ਭਗਤੀ ਸੰਗੀਤ ਅਤੇ ਬੈਂਡ ਨਾਲ ਸਲਾਮੀ (ਮੋਢੀ)

Humbly request you to share with all you know on the planet!

It was a most fascinating treat to hear his yearning call to his beloved Master, his sole, grand and supreme Lord. As the call welled from the glory and purity of his very soul, it filled every heart with rare expectations and peace of mind. At that very moment of his divine call, tears would start rolling down every cheek. That in itself was a sure sign of the gracious appearance of the Lord, to receive the offer of pure love and salami from His most beloved son.

ਬਾਬਾ ਨਰਿੰਦਰ ਸਿੰਘ ਜੀ ਦੀ ਸਤਿਕਾਰ ਕਰਨ ਦੀ ਇਕ ਹੋਰ ਅਨੋਖੀ ਵਿਧੀ ਸੀ । ਹਰ ਸਾਲ ਅਗਸਤ ਮਹੀਨੇ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸਾਲਾਨਾ ਸਮਾਗਮਾਂ ਦੇ ਸ਼ੁਭ ਮੌਕਿਆਂ ਤੇ ਸੰਗਤ ਜੁੜਦੀ ਹੈ । ਬਾਬਾ ਜੀ ਦੀ ਪਵਿੱਤਰ ਯਾਦ ਵਿੱਚ ਹਜ਼ਾਰਾਂ ਅਖੰਡ ਪਾਠ ਇਕੋ ਸਮੇਂ ਹੁੰਦੇ ਹਨ । ਲੱਖਾਂ ਸ਼ਰਧਾਲੂ ਨਾਨਕਸਰ ਵਿਖੇ ਆਉਂਦੇ ਹਨ । ਬਾਬਾ ਨਰਿੰਦਰ ਸਿੰਘ ਜੀ, ਚਾਨਣ ਦੇ ਮਹਾਨ ਮੁਨਾਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਸਲਾਮੀ ਦੇਣ ਲਈ ਪੀ.ਏ.ਪੀ., ਪਾਈਪਰਜ਼ ਅਤੇ ਬਰਾਸ ਬੈਂਡਜ ਦਾ ਪ੍ਰਬੰਧ ਕਰਦੇ ਸਨ ।

ਇਹ ਬੈਂਡ ਘੰਟਿਆਂ ਬੱਧੀ ਭਗਤੀ ਸੰਗੀਤ ਦੀਆਂ ਧੁਨਾਂ ਵਜਾਉਂਦੇ ਸਨ । ਬਾਬਾ ਨਰਿੰਦਰ ਸਿੰਘ ਜੀ ਬਾਰਾਂਦਰੀ, ਸੱਚ ਖੰਡ, ਛੋਟਾ ਠਾਠ ਅਤੇ ਆਖਰ ਵਿੱਚ ਵੱਡੇ ਠਾਠ ਦੇ ਸਾਹਮਣੇ ਬੈਂਡ ਦੀ ਸਲਾਮੀ ਦਿੰਦੇ ਸਨ। ਹਜ਼ਾਰਾਂ ਸ਼ਰਧਾਲੂ ਆਸੇ ਪਾਸੇ ਖੜ੍ਹੇ ਹੁੰਦੇ ਸਨ । ਇਹ ਬਹੁਤ ਹੀ ਦਿਲ ਟੁੰਬਵਾਂ ਅਤੇ ਬਹਿਸ਼ਤੀ ਨਜ਼ਾਰਾ ਹੁੰਦਾ ਸੀ । ਇਹ ਬਾਬਾ ਜੀ ਨੂੰ ਸਾਂਝੀ ਸ਼ਰਧਾਂਜਲੀ, ਨਮਸਕਾਰ ਅਤੇ ਸਲਾਮੀ ਹੁੰਦੀ ਸੀ । ਬਾਬਾ ਜੀ ਨਾਲ ਉਹ ਸਿਧੇ ਅਤੇ ਆਹਮੋ ਸਾਹਮਣੇ ਹੋ ਕੇ ਬਚਨ ਅਤੇ ਅਰਦਾਸ ਕਰਦੇ ਸਨ। ਹਾਜ਼ਰ ਸੰਗਤ ਨੂੰ ਬਾਬਾ ਜੀ ਦੀ ਇਲਾਹੀ ਹਜ਼ੂਰੀ ਦਾ ਅਹਿਸਾਸ ਹੁੰਦਾ ਸੀ । ਬਾਬਾ ਨਰਿੰਦਰ ਸਿੰਘ ਜੀ ਦੇ ਬੋਲ ਅਤੇ ਡੂੰਘੇ ਪ੍ਰੇਮ ਦੇ ਪ੍ਰਭਾਵ ਨਾਲ ਹਰ ਇਕ ਦੇ ਦਿਲ ਵਿੱਚ ਬਿਰਹੋਂ ਦੀ ਅਗਨੀ ਬਲ ਉੱਠਦੀ ਸੀ ਤੇ ਬਾਬਾ ਜੀ ਦੀ ਪਵਿੱਤਰ ਯਾਦ ਵਿੱਚ ਸ਼ਰਧਾਲੂਆਂ ਦੀਆਂ ਅੱਖੀਆਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਗਣ ਲਗ ਪੈਂਦੇ ਸਨ।

ਮਹਾਨ ਚਾਨਣ ਮੁਨਾਰੇ ਤੇ ਅਣਗਿਣਤ ਖੰਡਾਂ ਦੇ ਮਾਲਕ ਨੂੰ ਸਲਾਮੀ ਬਹੁਤ ਸੁਚੱਜੇ ਢੰਗ ਨਾਲ ਦੇਣੀ ਬਣਦੀ ਹੈ । ਸਤਿਗੁਰੂ ਜੀ ਸੱਚੇ ਪਾਤਸ਼ਾਹ ਸਰਬਉੱਚਤਾ ਦੇ ਬੁਰਜ ਹਨ । ਉਨ੍ਹਾਂ ਦੇ ਪਵਿੱਤਰ ਚਰਨ-ਕਮਲਾਂ ਵਿੱਚ ਸਲਾਮੀ ਪੇਸ਼ ਕਰਨੀ ਬਹੁਤ ਹੀ ਤੁੱਛ ਸੇਵਾ ਹੈ ।

ਉਨ੍ਹਾਂ ਨੂੰ ਆਪਣੇ ਪਿਆਰੇ ਮਾਲਕ, ਪ੍ਰਾਣ ਆਧਾਰ ਤੇ ਸਰਬਉੱਚ ਸੁਆਮੀ ਅੱਗੇ ਅਰਦਾਸ ਕਰਦੇ ਸੁਣਨ ਨਾਲ ਰੂਹ ਨੂੰ ਚੈਨ ਮਿਲਦਾ ਸੀ । ਇਹ ਪੁਕਾਰ ਉਨ੍ਹਾਂ ਦੀ ਪਵਿੱਤਰ ਆਤਮਾ ਦੀਆਂ ਡੂੰਘਿਆਈਆਂ ਵਿੱਚੋਂ ਨਿਕਲਦੀ ਸੀ । ਇਸ ਲਈ ਇਹ ਹਰੇਕ ਸ਼ਰਧਾਲੂ ਦੇ ਦਿਲ ਵਿੱਚ ਇਕ ਅਮੋਲਕ ਭਾਵਨਾ ਪੈਦਾ ਕਰਦੀ ਸੀ । ਸ਼ਰਧਾਲੂਆਂ ਦੇ ਮਨ ਨੂੰ ਸ਼ਾਂਤੀ ਮਿਲਦੀ ਸੀ । ਇਸ ਰੱਬੀ ਪੁਕਾਰ ਦੇ ਪਲਾਂ ਵਿੱਚ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਹਿਣ ਲੱਗ ਪੈਂਦੇ । ਇਹ ਆਪਣੇ ਸਭ ਤੋਂ ਪਿਆਰੇ ਪੁੱਤਰ ਦੀ ਸਲਾਮੀ ਅਤੇ ਉਸ ਦੇ ਸ਼ੁਧ ਪ੍ਰੇਮ ਨੂੰ ਸਵੀਕਾਰ ਕਰਨ ਦੀ ਮਾਲਕ ਦੇ ਪ੍ਰਤੱਖ ਹਾਜ਼ਰ ਹੋਣ ਦੀ ਨਿਸ਼ਾਨੀ ਸੀ । ਬਹੁਤ ਸਾਰੀਆਂ ਵਡਭਾਗੀ ਰੂਹਾਂ ਆਤਮਕ ਹਿਲੋਰਾ ਦੇਣ ਵਾਲੇ ਇਸ ਮਨੋਹਰ ਦ੍ਰਿਸ਼ ਨੂੰ ਵੇਖਦੀਆਂ ਸਨ । ਬਾਅਦ ਵਿੱਚ ਸ਼ਰਧਾਲੂ ਜਨ ਇਸ ਰੂਹਾਨੀ ਅਨੁਭਵ ਦੀਆਂ ਬੜੀ ਖੁਸ਼ੀ ਖੁਸ਼ੀ ਗੱਲਾਂ ਕਰਦੇ ਸਨ । ਉਨ੍ਹਾਂ ਸਭ ਨੂੰ ਇਕੋ ਜਿਹਾ ਅਨੁਭਵ ਹੁੰਦਾ ਸੀ । ਇਸ ਰੂਹਾਨੀ ਅਨੁਭਵ ਦੀ ਯਾਦ ਉਨ੍ਹਾਂ ਨੂੰ ਆਤਮ-ਰਸ ਦੇ ਦੇਸ਼ ਵਿੱਚ ਲੈ ਜਾਂਦੀ ਸੀ ।

ਵੱਡੇ ਵੱਡੇ ਅਫ਼ਸਰ ਲੋਕ ਸਮਾਗਮਾਂ ਵਿੱਚ ਨੀਯਤ ਸਮੇਂ ਤੇ ਪਹੁੰਚਦੇ ਹਨ । ਉਨ੍ਹਾਂ ਦੇ ਪਹੁੰਚਣ ਤੇ ਬੈਂਡ ਦੀ ਸਲਾਮੀ ਦਿੱਤੀ ਜਾਂਦੀ ਹੈ ਪਰ ਇੱਥੇ ਪਿਤਾ ਜੀ ਆਪਣੇ ਮਾਲਕ ਸੁਆਮੀ ਬਾਬਾ ਜੀ ਨੂੰ ਨਿਮਰਤਾ ਅਤੇ ਤੀਬਰ ਜੋਦੜੀ, ਭਾਵਨਾ ਨਾਲ ਬੁਲਾਉਂਦੇ ਸਨ । ਸਾਰੇ ਦਿਲਾਂ ਵਿੱਚ ਬਿਰਹੋਂ ਦੀ ਅਗਨੀ ਮੱਚ ਜਾਂਦੀ ਸੀ । ਪਿਤਾ ਜੀ ਦੀ ਆਤਮਾ ਦੀ ਪੁਕਾਰ ਸੁਣ ਕੇ ਬਾਬਾ ਜੀ ਆਪਣੇ ਪਵਿੱਤਰ ਸਰੂਪ ਵਿੱਚ ਹਾਜ਼ਰ ਨਾਜ਼ਰ ਹੁੰਦੇ ਅਤੇ ਫਿਰ ਸਲਾਮੀ ਦੇਣ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਸੀ । ਸ਼ਰਧਾਲੂਆਂ ਨੂੰ ਬਾਬਾ ਜੀ ਦੇ ਪ੍ਰਤੱਖ ਹਾਜ਼ਰ ਹੋਣ ਦਾ ਅਨੁਭਵ ਹੁੰਦਾ ਸੀ। ਸੰਗਤਾਂ ਵਿੱਚੋਂ ਕਈ ਸ਼ਰਧਾਲੂ ਬਿਰਹੋਂ ਦੀ ਤੜਪ ਨਾਲ ਅੱਖਾਂ ਵਿੱਚੋਂ ਨੀਰ ਵਹਾਉਂਣ ਲਗ ਪੈਂਦੇ ਸਨ । ਜਿਨ੍ਹਾਂ ਦੇ ਭਾਗਾਂ ਵਿੱਚ ਇਹ ਸ਼ੁਭ ਘੜੀ ਵੇਖਣ ਦਾ ਮੌਕਾ ਮਿਲਦਾ ਸੀ, ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਲਗ ਪੈਂਦੇ ਸਨ । ਸਾਰਾ ਮਾਹੌਲ ਅਤੇ ਸਾਰਾ ਅਸਥਾਨ ਬਾਬਾ ਜੀ ਦੀ ਇਲਾਹੀ ਹਜ਼ੂਰੀ ਨਾਲ ਥਰਥਰਾਉਂਣ ਲੱਗ ਪੈਂਦਾ ਸੀ । ਇਹ ਸਭ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਿਆਰ ਵਿੱਚ ਭਿੱਜੀਆਂ ਆਤਮਾਵਾਂ ਦੇ ਆਨੰਦਮਈ ਵਹਣ ਸਨ ।

ਪ੍ਰੇਮ ਸਰੂਪ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਬਾਬਾ ਨਰਿੰਦਰ ਸਿੰਘ ਜੀ ਉਪਰ ਬੇਅੰਤ ਮਿਹਰਾਂ ਕਰਨੀਆਂ ।

ਦਸੰਬਰ 1972 ਵਿੱਚ ਬਾਬਾ ਨਰਿੰਦਰ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਹ ਦੋਵੇਂ ਬੈਂਡ ਲੈ ਕੇ ਭੁੱਚੋਂ (ਜ਼ਿਲ੍ਹਾ ਬਠਿੰਡਾ) ਗਏ ਹੋਏ ਸਨ । ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਸਾਲਾਨਾ ਸਮਾਗਮ ਵਾਲਾ ਸ਼ੁਭ ਦਿਨ ਸੀ । ਅੱਧੀ ਰਾਤ ਦਾ ਸਮਾਂ ਸੀ । ਪੂਜਯ ਬਾਬਾ ਜੀ ਦੇ ਪਵਿੱਤਰ ਚਰਨਾਂ ਵਿੱਚ ਬੈਂਡ ਜਥਿਆਂ ਨੇ ਭਗਤੀ ਸੰਗੀਤ ਦੀਆਂ ਧੁਨਾਂ ਵਜਾਉਂਣੀਆਂ ਸ਼ੁਰੂ ਕਰ ਦਿੱਤੀਆਂ । ਪਿੰਡ ਦੇ ਲੋਕ ਡੂੰਘੀ ਨੀਂਦ ਵਿੱਚੋਂ ਜਾਗ ਪਏ ਅਤੇ ਉਸ ਪਵਿੱਤਰ ਅਸਥਾਨ ਤੇ ਪਹੁੰਚ ਗਏ। ਉੱਥੇ ਪਹਿਲਾਂ ਹੀ ਬਹੁਤ ਸੰਗਤ ਸੀ। ਦੇਖਦਿਆਂ ਦੇਖਦਿਆਂ ਹੀ ਸ਼ਰਧਾਲੂਆਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ ।

ਬਾਬਾ ਨਰਿੰਦਰ ਸਿੰਘ ਜੀ ਨੇ ਬੈਂਡ ਦੀ ਸਲਾਮੀ ਦਿੱਤੀ।

ਹੇ ਸਾਰੇ ਬ੍ਰਹਿਮੰਡ ਦੇ ਮਾਲਕ, ਹੇ ਮੇਰੇ ਪਰਮ ਪੁਰਖ ਸੁਆਮੀ, (ਬਾਬਾ ਨੰਦ ਸਿੰਘ ਜੀ ਮਹਾਰਾਜ) ਦੇ ਮਹਾਨ ਸਤਿਗੁਰੂ

ਮੇਰੇ ਸਭ ਤੋਂ ਵੱਧ ਪੂਜਣ ਯੋਗ ਦਾਦਾ ਗੁਰੂ,
(ਦਾਦਾ ਸ਼ਬਦ ਵੱਡੇ ਪਿਤਾ ਜੀ ਵਾਸਤੇ ਹੈ ਜਿਵੇਂ ਬਾਬਾ ਨੰਦ ਸਿੰਘ ਜੀ ਮਹਾਰਾਜ ਉਨ੍ਹਾਂ ਦੇ ਆਤਮਕ ਪਿਤਾ ਸਨ)
ਸਾਰੇ ਦੇਵੀ ਦੇਵਤੇ ਤੈਨੂੰ ਨਮਸਕਾਰ ਕਰਦੇ ਹਨ ।
ਸਾਰਾ ਬ੍ਰਹਿਮੰਡ ਤੇਰੀ ਉਸਤਤ ਗਾ ਰਿਹਾ ਹੈ ।
ਤੁਹਾਡੀ ਵਡਿਆਈ ਵਿੱਚ ਕ੍ਰੋੜਾਂ ਅਖੰਡ ਪਾਠ ਅਤੇ ਸੰਪਟ ਪਾਠ ਹੋ ਰਹੇ ਹਨ ।
ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਕੁੱਤਾ,
ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰ ਦਾ ਕੁੱਤਾ,
ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਕੁੱਤਿਆਂ ਦਾ ਕੁੱਤਾ,
ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਕਾਲੂ ਕੁੱਤੇ ਦਾ ਵੀ ਕੁੱਤਾ,
ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਚੂਹੜਾ (ਭੰਗੀ)
ਤੇਰੇ ਦਰ ਤੇ ਤੁੱਛ ਬੈਂਡ ਲੈ ਕੇ ਹਾਜ਼ਰ ਹੋਇਆ ਹੈ ਸੱਚੇ ਪਾਤਸ਼ਾਹ ਪਰਵਾਨ ਕਰੋ !!

ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਇਹ ਨਿਮਾਣਾ ਕੁੱਤਾ,
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰ ਦਾ ਨਿਮਾਣਾ ਕੁੱਤਾ,
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਕੁੱਤਿਆਂ ਦਾ ਕੁੱਤਾ,
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਕਾਲੂ ਕੁੱਤੇ ਦਾ ਕੁੱਤਾ,
ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਇਹ ਚੂਹੜਾ ਹੱਥ ਜੋੜ ਕੇ ਤੁਹਾਡੇ ਦਰ ਤੇ ਇਹ ਬੈਂਡ ਦੀ ਤੁੱਛ ਸੇਵਾ ਭੇਂਟ ਕਰਦਾ ਹੈ ।
ਮੇਰੇ ਸੁਆਮੀ! ਮੇਰੇ ਮਾਲਕ!! ਇਸ ਨਿਮਾਣੀ ਸਲਾਮੀ ਨੂੰ ਪਰਵਾਨ ਕਰੋ ਜੀ ।
ਹੇ ! ਮਿਹਰਾਂ ਦੇ ਸਾਈਂ ਇਸ ਤੁੱਛ ਸਲਾਮੀ ਨੂੰ ਆਪਣੇ ਪਵਿੱਤਰ ਚਰਨਾਂ ਦੇ ਪ੍ਰੇਮ ਦੀ ਤੁੱਛ ਭੇਟਾ ਜਾਣ ਕੇ ਸਵੀਕਾਰ ਕਰੋ ਜੀ ।

ਆਪਣੇ ਪਿਆਰੇ ਮਾਲਕ ਦੇ ਪ੍ਰੇਮ ਦੀ ਬਲਦੀ ਅਗਨੀ ਨਾਲ ਹਜ਼ਾਰਾਂ ਸ਼ਰਧਾਲੂਆਂ ਦੇ ਦਿਲਾਂ ਵਿੱਚ ਪ੍ਰੇਮ ਦੀ ਜਵਾਲਾ ਫੁੱਟ ਪਈ । ਹਰ ਇਕ ਦਾ ਹਿਰਦਾ ਪ੍ਰੇਮ ਵਿੱਚ ਰੋਣ ਲੱਗ ਪਿਆ, ਸੰਗਤਾਂ ਦੇ ਚਿਹਰਿਆ ਤੇ ਤ੍ਰਿਪ ਤ੍ਰਿਪ ਹੰਝੂ ਵਗ ਪਏ । ਇਹ ਉਨ੍ਹਾਂ ਦੀ ਪ੍ਰੇਮਾ-ਭਗਤੀ ਦੇ ਜ਼ਬਰਦਸਤ ਜਜ਼ਬਾਤਾਂ ਦਾ ਸ਼ਕਤੀਸ਼ਾਲੀ ਅਤੇ ਜਾਦੂਮਈ ਪ੍ਰਭਾਵ ਸੀ ।

ਸੰਗਤਾਂ ਨੂੰ ਪਿਆਰੇ ਬਾਬਾ ਜੀ ਦੇ ਸ਼ੁੱਧ ਪ੍ਰੇਮ ਦੇ ਇਕ ਸੱਚੇ ਵਾਰਸ, ਬਾਬਾ ਜੀ ਦੀ ਨਿਮਰਤਾ, ਕਿਰਪਾ ਦੇ ਸੱਚੇ ਪਾਤਰ, ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਬਖਸ਼ਿਸ਼ਾਂ ਵਾਲੇ ਦਰਬਾਰ ਦੇ ਸੱਚੇ ਨਸ਼ੀਨ ਦੇ ਦਰਸ਼ਨ ਹੋਏ ਸਨ।

ਭਾਵ ਪੂਰਨ ਅਤੇ ਪ੍ਰੇਮ ਭਿੱਜੇ ਨੈਣਾਂ ਦੀ ਸਲਾਮੀ ਤੋਂ ਬਾਅਦ ਅਸੀਂ ਆਪਣੇ ਪਿਤਾ ਜੀ ਦੇ ਨਾਲ ਇਕ ਕਮਰੇ ਵਿੱਚ ਚਲੇ ਗਏ, ਜਿੱਥੇ ਪ੍ਰਬੰਧਕਾਂ ਨੇ ਉਨ੍ਹਾਂ ਦੇ ਆਰਾਮ ਦਾ ਪ੍ਰਬੰਧ ਕੀਤਾ ਸੀ । ਇਕ ਬਜ਼ੁਰਗ ਪੰਡਿਤ ਜੀ ਅਥਰੂ ਵਹਾਉਂਦੇ ਮਗਰ ਮਗਰ ਆ ਰਹੇ ਸੀ । ਸਾਡੇ ਕਮਰੇ ਵਿੱਚ ਆ ਕੇ ਉਹ ਸਤਿਕਾਰ ਨਾਲ ਬੈਠ ਗਏ । ਪੰਡਿਤ ਜੀ ਬਾਬਾ ਨਰਿੰਦਰ ਸਿੰਘ ਜੀ ਵੱਲ ਇਕ ਟੱਕ ਵੇਖੀ ਜਾ ਰਹੇ ਸਨ । ਪਿਤਾ ਜੀ ਨੇ ਪੰਡਿਤ ਜੀ ਦਾ ਮਾਣ ਸਤਿਕਾਰ ਕੀਤਾ । ਪੰਡਿਤ ਜੀ ਨੇ ਮੇਰੇ ਪਿਤਾ ਜੀ ਨਾਲ ਇਸ ਤਰ੍ਹਾਂ ਬਚਨ ਬਿਲਾਸ ਕੀਤੇ:

“ਮੇਰਾ ਨਾ “ਜੈ ਲਾਲ” ਹੈ, ਮਂੈ ਪੂਜਯ ਬਾਬਾ ਹਰਨਾਮ ਸਿੰਘ ਜੀ ਦੇ ਸਮੇਂ ਹੇਠਾਂ ਮੰਦਰ ਵਿੱਚ ਪੁਜਾਰੀ ਸੀ । ਇਕ ਵਾਰ ਮੈਂ ਉਨ੍ਹਾਂ ਦੇ ਹਜ਼ੂਰ ਬੈਠਾ ਹੋਇਆ ਸੀ । ਇਹ 45-50 ਸਾਲ ਪਹਿਲਾਂ ਦੀ ਗੱਲ ਹੈ, ਪੂਜਯ ਬਾਬਾ ਜੀ ਨੇ ਅਚਾਨਕ ਫੁਰਮਾਇਆ }! ਐ ਪੰਡਿਤ ਸੁਣ !” ਮੈਂ ਜੁਆਬ ਦਿੱਤਾ, “ਜੀ ਮਹਾਰਾਜ” । ਬਾਬਾ ਜੀ ਨੇ ਫੁਰਮਾਇਆ;

“ਐ ਪੰਡਿਤ ਸੁਣ, ਸਾਡਾ, ਅਤੀ ਪਿਆਰਾ ਪੁੱਤਰ ਬੈਂਡ ਲਿਆਏਗਾ ਤੇ ਸਾਨੂੰ ਬੜੇ ਹੀ ਪਿਆਰ ਨਾਲ ਸਲਾਮੀਆਂ ਦੇਵੇਗਾ, ਇਹ ਗੱਲ ਯਾਦ ਰੱਖੀ।”

“ਇਹ ਗੱਲ 45-50 ਸਾਲ ਪੁਰਾਣੀ ਹੋਣ ਕਰਕੇ ਮੈਨੂੰ ਭੁੱਲ ਗਈ ਸੀ ਪਰ ਅੱਜ ਮੈਨੂੰ ਜਦੋਂ ਬੈਂਡ ਵਾਜਿਆਂ ਦੀਆਂ ਰੂਹਾਨੀ ਧੁਨਾਂ ਸੁਣਾਈ ਦਿੱਤੀਆ ਹਨ ਤਾਂ ਮੇਰੀਆਂ ਅੱਖਾਂ ਸਾਹਮਣੇ ਉਹ ਪੁਰਾਣਾ ਦ੍ਰਿਸ਼ ਆ ਗਿਆ ਹੈ । ਮੈਂ ਉੱਠ ਕੇ ਉਸ ਅਸਥਾਨ ਤੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਸਭ ਤੋਂ ਪਿਆਰੇ ਪੁੱਤਰ ਦੇ ਦਰਸ਼ਨ ਕਰਨ ਲਈ ਭੱਜਾ ਆਇਆ ਹਾਂ । ਉਸ ਪਿਆਰੇ ਪੁੱਤਰ ਦੇ ਜਿਸ ਦੇ ਪ੍ਰੇਮ ਅਤੇ ਸ਼ਰਧਾ ਭਾਵਨਾ ਬਾਰੇ ਪ੍ਰੇਮ-ਸਰੂਪ ਬਾਬਾ ਜੀ ਨੇ ਪਹਿਲਾਂ ਹੀ ਬੜੇ ਪਿਆਰ ਨਾਲ ਦੱਸ ਪਾ ਦਿੱਤੀ ਸੀ । ਤੁਸੀਂ ਉਹੀ ਨੂਰ ਹੋ, ਉਹੀ ਪ੍ਰਕਾਸ਼ ਤੁਹਾਡੇ ਰੱਬੀ ਚਿਹਰੇ ਤੋਂ ਨਿਕਲ ਰਿਹਾ ਹੈ ਅਤੇ ਤੁਸੀਂ ਉਹੀ ਸਰੂਪ ਹੋ । ਤੁਹਾਡਾ ਚਿਹਰਾ ਮੁਹਰਾ ਸਭ ਕੁਝ ਬਾਬਾ ਜੀ ਨਾਲ ਮਿਲਦਾ ਹੈ ।”

ਇਹ ਕਹਿੰਦਿਆਂ ਉਸ ਨੇ ਪਿਤਾ ਜੀ ਦੇ ਚਰਨਾਂ ਨੂੰ ਛੁਹਣ ਦਾ ਯਤਨ ਕੀਤਾ ਪਰ ਪਿਤਾ ਜੀ ਨੇ ਬੜੇ ਸਤਿਕਾਰ ਨਾਲ ਅਜਿਹਾ ਕਰਨ ਤੋਂ ਰੋਕ ਦਿੱਤਾ ਲੇਕਿਨ ਪਿਤਾ ਜੀ ਅਤੇ ਉਹ ਪਿਆਰੇ ਪੰਡਿਤ ਜੀ ਬਾਬਾ ਜੀ ਦੀ ਪਵਿੱਤਰ ਯਾਦ ਵਿੱਚ ਬੱਚਿਆਂ ਵਾਂਗ ਰੋਣ ਲੱਗ ਪਏ । ਸਾਨੂੰ ਵੀ ਸਾਡੇ ਮਿਹਰਾਂ ਦੇ ਸਾਂਈ, ਸਭ ਦੇ ਦਾਤਾਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਰੋਣਾ ਆ ਗਿਆ ।

ਪ੍ਰੇਮ ਦੇ ਪ੍ਰੀਤਮ ਬਾਬਾ ਜੀ ਆਪਣੇ ਸਭ ਤੋਂ ਪਿਆਰੇ ਪੁੱਤਰ ਦੀ ਨਿਰਾਲੀ ਬੈਂਡ ਸਲਾਮੀ ਨੂੰ ਬਹੁਤ ਰੀਝ ਨਾਲ ਉਡੀਕ ਰਹੇ ਸਨ । ਉਹ ਪੰਜਾਹ ਸਾਲ ਪਹਿਲਾਂ ਤੋਂ ਉਡੀਕ ਵਿੱਚ ਸਨ । ਜਦੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ ਤਾਂ ਉਨ੍ਹਾਂ ਨੇ ਸਰੀਰਕ ਰੂਪ ਵਿੱਚ ਆ ਕੇ ਆਪਣੇ ਪਿਆਰੇ ਪੁੱਤਰ ਤੋਂ ਬੜੇ ਪਿਆਰ ਨਾਲ ਸਲਾਮੀ ਲਈ । ਬਹੁਤ ਸਾਰਿਆਂ ਨੇ ਆਤਮਕ ਹਿਲੋਰਾ ਦੇਣ ਵਾਲੇ ਇਸ ਦ੍ਰਿਸ਼ ਨੂੰ ਅੱਖੀ ਤੱਕਿਆ ਸੀ ।

ਬਾਬਾ ਜੀ ਕਈ ਇਤਿਹਾਸਕ ਗੁਰਦੁਆਰਿਆਂ ਵਿੱਚ ਵੀ ਬੈਂਡ ਲੈ ਕੇ ਸਲਾਮੀ ਦੇਣ ਲਈ ਜਾਂਦੇ ਸਨ । ਇਨ੍ਹਾਂ ਵਿੱਚ 1973 ਵਿੱਚ (ਕਾਰ ਸੇਵਾ ਸਮੇਂ) ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ 500 ਸਾਲਾ ਪ੍ਰਕਾਸ਼ ਦਿਵਸ ਸਮੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦਿੱਤੀਆਂ ਸਲਾਮੀਆਂ ਵਰਣਨਯੋਗ ਹਨ । ਅਗਲੀ ਪੁਸਤਕ ਵਿੱਚ ਇਨ੍ਹਾਂ ਪਵਿੱਤਰ ਯਾਦਾਂ ਨੂੰ ਵਿਸਥਾਰ ਵਿੱਚ ਦੱਸਣ ਦਾ ਯਤਨ ਕੀਤਾ ਜਾਵੇਗਾ ।