੀ ਰੂਪ ਰੇਖਾ ਉਹਨੂੰ ਦੇ ਰਹੇ ਹਨ। ਉਸ ਸਾਹਿਬ ਦੇ ਚਰਨਾਂ ਵਿੱਚ ਅਸੀ ਨਮਸਕਾਰ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਇਨ੍ਹਾਂ ਵਿੱਚਾਰਾਂ ਨੂੰ ਸਾਝਾਂ ਕਰਕੇ ਇਸ ਦੇ ਪਰਮ ਲਕਸ਼ ਦੀ ਪ੍ਰਾਪਤੀ ਸਾਹਿਬ ਕਿਸ ਤਰ੍ਹਾ ਨਿਭਾਉਂਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸ ਤਰ੍ਹਾਂ ਦਰਸਾਉਂਦੇ ਹਨ। ਇਸ ਰਿਸ਼ਤੇ ਨੂੰ ਨਿਭਾਉਣ ਦੇ ਕੀ ਤਰੀਕੇ ਹਨ? ਉਹ ਕਿਸ ਤਰ੍ਹਾ ਬਾਬਾ ਨੰਦ ਸਿੰਘ ਸਾਹਿਬ ਦਰਸਾਉਂਦੇ ਹਨ। ਪਿਤਾ ਜੀ ਦਸਦੇ ਹਨ ਕਿ ਉਸ ਦਾਸਿਆ ਭਾਵ ਵਿੱਚ ਸਾਹਿਬ ਦੀ ਬਖਸ਼ਿਸ਼ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ।
ਆਓ ਪਹਿਲਾਂ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਮਸਤਕ ਟੇਕਦੇ ਹੋਏ ਸਾਹਿਬ ਦਾ ਸ਼ੁਕਰਾਨਾ ਕਰ ਲਈਏ, ਉਸ ਅਨੰਦ, ਉਸ ਪਰਮ ਸੁੱਖ, ਉਸ ਪਰਮ ਆਨੰਦ ਨੂੰ ਅਨੁਭਵ ਕਰੀਏ।
ਜਉ ਮੈਂ' ਅਪੁਨਾ ਸਤਿਗੁਰੁ ਧਿਆਇਆ॥
ਤਬ ਮੇਰੈ ਮਨਿ ਮਹਾ ਸੁਖੁ ਪਾਇਆ॥
ਮਿਟਿ ਗਈ ਗਣਤ ਬਿਨਾਸਿਉ ਸੰਸਾ॥
ਨਾਮਿ ਰਤੇ ਜਨ ਭਏ ਭਗਵੰਤਾ॥ ਰਹਾਉ
ਜਉ ਮੈਂ' ਅਪੁਨਾ ਸਾਹਿਬੁ ਚੀਤਿ॥
ਤਉ ਭਉ ਮਿਟਿਓ ਮੇਰੇ ਮੀਤ॥
ਜਉ ਮੈਂ' ਓਟ ਗਹੀ ਪ੍ਰਭ ਤੇਰੀ॥
ਤਾਂ ਪੂਰਨ ਹੋਈ ਮਨਸਾ ਮੇਰੀ॥
ਦੇਖਿ ਚਲਿਤ ਮਨਿ ਭਏ ਦਿਲਾਸਾ॥
ਨਾਨਕ ਦਾਸ ਤੇਰਾ ਭਰਵਾਸਾ॥
ਗੁਰੂ ਨਾਨਕ ਦਾਤਾ ਬਖਸ਼ ਲੈ।।
ਬਾਬਾ ਨਾਨਕ ਬਖਸ਼ ਲੈ ।।