ਨਿਰੰਕਾਰ, ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਮਹਾਨ ਆਸ਼ਿਕ ਦੀ ਪ੍ਰੇਮ ਲੀਲ੍ਹਾ
ਅਗਮ ਅਗਾਧਿ ਪਾਰਬ੍ਰਹਮੁ ਸੋਇ ॥
ਜੋ ਜੋ ਕਹੈ ਸੁ ਮੁਕਤਾ ਹੋਇ॥
ਸੁਨਿ ਮੀਤਾ ਨਾਨਕੁ ਬਿਨਵੰਤਾ॥
ਸਾਧ ਜਨਾ ਕੀ ਅਚਰਜ ਕਥਾ॥
ਸ੍ਰੀ ਸੁਖਮਨੀ ਸਾਹਿਬ
ਗੁਰੁ ਦਾਤਾ ਜੁਗ ਚਾਰੇ ਹੋਈ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 230
ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ॥
ਭਾਈ ਗੁਰਦਾਸ ਜੀ
ਹਰ ਜੁਗ ਦੇ ਵਿੱਚ ਆਉਂਦਾ ਹੈ, ਨਵੇਂ ਹੀ ਖੇਡ ਰੱਚ ਦਿੰਦਾ ਹੈ, ਇਕ ਬਚਿੱਤ੍ਰ ਪ੍ਰੇਮ ਲੀਲ੍ਹਾ ਰੱਚ ਦਿੰਦਾ ਹੈ। ਫਿਰ ਉਹ ਪ੍ਰੇਮ ਲੀਲ੍ਹਾ ਨੂੰ ਪ੍ਰਗਟ ਕਰਨ ਵਾਸਤੇ ਆਪਣੇ ਹੀ ਭਗਤਾਂ ਨੂੰ ਭੇਜਦਾ ਹੈ।
ਭਗਵਾਨ ਰਾਮ ਆਏ ਤ੍ਰੇਤੇ ਵਿੱਚ, ਭਗਵਾਨ ਕ੍ਰਿਸ਼ਨ ਜੀ ਆਏ ਦੁਆਪਰ ਵਿੱਚ, ਗੁਰੂ ਨਾਨਕ ਪਾਤਸ਼ਾਹ ਆਏ ਕਲਿਜੁਗ ਵਿੱਚ।
ਭਗਵਾਨ ਰਾਮ ਜੀ ਨੇ ਆਪਣੇ ਭਗਤ ਭੇਜੇ, ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਆਪਣੇ ਭਗਤ ਭੇਜੇ, ਫਿਰ ਉਨ੍ਹਾਂ ਨੇ ਆਪਣੇ ਇਸ਼ਟ ਨੂੰ, ਆਪਣੇ ਭਗਵਾਨ ਨੂੰ, ਉਸ ਪ੍ਰੇਮ ਨੂੰ ਪ੍ਰਗਟ ਕੀਤਾ ਹੈ।
ਇਸ਼ਟ ਅਤੇ ਭਗਵਾਨ ਨੇ ਆਪਣੇ ਭਗਤਾਂ ਨੂੰ ਅਤੇ ਉਨ੍ਹਾਂ ਦੇ ਪ੍ਰੇਮ ਨੂੰ ਪ੍ਰਗਟ ਕੀਤਾ ਹੈ।
ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦਸ ਜਾਮਿਆਂ ਵਿੱਚ ਆਏ। ਫਿਰ ਨਿਰੰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਧਾਰਿਆ, ਸਰੂਪ ਧਾਰਨ ਕੀਤਾ ਹੈ।
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 749
ਜਿਨ੍ਹਾਂ ਨੂੰ ਉਹ ਭੇਜਦਾ ਹੈ ਉਹ ਜਨਮ-ਮਰਨ ਵਿੱਚ ਨਹੀਂ ਹੁੰਦੇ।
ਸਾਹਿਬ ਨੇ ਇਕ ਮਹਾਨ ਗੁਰਮੁਖ ਆਸ਼ਿਕ ਆਪਣੇ ਚਰਨਾਂ ਦਾ ਪ੍ਰੇਮ-ਪ੍ਰਕਾਸ਼ ਭੇਜਿਆ ਹੈ। ਫਿਰ ਕਿਸ ਤਰ੍ਹਾਂ ਉਸ ਮਹਾਨ ਗੁਰਮੁਖ ਆਸ਼ਿਕ ਦਾ ਪ੍ਰੇਮ ਅਤੇ ਪੂਰਨੇ, ਗੁਰੂ ਨਾਨਕ ਪਾਤਸ਼ਾਹ ਦੀ ਪ੍ਰੇਮ ਲੀਲ੍ਹਾ, ਦਸੋਂ ਪਾਤਸ਼ਾਹੀਆਂ ਦੀ ਹਾਜ਼ਰ-ਨਾਜ਼ਰ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ, ਉਸ ਦੀ ਮਹਾਨਤਾ, ਵਡਿਆਈ, ਭਗਵਤਾ ਨੂੰ, ਪ੍ਰਗਟ ਕਰਦੇ ਹਨ।
ਇਸ ਸੰਸਾਰ ਦੇ ਵਿੱਚ ਇਕ ਬੱਚਾ ਪ੍ਰਕਾਸ਼ ਦੇ ਵਿੱਚ ਲਿਪਟਿਆ ਹੋਇਆ ਆਇਆ ਹੈ। ਉਸ ਹਨੇਰੇ ਕਮਰੇ ਵਿੱਚ ਪ੍ਰਕਾਸ਼ ਹੋ ਗਿਆ ਹੈ, ਦਾਈ ਚਕਾ-ਚੌਂਧ ਹੋ ਗਈ ਹੈ। ਜਾ ਕੇ ਸਾਰਿਆਂ ਨੂੰ ਖ਼ਬਰ ਕੀਤੀ ਹੈ, ਸਾਰੇ ਹੈਰਾਨ ਹੋ ਗਏ ਹਨ। ਇਹ ਗੱਲ ਬਿਜਲੀ ਦੀ ਤਰ੍ਹਾਂ ਸਾਰੇ ਪਿੰਡ ਵਿੱਚ ਫੈਲ ਗਈ ਕਿ ਇਕ ਰੱਬੀ ਬਾਲ ਨੇ ਜਨਮ ਲਿਆ ਹੈ। ਕੁਝ ਸਮਾਂ ਬੀਤਿਆ ਹੈ, ਉਹ ਗੱਲ ਸੁਣੀ ਸੁਣਾਈ ਹੋ ਗਈ। ਸਾਧ ਸੰਗਤ ਜੀ ! ਉਹ ਰੱਬੀ ਬਾਲ, ਉਹ ਜਿਹੜਾ ਪੈਦਾਇਸ਼ੀ ਗੁਰਮੁਖ ਹੈ, ਗੁਰੂ ਨਾਨਕ ਦਾ, ਨਿਰੰਕਾਰ ਦਾ, ਗੁਰੂ ਸਾਹਿਬਾਨ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਜਿਹੜਾ ਮਹਾਨ ਆਸ਼ਿਕ ਇਸ ਦੁਨੀਆਂ ਵਿੱਚ ਉਨ੍ਹਾ ਨੇ ਭੇਜਿਆ ਹੈ, ਆਪਣੇ ਬਚਪਨ ਤੋਂ ਹੀ ਕਿਸ ਤਰ੍ਹਾਂ ਉਸ ਪ੍ਰੇਮ ਲੀਲ੍ਹਾ, ਗੁਰੂ ਨਾਨਕ ਪਾਤਸ਼ਾਹ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਨੂੰ, ਉਨ੍ਹਾਂ ਦੀ ਭਗਵਤਾ ਨੂੰ ਪ੍ਰਗਟ ਕਰਦਾ ਹੈ। ਇਹ ਉਸ ਮਹਾਨ ਆਸ਼ਿਕ ਦੀ ਕਥਾ ਹੈ।
ਸੁਣੋ ਮੇਰੇ ਵੀਰ ਜੀਉ,
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ,
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਸੁਣੋ ਮੇਰੇ ਵੀਰ ਜੀਉ
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ॥