ਗੁਰੂ ਨਾਨਕ ਯਾਰ ਗਰੀਬਾਂ ਦਾ।
ਦਿੱਲੀ ਦੇ ਵਿੱਚ ਇੱਕ ਜਾਨਲੇਵਾ ਬਿਮਾਰੀ ਫੈਲ ਗਈ। ਲੋਕ ਮਰਨੇ ਸ਼ੁਰੂ ਹੋ ਗਏ। ਕਿਸੇ ਸਿਆਨੇ ਨੇ ਕਿਹਾ ਕਿ ਅਠਵੇਂ ਗੁਰੂ ਨਾਨਕ ਆਏ ਹੋਏ ਹਨ, ਆਪਾਂ ਉਨ੍ਹਾਂ ਦੀ ਸ਼ਰਨ ਵਿੱਚ ਭੱਜੀਏ। ਫਿਰ ਜਿਹੜਾ ਵੀ ਸ਼ਰਨ ਵਿੱਚ ਆਈ ਜਾਂਦਾ ਹੈ...।
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ
ਇਹੁ ਬਿਰਦੁ ਸੁਆਮੀ ਸੰਦਾ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 544
ਸਾਹਿਬ ਦੇ ਚਰਨਾਂ ਵਿੱਚ ਸਾਰੀ ਦਿੱਲੀ ਭੱਜ ਪਈ ਹੈ, ਉਹ ਦਯਾ ਸਰੂਪ ਅਠਵਾਂ ਗੁਰੂ ਨਾਨਕ, ਜਿਸ ਵਕਤ ਉਹ ਦਯਾ ਨਿਧ...।
ਸਤਿਗੁਰੁ ਦਇਆ ਨਿਧਿ ਮਹਿਮਾ ਅਗਾਧ ਬੋਧ॥
ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ॥
ਭਾਈ ਗੁਰਦਾਸ ਜੀ
- ਕਿੰਨਾਂ ਕੁ ਦਯਾ ਅਤੇ ਤਰਸ ਨਾਲ ਭਰਿਆ ਹੁੰਦਾ ਹੈ।
ਉਹ ਦਯਾ ਦਾ ਸਮੁੰਦਰ ਹੈ।
ਫਿਰ ਉਹ ਦਇਆ ਨਿਧ ਜਿਸ ਦੀ ਨਦਰ ਵਿੱਚ ਦਰਗਾਹ ਦੀਆਂ ਸਾਰੀਆਂ ਬਰਕਤਾਂ ਵਹਿੰਦੀਆਂ ਹਨ, ਉਹ ਉਨ੍ਹਾਂ ਦਾ ਦੁੱਖ ਨਹੀਂ ਦੇਖ ਸਕਦਾ ਸੀ।
ਇਸੇ ਕਰਕੇ ਉਹ ਗੁਰੂ ਨਾਨਕ ਕਲੂ ਦੇ ਵਿੱਚ ਆਇਆ ਹੈ।
ਕਲਿ ਤਾਰਨ ਗੁਰੁ ਨਾਨਕੁ ਆਇਆ ॥
ਭਾਈ ਗੁਰਦਾਸ ਜੀ
ਉਸ ਵੇਲੇ ਅਠਵੇਂ ਗੁਰੂ ਨਾਨਕ ਦੀ ਮਿਹਰਾਂ ਭਰੀ ਨਦਰ ਉਹ ਸਭ ਦੇ ਉੱਤੇ ਇੱਕੋ ਜਿਹੀ ਬਖਸ਼ਿਸ਼ ਕਰ ਰਹੀ ਹੈ, ਫੁਰਮਾਇਆ-
ਆਓ ਤੁਸੀਂ ਗੁਰੂ ਨਾਨਕ ਦੀ ਸ਼ਰਣ ਵਿੱਚ ਆਏ ਹੋ ਆਪਣਾ ਸਾਰਾ ਦੁੱਖ ਗੁਰੂ ਨਾਨਕ ਨੂੰ ਦੇ ਜਾਓ।
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-
ਸਾਰਾ ਦੁੱਖ ਆਪਣੇ ਉਪਰ ਲੈ ਕੇ ਭੁਗਤਾਨ ਕਰ ਦਿੱਤਾ ਹੈ। ਫੁਰਮਾਇਆ- ਇਹ ਗੁਰੂ ਨਾਨਕ ਦਾ ਘਰ ਹੈ।
ਗੁਰੂ ਨਾਨਕ ਯਾਰ ਗਰੀਬਾਂ ਦਾ।
ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਨ੍ਹਾਂ ਗਰੀਬਾਂ ਦਾ ਕੋਈ ਨਹੀਂ ਉਨ੍ਹਾਂ ਦਾ ਗੁਰੂ ਨਾਨਕ ਹੈ।
ਫਿਰ ਗੁਰੂ ਨਾਨਕ ਦੀ ਅਠਵੀਂ ਜੋਤ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਭ ਨੂੰ ਆਪਣੀ ਗਲਵੱਕੜੀ 'ਚ ਲੈ ਲਿਆ। ਸਾਰਾ ਦੁੱਖ ਆਪਣੇ ਉੱਤੇ ਲੈ ਕੇ ਸਾਰੀ ਦਿੱਲੀ ਨੂੰ ਅਨੰਦ ਨਾਲ ਭਰ ਦਿੱਤਾ।
ਭਇਆ ਅਨੰਦ ਜਗਤੁ ਵਿਚਿ
ਕਲਿ ਤਾਰਨ ਗੁਰੁ ਨਾਨਕੁ ਆਇਆ॥
ਭਾਈ ਗੁਰਦਾਸ ਜੀ
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ॥