ਨਿਮਰਤਾ ਦੇ ਪੁੰਜ

Humbly request you to share with all you know on the planet!

ਇਕ ਵਾਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਦੇ ਦਿਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਪਾਵਨ ਅਰਦਾਸ ਵਿੱਚ ਇਹ ਸ਼ਬਦ ਭੀ ਸੁਣੇ :

“ਹੇ ! ਨਿਰੰਕਾਰ ਸਰੂਪ ਗੁਰੂ ਨਾਨਕ, ਜਿਸ ਵਕਤ ਦੁਨੀਆਂ ਦੇ ਬਾਦਸ਼ਾਹ ਦਾ ਜਨਮ ਦਿਨ ਆਉਂਦਾ ਹੈ, ਜਿਸ ਦੀ ਕੈਦੀ ਤੇ ਬੰਦੀ ਬੜੇ ਉਤਸ਼ਾਹ ਨਾਲ ਉਡੀਕ ਕਰਦੇ ਹਨ ਕਿਉਂਕਿ ਬਾਦਸ਼ਾਹ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਹੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ! ਦੀਨ ਦੁਨੀ ਦੇ ਵਾਲੀ, ਅੱਜ ਤਾਂ ਤੇਰਾ ਪ੍ਰਕਾਸ਼ ਉਤਸਵ ਹੈ, ਇਹ ਭਿਖਾਰੀ ਤੇਰੇ ਕੋਲੋਂ ਭੀਖ ਮੰਗਦਾ ਹੈ, ਜਿੰਨੇ ਵੀ ਬੰਦੀ ਇਸ ਵੇਲੇ ਤੇਰੇ ਦਰਬਾਰ ਵਿੱਚ ਹਾਜ਼ਰ ਹਨ, ਇਹ ਸਾਰੇ ਜੀਵ-ਜੰਤੂ, ਪੰਖੀ-ਪੰਖੇਰੂ, ਕੀਟ-ਪਤੰਗਾ, ਪਸ਼ੂ ਇਨ੍ਹਾਂ ਸਾਰਿਆਂ ਬੰਧੀਆਂ ਨੂੰ ਰਿਹਾ (ਮੁਕਤ) ਕਰ ਦੇ।”
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥

ਸਾਰੇ ਸੰਸਾਰ ਨੂੰ ਮੁਕਤ ਕਰਨ ਯੋਗ ਮੁਕਤੀ ਦੇ ਦਾਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਇਕ ਭਿਖਾਰੀ ਦੇ ਰੂਪ ਵਿੱਚ ਸਾਰੀਆਂ ਬਖਸ਼ਿਸ਼ਾਂ ਗੁਰੂ ਨਾਨਕ ਪਾਤਸ਼ਾਹ ਕੋਲੋਂ ਕਰਵਾ ਰਹੇ ਹਨ।

ਸੱਭ ਤੋਂ ਮਹਾਨ ਦਾਤਾਂ 'ਨਾਮ' ਤੇ 'ਪ੍ਰੇਮ', ਨਿਮਰਤਾ ਸਰੂਪ ਭਿਖਾਰੀ ਦੀ ਝੋਲੀ ਹੀ ਪੈਂਦੀਆਂ ਹਨ ਅਤੇ ਉੱਥੇ ਹੀ ਟਿਕ ਸਕਦੀਆਂ ਹਨ।

ਗੁਰੂ ਨਾਨਕ ਦੇ ਦਰ ਤੇ ਮੁਰਦੇ ਪ੍ਰਵਾਨ ਹਨ।

ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਫੁਰਮਾਇਆ,

ਸਿੱਖ ਕੀ ਤੇ ਆਰਾਮ ਕੀ, ਭਿਖਾਰੀ ਕੀ ਤੇ ਮਾਣ ਕੀ। ਸਿੱਖ ਸੇਵਾ ਤੇ ਨਾਮ ਸਿਮਰਨ ਵਿੱਚ ਹਰ ਵੇਲੇ ਜੁਟਿਆ ਰਹਿੰਦਾ ਹੈ। ਨਾ ਆਰਾਮ ਤਕਦਾ ਹੈ ਤੇ ਨਾ ਆਰਾਮ ਭਾਲਦਾ ਹੈ। ਜਿਹੜਾ ਝੋਲੀ ਅੱਡ ਕੇ ਹਰ ਵੇਲੇ ਉਸਦੇ ਨਾਮ ਦੀ, ਉਸਦੀ ਬਖਸ਼ਿਸ਼ ਦੀ ਹੀ ਭੀਖ ਮੰਗਦਾ ਰਹੇ ਉਸਨੂੰ ਭਲਾ ਕਿਸ ਗੱਲ ਦਾ ਮਾਣ ਕਿਉਂਕਿ ਭਿਖਾਰੀ ਜੁ ਹੋਇਆ।

ਬਾਬਾ ਨੰਦ ਸਿੰਘ ਜੀ ਮਹਾਰਾਜ, ਇਹ ਦੋ ਵੱਡੇ ਪੂਰਨਿਆਂ ਦੇ ਆਪ ਹੀ ਸਰੂਪ ਸਨ। ਜ਼ਿੰਦਗੀ ਭਰ ਆਰਾਮ ਨਹੀਂ ਕੀਤਾ ਅਤੇ ਸਾਰੀ ਉਮਰ ਗਲ ਵਿੱਚ ਪੱਲਾ ਪਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਭਿਖਾਰੀ ਬਣੇ ਰਹੇ।

ਗੁਰੂ ਨਾਨਕ ਦਾਤਾ ਬਖਸ਼ ਲੈ॥
ਬਾਬਾ ਨਾਨਕ ਬਖਸ਼ ਲੈ॥