ਸੱਚੀ ਅਰਦਾਸ (ਸੱਚਾ ਸਿਮਰਨ)

Humbly request you to share with all you know on the planet!

In true prayer there is no worshipper and worship;
there is only the worshipped.

Baba Narinder Singh Ji

ਸੱਚੀ ਅਰਦਾਸ ਇਕ ਅਜਿਹੀ ਇਲਾਹੀ ਨਦੀ ਹੈ ਜਿੱਥੋਂ ਸਿੱਖ ਦੇ ਨਿਮਰ ਅਤੇ ਬਿਹਬਲ ਹਿਰਦੇ ਵਿੱਚੋਂ ਪਿਆਰੇ ਸਤਿਗੁਰ ਜੀ ਦੇ ਚਰਨ-ਕਮਲਾਂ ਵਾਸਤੇ, ਪਿਆਰੇ ਬਾਬਾ ਜੀ ਵਾਸਤੇ ਪ੍ਰੇਮ ਦਾ ਇਕ ਸ਼ਕਤੀਸ਼ਾਲੀ ਪ੍ਰਵਾਹ ਚਲਦਾ ਹੈ । ਇਕ ਸੱਚੇ ਹਿਰਦੇ ਨਾਲ ਕੀਤੀ ਅਰਦਾਸ ਆਪਣੇ ਪਿਆਰੇ ਸਤਿਗੁਰ ਨਾਲ ਪਿਆਰ ਦੇ ਸੱਚੇ ਰਿਸ਼ਤੇ ਦੀ ਪੀਡੀਗੰਢ ਪਾਉਂਦੀ ਹੈ । ਸੱਚੇ ਦਿਲ ਨਾਲ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ । ਇਹ ਅਰਦਾਸ ਸਦਾ ਪੂਰੀ ਹੁੰਦੀ ਹੈ ।

ਸੱਚੀ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਪੂਰਨ ਸਮਰਪਣ ਅਤੇ ਪੂਰਨ ਅਧੀਨਗੀ ਦੀ ਪ੍ਰਕ੍ਰਿਆ ਹੈ । ਇਹ ਹਿਰਦੇ ਦੀ ਪੂਰਨ ਹਲੀਮੀ ਵਿੱਚੋਂ ਨਿਕਲਦੀ ਹੈ । “ਮੈਂ” ਅਤੇ “ਹਉਮੈ” ਮਰ ਜਾਂਦੀ ਹੈ। ਆਪਣੀ “ਕੁਝ ਹੋਣ” ਦੀ ਹੋਂਦ ਭੁੱਲ ਜਾਂਦੀ । ਗਰੀਬੀ, ਆਜ਼ਜ਼ੀ ਅਤੇ ਮਸਕੀਨਤਾ ਭਾਰੂ ਹੋ ਜਾਂਦੀ ਹੈ । ਹਉਮੈ ਦੀ ਪੂਰਨ ਅਣਹੋਂਦ ਨਾਲ ਇਕ ਸਿੱਧਾ ਰੱਬੀ ਪ੍ਰਵਾਹ ਚਲ ਪੈਂਦਾ ਹੈ । ਇਸ ਪ੍ਰਵਾਹ ਵਿੱਚ ਤ੍ਰਿਖਾਵੰਤ ਆਤਮਾ ਨੂੰ ਰੂਹਾਨੀ ਮਿਹਰ, ਬਖਸ਼ਿਸ਼ ਅਤੇ ਸ਼ਾਂਤੀ ਮਿਲਦੀ ਹੈ । ਜਿੰਨੀ ਵਧੇਰੇ ਨਿਮਰਤਾ ਹੋਵੇਗੀ ਓਨੀ ਹੀ ਵਧੇਰੇ ਇਸ ਪ੍ਰਵਾਹ ਦੀ ਸ਼ਕਤੀ ਹੋਵੇਗੀ । ਅਰਦਾਸ ਦੀ ਇਸ ਪ੍ਰਕ੍ਰਿਆ ਵਿੱਚ ਇਕ ਸੱਚਾ ਸਿੱਖ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ । ਉਸ ਨੂੰ ਮਨਵਾਂਛਤ ਫ਼ਲ ਪ੍ਰਾਪਤ ਹੋ ਜਾਂਦੇ ਹਨ । ਉਸ ਦੀਆਂ ਸਾਰੀਆਂ ਸੋਚਾਂ ਤੇ ਇਛਾਵਾਂ ਖ਼ਤਮ ਹੋ ਜਾਂਦੀਆਂ ਹਨ। ਉਹ ਕੇਵਲ ਸਤਿਗੁਰੂ ਜੀ ਦੀ ਹਜ਼ੂਰੀ ਹੀ ਚਾਹੁੰਦਾ ਹੈ । ਫਿਰ ਉਹ ਸੰਸਾਰਕ ਸੁੱਖਾਂ ਅਤੇ ਪਦਾਰਥਾ ਬਾਰੇ ਕਦੇ ਅਰਦਾਸ ਨਹੀਂ ਕਰਦਾ ।

ਵਿਣ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ।। ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ।।

ਹਉਂਮੈ ਦੀ ਗ਼ੈਰਹਾਜ਼ਰੀ ਵਿੱਚ ਸੱਚਾ ਆਨੰਦ ਪ੍ਰਾਪਤ ਹੁੰਦਾ ਹੈ । ਇਹ ਸੱਚਾ ਆਨੰਦ ਗੁਰੂ ਦੇ ਚਰਨ-ਕਮਲਾਂ ਵਿੱਚ ਹਉਮੈ ਦਾ ਪੂਰਨ ਤਿਆਗ ਕਰਨ ਨਾਲ ਪੈਦਾ ਹੋਏ ਖਲਾਅ ਨੂੰ ਰੂਹਾਨੀਅਤ ਨਾਲ ਭਰਦਾ ਹੈ । ਹਉਂਮੈ ਤਿਆਗ ਦੇਣ ਨਾਲ ਹੋਰ ਕੋਈ ਮੰਗ ਹੀ ਨਹੀਂ ਰਹਿੰਦੀ, ਸਾਰੀਆਂ ਇਛਾਵਾਂ ਮਿੱਟ ਜਾਂਦੀਆਂ ਹਨ । ਸਤਿਗੁਰੂ ਸੱਚੇ ਪਾਤਸ਼ਾਹ ਦਾ ਮਿੱਠਾ ਭਾਣਾ ਅਤੇ ਨਾਮ ਤਨ ਮਨ ਅੰਦਰ ਵਸ ਜਾਂਦਾ ਹੈ ।

ਪਦਾਰਥਕ ਲੋਭ-ਲਾਲਚ ਦੀਆਂ ਇਛਾਵਾਂ ਖਾਤਰ ਪਵਿੱਤਰ ਅਰਦਾਸ ਨੂੰ ਦੂਸ਼ਿਤ ਨਹੀਂ ਕਰਨਾ ਚਾਹੀਦਾ । ਅਰਦਾਸ ਵਿੱਚ ਵਪਾਰਕ ਪ੍ਰਾਪਤੀਆਂ ਦੀ ਲੋਚਾ ਜਾਂ ਲਾਭ ਹਾਨ ਦਾ ਧਿਆਨ ਤੇ ਇੱਛਾ ਨਹੀਂ ਹੋਣੀ ਚਾਹੀਦੀ ।

ਨਿਸ਼ਚੇ ਹੀ ਪਰਮਾਤਮਾ ਨੂੰ ਧਨ ਅਤੇ ਹੋਰ ਪਦਾਰਥਾਂ ਦੀ ਲੋੜ ਨਹੀਂ - ਉਹ ਤਾਂ ਇਹ ਦਾਤਾਂ ਵੰਡਦਾ ਹੈ ।

ਸੱਚੀ ਅਰਦਾਸ ਨੂੰ ਸ਼ਬਦਾਂ, ਸੰਕੇਤਾਂ ਜਾਂ ਵਿੱਚਾਰਾਂ ਦੀ ਲੋੜ ਨਹੀਂ । ਸੱਚੀ ਅਰਦਾਸ ਸਤਿਗੁਰੂ ਵੱਲੋਂ ਹੀ ਉਤਪਨ ਹੁੰਦੀ ਹੈ ।
ਸੱਚੀ ਅਰਦਾਸ ਨੂੰ ਕਿਸੇ ਫ਼ਲ ਦੀ ਲੋੜ ਨਹੀਂ । ਇਹ ਆਪਣੇ ਆਪ ਇਕ ਫ਼ਲ ਹੈ ।
ਸੱਚੀ ਅਰਦਾਸ ਵਿੱਚ ਪੂਜਾ ਅਤੇ ਪੂਜਾ ਕਰਨ ਵਾਲੇ ਦੀ ਹਸਤੀ ਮਿੱਟ ਹੀ ਜਾਂਦੀ ਹੈ । ਕੇਵਲ ਪੂਜਣਯੋਗ ਪਰਮਾਤਮਾ ਹੀ ਰਹਿ ਜਾਂਦਾ ਹੈ।