ਭੁਲਣ ਅੰਦਰਿ ਸਭੁ ਕੋ
ਇਕ ਦਫਾ ਬਾਬਾ ਨੰਦ ਸਿੰਘ ਸਾਹਿਬ ਨੇ ਸਮਝਾਇਆ। ਫੁਰਮਾਉਂਣ ਲੱਗੇ ਕਿ- ਸਿੱਖ ਕੌਣ ਹੈ?
ਫਿਰ ਪੂਜਯ ਪਿਤਾ ਜੀ (ਬਾਬਾ ਨਰਿੰਦਰ ਸਿੰਘ ਜੀ) ਕਹਿਣ ਲੱਗੇ ਕਿ ਬਾਬੇ ਫੁਰਮਾਉਂਣ ਲੱਗੇ ਕਿ-
ਸਿੱਖ ਉਹ ਹੈ ਜਿਹੜਾ ਭੁੱਲ ਕਰੇ ਕੋਈ ਨਾਂ ਪਰ ਆਪਣੇ ਆਪ ਨੂੰ ਅਤੀ ਭੁੱਲਣਹਾਰ ਸਮਝੇ ਅਤੇ ਹਰ ਵੇਲੇ ਆਪਣੀਆਂ ਭੁੱਲਾਂ ਬਖਸ਼ਾਉਣ ਦੀ ਅਰਦਾਸ ਕਰਦਾ ਰਹੇ।
ਫਿਰ ਪਿਤਾ ਜੀ ਨੇ ਇਹ ਸਮਝਾਉਂਦੇ ਹੋਏ ਜਿਹੜੀ ਚੀਜ਼ ਕਹੀ, ਉਨ੍ਹਾਂ ਨੇ ਕਿਹਾ-
ਦੇਖੋ, ਕੋਈ ਇਨਸਾਨ ਐਸਾ ਨਹੀਂ ਜਿਸਨੇ ਭੁੱਲਾਂ ਨਹੀਂ ਕੀਤੀਆਂ ਹੋਣ।
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 61
ਹਰ ਇਕ ਨੇ ਭੁੱਲਾਂ ਕੀਤੀਆਂ ਹਨ ਕਈ ਗੁਨਾਹ ਕੀਤੇ, ਕਈ ਪਾਪ ਕੀਤੇ ਹਨ। ਪਿਛਲੇ ਜਨਮਾਂ ਦਾ ਤਾਂ ਕਿਸੇ ਨੂੰ ਯਾਦ ਨਹੀਂ ਪਰ ਇਸ ਜਨਮ ਦੇ ਸਭ ਨੂੰ ਯਾਦ ਹੁੰਦੇ ਹਨ ਕਿਉਂਕਿ ਹਰ ਇਕ ਜਣਾ ਹੀ ਭੁੱਲਣਹਾਰ ਹੈ। "ਅਭੁਲੁ ਗੁਰੂ ਕਰਤਾਰੁ"
ਆਪਣੀਆਂ ਭੁੱਲਾਂ ਨੂੰ ਕਦੇ ਵੀ ਨਾਂ ਭੁੱਲੇ। ਉਨ੍ਹਾਂ ਗਲਤੀਆਂ ਨੂੰ, ਉਨ੍ਹਾਂ ਗੁਨਾਹਾਂ ਨੂੰ, ਉਨ੍ਹਾਂ ਪਾਪਾਂ ਨੂੰ ਕਦੇ ਵੀ ਨਾ ਭੁੱਲੇ।
ਫਿਰ ਪਿਤਾ ਜੀ ਫੁਰਮਾਉਂਣ ਲੱਗੇ, ਬਾਬਾ ਨੰਦ ਸਿੰਘ ਸਾਹਿਬ ਨੇ ਇਕ ਦਫ਼ਾ ਫੁਰਮਾਇਆ ਕਿ-
ਸਾਡੀ ਆਪਣੇ ਹਿਸਾਬ ਦੇ ਨਾਲ, ਸਾਡੇ ਆਪਣੇ ਜਤਨਾਂ ਤੇ ਸਾਧਨਾਂ ਨਾਲ ਪੂਰੀ ਨਹੀਂ ਪੈਣੀ, ਨਹੀਂ ਮੁਕਣੀ। ਉਸ ਦੀ ਬਖ਼ਸ਼ਿਸ਼ ਦੇ ਨਾਲ ਹੀ ਹਿਸਾਬ ਪੂਰਾ ਹੋਣਾ ਹੈ। ਜਿਸ ਵੇਲੇ ਉਸ ਨੇ ਬਖਸ਼ ਦਿੱਤਾ ਤਾਂ ਉਸ ਵੇਲੇ ਬਖਸ਼ਿਆ ਗਿਆ।
ਫਿਰ ਪਿਤਾ ਜੀ ਸੰਗਤ ਵਿੱਚ ਬੈਠਿਆਂ ਸਾਰਿਆਂ ਨੂੰ ਫੁਰਮਾਉਂਣ ਲੱਗੇ-
ਪੁੱਤ ਵੱਡੀ ਤੋਂ ਵੱਡੀ ਬਖਸ਼ਿਸ਼ ਹੋ ਰਹੀ ਹੋਵੇ ਅਤੇ ਨਜ਼ਰ ਆ ਰਿਹਾ ਹੋਵੇ ਕਿ ਤੁਹਾਡੇ ਤੇ ਹੋ ਰਹੀ ਹੈ ਪਰ ਉਸ ਵੇਲੇ ਵੀ ਆਪਣੀਆਂ ਭੁੱਲਾਂ ਨੂੰ ਚੇਤੇ ਰਖਦਾ ਹੋਇਆ ਇੱਕੋ ਹੀ ਬੇਨਤੀ ਕਰਦਾ ਰਹੇ।
ਗੁਰੂ ਨਾਨਕ ਦਾਤਾ ਬਖ਼ਸ਼ ਲੈ। ਬਾਬਾ ਨਾਨਕ ਬਖ਼ਸ਼ ਲੈ ॥
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ ॥