ਅੰਤਿਕਾ

Humbly request you to share with all you know on the planet!

Like a fragrant and vibrant flower of divine love, he perpetually lays prostrate at the lotus feet of his beloved Master Baba Nand Singh Ji Maharaj.

ਬਾਬਾ ਨਰਿੰਦਰ ਸਿੰਘ ਜੀ ਨੇ ਇਕ ਨਿਰਾਲੇ ਧਰਮ, ਪਵਿੱਤਰ ਅਥਰੂਆਂ ਦੇ ਅਮੁਕ ਧਰਮ, ਪਰਮ ਪ੍ਰੇਮ ਦੇ ਧਰਮ, ਪੂਰਨ ਨਿਮਰਤਾ ਦੇ ਧਰਮ ਅਤੇ ਪੂਰਨ ਸ਼ਰਧਾ, ਪੂਰਨ ਤਿਆਗ ਅਤੇ ਆਪਣੇ ਮਾਲਕ ਪ੍ਰਤੀ ਕੁੱਤੇ ਵਰਗੀ ਵਫ਼ਾਦਾਰੀ ਵਾਲੇ ਧਰਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਸੀ ।

ਪਹਿਲਾਂ ਉਨ੍ਹਾਂ ਨੂੰ ਬਾਬਾ ਜੀ ਦੇ ਦਰਸ਼ਨ ਹੀ ਹੁੰਦੇ ਸਨ । ਆਪਣੇ ਸਿਰ ਤੇ ਉਨ੍ਹਾਂ ਦੇ ਪਵਿੱਤਰ ਹੱਥਾਂ ਦੀ ਕੋਮਲ ਛੁਹ ਹੀ ਮਹਿਸੂਸ ਹੁੰਦੀ ਸੀ ਤੇ ਨਿਸ਼ਚੇ ਵਿੱਚ ਵਾਧਾ ਕਰਨ ਵਾਲੇ ਬਚਨ ਸੁਣਾਈ ਦਿੰਦੇ ਸਨ ਪਰ ਬਾਅਦ ਵਿੱਚ ਬਾਬਾ ਜੀ ਨਾਲ ਪ੍ਰਤੱਖ ਗੱਲਾਂ ਹੋਣ ਲੱਗ ਪਈਆਂ ਸਨ । ਉਨ੍ਹਾਂ ਵਾਸਤੇ ਮਹਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਸਰੀਰ ਕਰਕੇ ਸਦਾ ਹਾਜ਼ਰ ਸਨ । ਇਸ ਤਰ੍ਹਾਂ ਇਹ ਸਚਾਈ ਸਦੀਵੀ ਸੱਚ ਦਾ ਸਪਸ਼ਟ ਅਨੁਭਵ ਸੀ, ਨਾ ਕਿ ਅੰਧ ਵਿਸ਼ਵਾਸ।

ਪਿਤਾ ਜੀ ਸਦਾ ਉਨ੍ਹਾਂ ਦੇ ਨਾਮ ਰਸ ਦੀ ਮਧੁਰਤਾ ਵਿੱਚ ਇਸ਼ਨਾਨ ਕਰਦੇ ਰਹਿੰਦੇ ਸਨ । ਉਨ੍ਹਾਂ ਦੇ ਚਰਨ-ਕਮਲਾਂ (ਪ੍ਰੇਮ ਰਸ) ਦੀ ਮੌਜ ਵਿੱਚ ਮਸਤ ਰਹਿੰਦੇ ਸਨ । ਸਤਿਗੁਰੂ ਜੀ ਅਧਿਆਤਮਕ-ਪ੍ਰੇਮ ਦੇ ਸੱਚੇ ਦਾਤਾਰ ਹਨ । ਉਨ੍ਹਾਂ ਵਿੱਚ ਚੁੰਬਕ ਵਰਗੀ ਸ਼ਕਤੀ ਹੈ । ਉਹ ਵੱਡਭਾਗੇ ਸ਼ਰਧਾਲੂਆਂ ਨੂੰ ਪ੍ਰੇਮ ਰਸ ਦੀਆਂ ਚੜ੍ਹਦੀਆਂ ਕਲਾ ਵਿੱਚ ਲੈ ਜਾਂਦੇ ਹਨ ।

ਪਿਤਾ ਜੀ ਦੇ ਚਿਹਰੇ ਦੀ ਚੜ੍ਹਦੇ ਸੂਰਜ ਵਰਗੀ ਲਾਲੀ ਵਿੱਚੋਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਨਿਰੰਕਾਰੀ ਜੋਤ ਦੇ ਦਰਸ਼ਨ ਹੁੰਦੇ ਸਨ । ਬਾਬਾ ਨਰਿੰਦਰ ਸਿੰਘ ਜੀ ਰੂਹਾਨੀ-ਪ੍ਰੇਮ ਵਿੱਚ ਜਾਗਦੀ ਜੋਤ ਸਨ। ਉਨ੍ਹਾਂ ਦਾ ਸੰਗ ਕਰਨ ਵਾਲਾ ਇਸ ਤੋਂ ਅਭਿੱਜ ਨਹੀਂ ਰਹਿੰਦਾ ਸੀ। ਉਨ੍ਹਾਂ ਨੇ ਉਸ ਰੱਬੀ ਪ੍ਰੇਮ ਦੀ ਰੱਟ ਲਾਈ ਜਿਸ ਰੱਬੀ ਪ੍ਰੇਮ ਵਿੱਚ ਉਹ ਆਪ ਆਨੰਦ ਮਗਨ ਰਹਿੰਦੇ ਸਨ। ਜਿੱਥੇ ਉਹ ਰਹਿੰਦੇ ਸਨ ਉਸ ਦਾ ਆਲਾ ਦੁਆਲਾ ਵੀ ਰੂਹਾਨੀ ਰੰਗਣ ਵਾਲਾ ਹੋ ਜਾਂਦਾ ਸੀ । ਇਕ ਵਾਰ ਉਨ੍ਹਾਂ ਕਿਹਾ ਸੀ ਕਿ

ਚੰਦ ਅਤੇ ਸੂਰਜ ਭੌਤਿਕ ਰੌਸ਼ਨੀ ਦਿੰਦੇ ਹਨ ਅਤੇ ਇਹ ਰੌਸ਼ਨੀ ਵੀ ਦਿਨ ਦੇ ਕੁਝ ਹਿੱਸੇ ਤਕ ਸੀਮਿਤ ਹੁੰਦੀ ਹੈ ਪਰ ਬਾਬਾ ਨੰਦ ਸਿੰਘ ਜੀ ਦਾ ਵੰਡਿਆ ਚਾਨਣ ਚਿਰ ਸਥਾਈ ਹੈ । ਇਹ ਚਾਨਣ ਕਦੇ ਓਹਲੇ ਨਹੀਂ ਹੁੰਦਾ ਅਤੇ ਨਾ ਹੀ ਕਦੇ ਮੁੱਕਦਾ ਹੈ ।

ਸ਼ੁੱਧ ਰੱਬੀ-ਪ੍ਰੇਮ ਉਨ੍ਹਾਂ ਦਾ ਪਰਮ ਧਰਮ ਸੀ ਅਤੇ ਮਨ ਦੀ ਗ਼ਰੀਬੀ ਉਨ੍ਹਾਂ ਦੀ ਪਰਮ ਦੌਲਤ ਸੀ । ਤਨ, ਮਨ ਅਤੇ ਧਨ ਆਪਣੇ ਪਿਆਰੇ ਬਾਬਾ ਜੀ ਨੂੰ ਸੌਪਦਿਆਂ ਅਤੇ ਉਨ੍ਹਾਂ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਿਆਂ ਆਤਮਕ ਚੜ੍ਹਦੀਕਲਾ ਦੇ ਕਈ ਜ਼ੌਹਰ ਦਿਖਾਏ । ਉਨ੍ਹਾਂ ਦੀ ਤੱਕਣੀ ਵਿੱਚ ਰੂਹਾਨੀ ਖਿੱਚ ਅਤੇ ਰੌਣਕ ਸੀ । ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਅਤੇ ਪੂਜਾ ਪੂਰੀ ਪਵਿੱਤਰਤਾ ਨਾਲ ਕਰਦੇ ਸਨ ।

ਸਤਿਗੁਰੂ ਜੀ ਦਾ ਸ਼ੁੱਧ ਪ੍ਰੇਮ ਅਤੇ ਅੰਮ੍ਰਿਤ ਨਾਮ ਦੀ ਸ਼ਕਤੀ ਕਿੰਨੀ ਮੰਗਲਮਈ, ਆਲੌਕਿਕ ਅਤੇ ਚਮਤਕਾਰੀ ਹੈ । ਨਾਮਦੇਵ ਅਤੇ ਧੰਨੇ ਵਰਗੇ ਭਗਤਾਂ ਦੇ ਦਿਲਾਂ ਵਿੱਚ ਪ੍ਰੇਮ ਦੀ ਇਹ ਸ਼ਕਤੀ ਏਨੀ ਚਮਤਕਾਰੀ ਸੀ ਕਿ ਉਨ੍ਹਾਂ ਨੇ ਆਪਣੀਆਂ ਸਰੀਰਕ ਅੱਖਾਂ ਨਾਲ ਰੱਬ ਦੇ ਪ੍ਰਤੱਖ ਦਰਸ਼ਨ ਕਰ ਲਏ ਸਨ। ਮੇਰੇ ਪੂਜਨੀਕ ਪਿਤਾ ਜੀ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਤੋਂ ਕੇਵਲ ਉਨ੍ਹਾਂ ਦੇ ਹੀ ਦਰਸ਼ਨ ਦੀਦਾਰ ਮੰਗੇ ਸਨ । ਉਨ੍ਹਾਂ ਨੇ ਆਪਣੇ ਸਤਿਗੁਰੂ ਜੀ ਤੋਂ ਸਤਿਗੁਰੂ ਦੀ ਹੀ ਜਾਚਨਾਂ ਕੀਤੀ ਸੀ ਕਿਉਂ ਜੋ ਉਹ ਸਤਿਗੁਰੂ ਤੋਂ ਬਿਨਾ ਹੋਰ ਕੋਈ ਇੱਛਾ ਹੀ ਨਹੀਂ ਰਖਦੇ ਸਨ। ਉਨ੍ਹਾਂ ਨੇ ਸਤਿਗੁਰੂ ਦੀ ਪ੍ਰਾਪਤੀ ਖ਼ਾਤਰ ਆਪਣਾ ਸਭ ਕੁਝ ਵਾਰ ਦਿੱਤਾ ਸੀ । ਉਨ੍ਹਾਂ ਨੇ ਆਪਣੇ ਹਰੇਕ ਸੁਆਸ ਨੂੰ ਸਤਿਗੁਰੂ ਜੀ ਦੀ ਪਵਿੱਤਰ ਯਾਦ ਵਿੱਚ ਗੁਜ਼ਾਰ ਕੇ ਸਫਲਾ ਕਰ ਲਿਆ ਹੋਇਆ ਸੀ ।

ਆਪਣੇ ਪਿਆਰੇ ਸਤਿਗੁਰੂ ਦੇ ਵਿਛੋੜੇ ਦੀ ਪੀੜ ਵਿੱਚ ਉਨ੍ਹਾਂ ਦੀ ਹਾਲਤ ਬਹੁਤ ਹੀ ਬਿਹਬਲ ਹੋ ਗਈ ਸੀ । ਹੰਝੂਆਂ ਦੀ ਅਮੁੱਕ ਨਦੀ ਉਨ੍ਹਾਂ ਦੀ ਬੰਦਗੀ, ਉਨ੍ਹਾਂ ਦੀ ਪੂਜਾ, ਉਨ੍ਹਾਂ ਦੀ ਭਗਤੀ, ਉਨ੍ਹਾਂ ਦਾ ਧਰਮ, ਉਨ੍ਹਾ ਦਾ ਪ੍ਰਗਟਾਓ, ਉਨ੍ਹਾਂ ਦੀ ਬੋਲੀ, ਉਨ੍ਹਾਂ ਦੀ ਤਪੱਸਿਆ ਅਤੇ ਉਨ੍ਹਾਂ ਦਾ ਸਦਾਚਾਰ ਬਣ ਚੁੱਕਾ ਸੀ ।

ਉਹ ਪ੍ਰੇਮ ਵਿੱਚ ਵਹਿੰਦੇ ਹੰਝੂਆਂ ਨਾਲ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਦਾ ਨੇਮ ਨਾਲ ਇਸ਼ਨਾਨ ਕਰਾਉਂਦੇ ਸਨ । ਉਨ੍ਹਾਂ ਦੀਆਂ ਅੱਖੀਆਂ ”ਚੋਂ ਵਹਿੰਦੇ ਹੰਝੂਆਂ ਵਿੱਚ ਇਲਾਹੀ ਸੂਰਤ ਦੇ ਦਰਸ਼ਨ ਹੁੰਦੇ ਸਨ । ਇਹ ਨਿਤਨੇਮ ਨਿਰਾਲਾ ਸੀ, ਇਹ ਪੂਜਾ ਨਿਰਾਲੀ ਸੀ ਅਤੇ ਇਹ ਸਮਰਪਣ ਵੀ ਨਿਰਾਲਾ ਸੀ । ਕੀਮਤੀ ਮੋਤੀਆਂ ਵਰਗੇ ਉਨ੍ਹਾਂ ਦੇ ਪਵਿੱਤਰ ਹੰਝੂ ਤਪ ਤੇਜ ਵਾਲੇ ਅਤੇ ਕਰਾਮਾਤੀ ਹੁੰਦੇ ਸਨ । ਉਨ੍ਹਾਂ ਦੇ ਅਥਾਹ ਪ੍ਰੇਮ ਨੂੰ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਸਨ ।

ਪ੍ਰੇਮ ਰਸ ਹੀ ਮਹਾਂ ਰਸ ਹੈ, ਭਗਤੀ ਰਸ ਸੱਚੀ ਭਗਤੀ ਦਾ ਸਾਰ ਤੱਤ ਹੈ । ਪ੍ਰੇਮਾ ਭਗਤੀ ਵਰਗੀ ਕੋਈ ਹੋਰ ਭਗਤੀ ਨਹੀਂ ਹੋ ਸਕਦੀ । ਪਰਮ ਕ੍ਰਿਪਾਲੂ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਪਿਤਾ ਜੀ ਨੂੰ ਪ੍ਰੇਮ ਰਸ ਦੀ ਦਾਤ ਬਖਸ਼ੀ ਸੀ । ਇਸ ਨਿਰਾਲੀ ਤੇ ਪਰਮ ਸਰੇਸ਼ਟ ਦਾਤ ਸਦਕਾ ਉਹਨਾਂ ਦਾ ਜੀਵਨ ਰੱਬੀ ਪ੍ਰੇਮ ਨਾਲ ਭਰਿਆ ਹੋਇਆ ਸੀ । ਇਹ ਸ਼ੁਧ ਪ੍ਰੇਮ ਉਨ੍ਹਾਂ ਦੀ ਆਤਮਾ ਦੀ ਖੁਰਾਕ ਅਤੇ ਜੀਵਨ ਦਾ ਆਧਾਰ ਸੀ ।

ਭਾਈ ਮਤੀਦਾਸ ਨੇ ਆਪਣੇ ਪਿਆਰੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰੇਮ ਸਦਕਾ ਮਹਾਨ ਕੁਰਬਾਨੀ ਦਿੱਤੀ ਸੀ। ਇਹ ਪ੍ਰੇਮ ਚੜ੍ਹਦੇ ਸੂਰਜ ਵਾਂਗ ਉਨ੍ਹਾਂ ਦੇ ਚਿਹਰੇ ਤੇ ਚਮਕਦਾ ਸੀ ।

ਰੱਬੀ-ਪ੍ਰੇਮ, ਨਿਮਰਤਾ ਅਤੇ ਕੁਰਬਾਨੀ ਸਭ ਇਕ ਰੂਪ ਹੈ । ਇਨ੍ਹਾਂ ਦਾ ਨਿਵਾਸ ਰੱਬੀ ਪ੍ਰੇਮ ਵਿੱਚ ਭਿੱਜੇ ਹਿਰਦੇ ਵਿੱਚ ਹੁੰਦਾ ਹੈ । ਪਿਤਾ ਜੀ ਦੇ ਖੁੱਲ੍ਹੇ ਚੌੜੇ ਨੂਰਾਨੀ ਮੱਥੇ ਉਪਰ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਪ੍ਰੇਮ ਪ੍ਰਤੱਖ ਝਲਕਦਾ ਸੀ, ਜੋ ਕਿਸੇ ਤੋਂ ਗੁੱਝਾ ਨਹੀਂ ਰਹਿੰਦਾ ਸੀ ।

ਨਾਮ ਨੂੰ ਕਿਸੇ ਹਥਿਆਰ ਨਾਲ ਮਾਰਿਆ ਨਹੀਂ ਜਾ ਸਕਦਾ, ਇਸ ਨੂੰ ਅਗਨੀ ਨਾਲ ਜਲਾਇਆ ਨਹੀਂ ਜਾ ਸਕਦਾ, ਪਾਣੀ ਨਾਲ ਡੋਬਿਆ ਨਹੀਂ ਜਾ ਸਕਦਾ, ਹਵਾ ਇਸ ਨੂੰ ਸੁਕਾ ਨਹੀਂ ਸਕਦੀ ਚੋਰ ਡਾਕੂ ਇਸ ਨੂੰ ਸੰਨ੍ਹ ਨਹੀਂ ਲਾ ਸਕਦੇ । ਇਸ ਤਰ੍ਹਾਂ ਪ੍ਰੇਮ ਦੇ ਇਸ ਸੱਚੇ ਸੁੱਚੇ ਜਜ਼ਬੇ ਨੂੰ ਕੋਈ ਬਾਹਰੀ ਸ਼ੈਅ ਛੁਹ ਨਹੀਂ ਸਕਦੀ ਕਿਉਂ ਜੋ ਪ੍ਰੇਮ ਅਤੇ ਨਾਮ ਦਾ ਰਸ ਅਧਿਆਤਮਕ ਹਿਰਦੇ ਅਤੇ ਆਤਮਾ ਵਿੱਚ ਡੂੰਘਾ ਵੱਸਿਆ ਹੁੰਦਾ ਹੈ, ਇਹ ਜੀਵਨ ਦਾ ਮੂਲ ਆਧਾਰ ਹੁੰਦਾ ਹੈ । ਇਹ ਨਾਮ ਆਤਮਾ ਦਾ ਬੈਕੁੰਠ ਧਾਮ ਹੈ । ਇਹ ਆਤਮਾ ਦੀ ਇਲਾਹੀ ਸੁਰ ਦਾ ਮਨੋਹਰ ਸੰਗੀਤ ਹੈ । ਸਤਿਗੁਰੂ ਦੀ ਕਿਰਪਾ ਨਾਲ ਇਸ ਪਵਿੱਤਰ ਨਾਮ ਦੀ ਇਲਾਹੀ ਧੁਨੀਂ ਸਾਰੇ ਸਰੀਰ ਵਿੱਚ ਤੇ ਆਸ ਪਾਸ ਦੀ ਹਰੇਕ ਵਸਤੂ ਵਿੱਚ ਵਿਆਪ ਜਾਂਦੀ ਹੈ ।

ਭਾਵੇਂ ਉਨ੍ਹਾਂ ਨੇ ਸੰਸਾਰਕ ਰਿਸ਼ਤਿਆਂ ਅਤੇ ਰੁਝੇਵਿਆਂ ਵਿੱਚੋਂ ਪਹਿਲਾਂ ਹੀ ਮਨ ਕਾਫ਼ੀ ਨਿਰਲੇਪ ਰੱਖਿਆ ਹੋਇਆ ਸੀ, ਪਰ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 30 ਸਾਲ ਤਾਂ ਸੰਸਾਰਕ ਬੰਧਨਾਂ ਤੋਂ ਬਿਲਕੁਲ ਹੀ ਨਿਰਲੇਪ ਰਹਿ ਕੇ ਗੁਜ਼ਾਰੇ ਸਨ । ਉਹ ਸਾਰਾ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਅਤੇ ਪ੍ਰੇਮ ਪੂਜਾ ਵਿੱਚ ਜੁਟੇ ਰਹਿੰਦੇ ਸਨ ।

ਇਕ ਪੁਲਿਸ ਅਫ਼ਸਰ ਦੇ ਤੌਰ ਤੇ ਉਹ ਆਪਣੀ ਡਿਊਟੀ ਦੇ ਪਾਬੰਦ ਅਤੇ ਵਫ਼ਾਦਾਰ ਅਫ਼ਸਰ ਸਨ । ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਦੀ ਸਾਰੀ ਦ੍ਰਿੜਤਾ ਸ਼ਕਤੀ ਅਤੇ ਤਵੱਜੋਂ ਕੇਵਲ ਤੇ ਕੇਵਲ ਰੂਹਾਨੀ ਉਦੇਸ਼ ਵੱਲ ਕੇਂਦਰਿਤ ਰਹੀ ਸੀ । ਨਾਮ ਰੰਗ ਦੀ ਪੂਰਨ ਅਵਸਥਾ ਵਿੱਚ ਉਹ ਸਭ ਵਿੱਚ ਆਪਣੇ ਪਿਆਰੇ ਬਾਬਾ ਜੀ ਦੇ ਦਰਸ਼ਨ ਕਰਦੇ ਸਨ । ਇਸ ਅਨੁਭਵ ਵਿੱਚ ਈਰਖਾ, ਦਵੈਖ, ਧੋਖਾ ਅਤੇ “ਮਾਨ” ਦਾ ਕੋਈ ਥਾਂ ਨਹੀਂ ਸੀ । ਉਨ੍ਹਾਂ ਦਾ ਨਿਵਾਸ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਸੀ ਅਤੇ ਰਹੇਗਾ ਵੀ । ਇਕ ਵਾਰ ਉਨ੍ਹਾਂ ਨੇ ਆਪਣਾ ਪੱਕਾ ਰਿਹਾਇਸ਼ੀ ਸਿਰਨਾਵਾਂ (Address)

ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨ-ਕਮਲਾਂ ਵਿੱਚ”

ਲਿਖਵਾਇਆ ਸੀ । ਉਹ ਹੁਣ ਵੀ ਇੱਥੇ ਹੀ ਨਿਵਾਸ ਰੱਖਦੇ ਹਨ । ਇਹ ਆਲੌਕਿਕ ਸੱਚ ਹੈ ਕਿ ਜੇ ਹੁਣ ਵੀ ਉਨ੍ਹਾਂ ਨੂੰੰ ਮਿਲਣਾ ਹੋਵੇ ਤਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਰਾਹੀਂ ਮਿਲਿਆ ਜਾ ਸਕਦਾ ਹੈ । ਉਹ ਆਪਣੇ ਪਿਆਰਿਆਂ ਨੂੰ ਹੁੰਗਾਰਾ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਸ਼ੰਕਾਵਾਂ ਦੂਰ ਕਰਦੇ ਹਨ ।

1940 ਦੇ ਆਸ ਪਾਸ ਬਾਬਾ ਜੀ ਨੇ ਦਰਸ਼ਨ ਦੇ ਕੇ ਪਿਤਾ ਜੀ ਨੂੰ ਚਰਨਾ ਵਿੱਚ ਛਿੱਪ ਜਾਣ ਦੀ ਆਗਿਆ ਦਿੱਤੀ ਸੀ । ਸੰਪੂਰਨ ਸਿੰਘ ਅਤੇ ਹੋਰ ਸੇਵਕਾਂ ਦੀਆਂ ਨਜ਼ਰਾਂ ਵਿੱਚੋਂ ਪਿਤਾ ਜੀ ਇਕ ਵਾਰ ਅਲੋਪ ਹੋ ਗਏ । ਇਸ ਕੌਤਕ ਦੀ ਨਿਰਾਲੀ ਖਾਸੀਅਤ ਇਹ ਸੀ ਕਿ ਇਸ ਤੋਂ ਬਾਅਦ ਪਿਤਾ ਜੀ ਨੇ ਬਾਬਾ ਜੀ ਦੇ ਚਰਨ-ਕਮਲਾਂ ਦਾ ਆਸਰਾ ਕਦੇ ਵੀ ਨਹੀਂ ਛੱਡਿਆ। ਉਹ ਆਪਣੇ ਸਾਰੇ ਕਾਰ ਵਿਹਾਰ ਸਮੇਂ ਬਾਬਾ ਜੀ ਦੇ ਪਵਿੱਤਰ ਚਰਨਾ ਵਿੱਚ ਰਹਿੰਦੇ ਹੋਏ ਹੀ ਵਿੱਚਰਦੇ ਸਨ । ਉਨ੍ਹਾਂ ਦੇ ਹਰੇਕ ਕੰਮ ਵਿੱਚੋਂ ਬਾਬਾ ਜੀ ਦੇ ਚਰਨ-ਕਮਲਾਂ ਦੀ ਮੌਜ ਤੇ ਸੁਗੰਧ ਆਉਂਦੀ ਸੀ । ਉਨ੍ਹਾਂ ਦੇ ਚਿਹਰੇ ਦਾ ਨੂਰਾਨੀ ਨੂਰ, ਉਨ੍ਹਾਂ ਦੀ ਆਤਮਾ ਦੇ ਚਰਨ-ਕਮਲਾਂ ਵਿੱਚ ਨਿਵਾਸ ਹੋਣ ਦੀ ਗਵਾਹੀ ਭਰਦਾ ਸੀ । ਇਸ ਨਾਮ-ਰਸ ਵਿੱਚ ਰਹਿੰਦਿਆਂ ਉਹ ਚਰਨ-ਕਮਲਾਂ ਦੀ ਮੌਜ ਦਾ ਆਨੰਦ ਮਾਣਦੇ ਰਹਿੰਦੇ ਸਨ ।

ਪਿਤਾ ਜੀ ਨੇ ਕਦੇ ਕਿਸੇ ਤੋਂ ਮੱਥਾ ਨਹੀਂ ਟਿਕਵਾਇਆ ਸੀ । ਇਕ ਵਾਰੀ ਉਨ੍ਹਾਂ ਨੇ ਮੈਨੂੰ ਦਸਿਆ ਕਿ ਜਦੋਂ ਕੋਈ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾਉਂਦਾ ਹੈ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕਿ ਪੈਰਾਂ ਨੂੰ ਸੱਪ ਡੰਗ ਮਾਰ ਰਿਹਾ ਹੋਵੇ । ਉਨ੍ਹਾਂ ਵਾਸਤੇ ਮੱਥਾ ਟਿਕਾਉਂਣਾ ਬਹੁਤ ਦੁੱਖਦਾਈ ਅਨੁਭਵ ਹੁੰਦਾ ਸੀ ।

ਉਹ ਆਪਣੇ ਸਾਰੇ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਕਰਦੇ ਸਨ । ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲੈਂਦੇ ਅਤੇ ਉਸ ਉੱਤੇ ਪੂਰੇ ਨਿਸ਼ਚੇ ਨਾਲ ਅਮਲ ਕਰਦੇ ਸਨ । ਉਹ ਰੂਹਾਨੀ ਅਤੇ ਦੁਨਿਆਵੀ ਕਾਰ ਵਿਹਾਰ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਣ ਕਰਕੇ ਉਨ੍ਹਾਂ ਦਾ ਸਾਰਾ ਜੀਵਨ ਪ੍ਰਭੂਮੁਖੀ ਬਣ ਚੁੱਕਾ ਹੋਇਆ ਸੀ ।

ਉਨ੍ਹਾਂ ਨੇ ਪ੍ਰਭੂ-ਪ੍ਰੇਮ ਦਾ ਪਿਆਲਾ ਰੱਜ ਕੇ ਪੀਤਾ ਸੀ । ਉਨ੍ਹਾਂ ਦੇ ਜੀਵਨ ਦਾ ਪਲ ਪਲ ਪ੍ਰਭੂ ਦੇ ਸਿਮਰਨ ਵਿੱਚ ਗੁਜ਼ਰਦਾ ਸੀ । ਉਹ ਦਿਨ ਰਾਤ ਵਾਹਿਗੁਰੂ ਦੀ ਹਜ਼ੂਰੀ ਵਿੱਚ ਰਹਿੰਦੇ ਸਨ । ਉਨ੍ਹਾਂ ਨੇ ਜੀਵਨ ਦਾ ਹਰ ਪਲ ਆਪਣੇ ਹਿਰਦੇ, ਮਨ, ਆਤਮਾ ਨੂੰ ਆਪਣੇ ਪਿਆਰੇ ਮਾਲਕ ਬਾਬਾ ਜੀ ਦੇ ਸਿਜਦੇ ਵਿੱਚ ਝੁਕਾਈ ਰਖਿਆ ਸੀ ।

ਸਭ ਕੁਝ ਬਾਬਾ ਜੀ ਦੇ ਪਵਿੱਤਰ ਚਰਨਾਂ ਵਿੱਚ ਸੌਂਪ ਕੇ ਉਹ ਸਤਿਗੁਰੂ ਜੀ ਦੇ ਨਾਮ ਰਸ ਵਿੱਚ ਮਸਤ ਰਹਿੰਦੇ ਸਨ । ਉਨ੍ਹਾਂ ਦੇ ਚਿਹਰੇ ਦੇ ਨੂਰ ਅਤੇ ਇਲਾਹੀ ਸ਼ਾਂਤੀ ਤੋਂ ਇਸ ਨਿਰਾਲੀ ਰੂਹਾਨੀ ਲਿਵ ਦੇ ਦਰਸ਼ਨ ਹੁੰਦੇ ਸਨ ।

ਪਿਤਾ ਜੀ ਪਹਿਰ ਰਹਿੰਦੀ ਰਾਤ ਵੇਲੇ ਉਠਦੇ ਸਨ, ਆਪ ਹੀ ਕੜਾਹ ਪ੍ਰਸਾਦ ਦੀ ਦੇਗ਼ ਤਿਆਰ ਕਰਦੇ ਅਤੇ ਦੋ ਕੁ ਵਜੇ ਤੋਂ ਸਵੇਰ ਦੇ 9-10 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭਜਨ ਬੰਦਗੀ ਕਰਦੇ ਰਹਿੰਦੇ ਸਨ । ਗੁਰੂ ਸਾਹਿਬ ਵਾਲੇ ਕਮਰੇ ਵਿੱਚੋਂ ਬਾਹਰ ਨਿਕਲਣ ਸਮੇਂ ਉਨ੍ਹਾਂ ਦੇ ਚਿਹਰੇ ਤੇ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਰੱਬੀ ਨੂਰ ਹੁੰਦਾ ਸੀ । ਚਿਹਰੇ ਦਾ ਇਹ ਨੂਰ ਪਿਛਲੇ ਦੋ ਪਹਿਰ ਬਾਬਾ ਜੀ ਅਤੇ ਸਤਿਗੁਰੂ ਜੀ ਨਾਲ ਜੁੜੇ ਰਹਿਣ ਦਾ ਪ੍ਰਮਾਣ ਹੁੰਦਾ ਸੀ । ਅਸੀਂ ਉਨ੍ਹਾਂ ਦੇ ਇਸ ਰੂਪ ਵਿੱਚ ਕਈ ਵਾਰ ਦਰਸ਼ਨ ਕੀਤੇ ਸਨ । ਜਦੋਂ ਉਨ੍ਹਾਂ ਦੇ ਪਿਆਰੇ ਬਾਬਾ ਜੀ ਦੀ ਯਾਦ ਵਿੱਚ ਉਨ੍ਹਾਂ ਦੀਆਂ ਅੱਖਾਂ ਦੇ ਹੰਝੂ ਬਾਬਾ ਜੀ ਦੇ ਪਵਿੱਤਰ ਚਰਨ-ਕਮਲਾਂ ਦਾ ਇਸ਼ਨਾਨ ਕਰਾਉਂਣ ਲੱਗ ਪੈਂਦੇ ਤਾਂ ਫਿਰ ਕਾਫ਼ੀ ਦੇਰ ਤੱਕ ਉਹ ਇਸੇ ਅਫੁਰ ਅਵਸਥਾ ਵਿੱਚ ਰਹਿੰਦੇ ਸਨ । ਉਹ ਸਹੀ ਰੂਪ ਵਿੱਚ ਬਖਸ਼ਿਸ਼ ਦੇ ਸਾਗਰ ਵਿੱਚ ਤਾਰੀਆਂ ਲਾਉਂਦੇ ਸਨ । ਇਸ ਅਵਸਥਾ ਵਿੱਚ ਪਿਆਰੇ ਦੀ ਪਵਿੱਤਰ ਯਾਦ ਵਿੱਚ ਹੀ ਸਿਮਰਨ ਦਾ ਆਨੰਦ ਮਾਣਿਆ ਜਾ ਸਕਦਾ ਹੈ, ਦੱਸਿਆ ਨਹੀਂ ਜਾ ਸਕਦਾ । ਉਨ੍ਹਾਂ ਦੀ ਭਗਤੀ ਦੇ ਹਰੇਕ ਰੂਪ ਵਿੱਚ ਪ੍ਰੇਮਾ-ਭਗਤੀ ਤੇ ਇਲਾਹੀ-ਪ੍ਰੇਮ ਦੇ ਦਰਸ਼ਨ ਹੁੰਦੇ ਸਨ ।

ਉਹ ਪ੍ਰੇਮ ਦੀ ਆਨੰਦਮਈ ਮੌਜ ਵਿੱਚ ਹੀ ਗੁਰਬਾਣੀ ਪੜ੍ਹਦੇ, ਕੀਰਤਨ ਸ੍ਰਵਣ ਕਰਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਸਨ। ਉਨ੍ਹਾਂ ਦੇ ਤਨ, ਮਨ ਤੇ ਆਤਮਾ ਵਿੱਚ ਪ੍ਰੇਮਾ-ਭਗਤੀ ਦਾ ਨਿਵਾਸ ਸੀ। ਇਹ ਉਨ੍ਹਾਂ ਦੇ ਜੀਵਨ ਦਾ ਮਹਾਨ ਤੱਤ ਸੀ । ਭਜਨ ਬੰਦਗੀ ਦੀ ਬਰਕਤ ਦਾ ਸਦਕਾ ਉਹ ਸੱਚੇ ਪ੍ਰੇਮ ਦੀ ਮੂਰਤ ਬਣ ਚੁੱਕੇ ਸਨ ।

ਮੌਤ ਵਰਗੀ ਹਰੇਕ ਬਿੱਪਤਾ ਦੀ ਘੜੀ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਉਨ੍ਹਾਂ ਦੇ ਸਿਰ ਤੇ ਹੱਥ ਰੱਖ ਕੇ ਅਤੇ ਥਾਪੜਾ ਦੇ ਕੇ ਆਪਣੇ ਪੁੱਤਰ ਦੇ ਅੰਗ ਸੰਗ ਹੋਣ ਦਾ ਵਿਸ਼ਵਾਸ਼ ਪੱਕਾ ਕਰਾਉਂਦੇ ਸਨ । ਉਨ੍ਹਾਂ ਨੇ ਕਈ ਵਾਰ ਬਾਬਾ ਜੀ ਨੂੰ ਇਹ ਕਹਿੰਦੇ ਹੋਏ ਸੁਣਿਆ ਸੀ,

“ਮੇਰੇ ਪਿਆਰੇ ਪੁੱਤਰ, ਅਸੀਂ ਤੇਰੇ ਅੰਗ ਸੰਗ ਹਾਂ।”

1947 ਦੀ ਵੰਡ ਦੇ ਭਿਆਨਕ ਦਿਨਾ ਵਿੱਚ ਪਿਤਾ ਜੀ ਨੇ ਇਕ ਦ੍ਰਿਸ਼ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਹੱਥਾਂ ਵਿੱਚੋਂ ਖ਼ੂਨ ਨਿਕਲਦਾ ਵੇਖਿਆ ਸੀ । ਪਿਤਾ ਜੀ ਨੇ ਇਸ ਦਾ ਰਾਜ਼ ਪੁੱਛਿਆ ਤਾਂ ਤਰਸਵਾਨ ਬਾਬਾ ਜੀ ਨੇ ਦੱਸਿਆ ਸੀ, “ਇਨ੍ਹਾਂ ਹੱਥਾਂ ਵਿੱਚ ਵੈਰੀ ਦੀਆਂ ਤੁਹਾਡੇ ਵੱਲ ਚਲਾਈਆਂ ਗੋਲੀਆਂ ਵੱਜਦੀਆਂ ਹਨ” ਬਾਬਾ ਜੀ ਦੇ ਪਵਿੱਤਰ ਹੱਥ ਸਾਰੀਆਂ ਔਕੜਾਂ ਸਮੇਂ ਉਨ੍ਹਾਂ ਉਪਰ ਦਰਗਾਹੀ-ਢਾਲ ਬਣੇ ਰਹਿੰਦੇ ਸਨ ।

ਸਵਾਸ ਸਵਾਸ ਗੁਰੂ ਦਾ ਨਾਮ ਜਪਣ ਨਾਲ ਮਾਲਕ-ਪ੍ਰਭੂ ਦੀ ਹਜ਼ੂਰੀ ਦਾ ਰਸ ਆਉਂਣ ਲੱਗ ਪੈਂਦਾ ਹੈ । ਗੁਰੂ-ਲਿਵ ਬਖਸ਼ਿਸ਼ ਦੇ ਉੱਚੇ ਮੰਡਲਾਂ ਵਿੱਚ ਪਹੁੰਚਾ ਦਿੰਦੀ ਹੈ । ਸਤਿਗੁਰੂ ਜੀ ਦੇ ਚਰਨ-ਕਮਲਾਂ ਦੇ ਸਿਮਰਨ ਦੀ ਦਾਤ ਅਤੇ ਗੁਰੂ ਲਿਵ ਦਾ ਆਨੰਦ ਬੌਧਿਕ ਅਕਲ ਅਤੇ ਮਾਨਸਕ ਸਮਝ ਤੋਂ ਪਰੇ ਦੀ ਗੱਲ ਹੈ । ਇਸ ਨੂੰ ਸ਼ਬਦਾਂ ਵਿੱਚ ਨਹੀਂ ਦੱਸਿਆ ਜਾ ਸਕਦਾ । ਜਿਵੇਂ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਜੀਵਨ ਦਾ ਪਲ ਪਲ ਪਿਆਰੇ ਸਤਿਗੁਰੂ ਨਾਨਕ ਸਾਹਿਬ ਦੀ ਪਵਿੱਤਰ ਹੋਂਦ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸੀ ਇਸੇ ਤਰ੍ਹਾਂ ਬਾਬਾ ਨਰਿੰਦਰ ਸਿੰਘ ਜੀ ਨੇ ਆਪਣੇ ਜੀਵਨ ਦੇ ਹਰੇਕ ਸੁਆਸ ਨੂੰ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨ-ਕਮਲਾਂ ਵਿੱਚ ਗੁਜ਼ਾਰਿਆ ਸੀ । ਉਨ੍ਹਾਂ ਨੇ ਆਪਣੇ ਜੀਵਨ ਦੇ ਹਰ ਪਲ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸਦੀਵੀ-ਹਜ਼ੂਰੀ ਦੀ ਦਾਤ ਦਾ ਜਸ ਗਾਇਆ ।

ਪ੍ਰਭੂ ਆਪਣੇ ਪਿਆਰੇ ਨੂੰ ਦੁੱਖ ਦੀਆਂ ਘੜੀਆਂ ਵਿੱਚ ਵੀ ਪਾਉਂਦਾ ਹੈ । ਧਾਰਮਕ ਇਤਿਹਾਸ ਗਵਾਹ ਹੈ ਕਿ ਰੱਬ ਦੀ ਪ੍ਰਾਪਤੀ ਕਿਸੇ ਨੂੰ ਸੌਖੀ ਵਿਧੀ ਨਾਲ ਨਹੀ ਹੋਈ ਸੀ ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਇਹੀ ਪ੍ਰਸ਼ਨ ਕੀਤਾ ਗਿਆ ਸੀ ਕਿ ਰੱਬ ਦੇ ਭਗਤਾਂ ਨੂੰ ਇੰਨੇ ਦੁੱਖਾਂ ਵਿੱਚੋਂ ਕਿਉਂ ਲੰਘਣਾ ਪੈਂਦਾ ਹੈ ? ਉਨ੍ਹਾਂ ਦਾ ਉਤਰ ਸੀ, “ਇਸ ਤੋਂ ਬਗੈਰ ਸੰਸਾਰ ਦੇ ਅਸਲੀ ਰੂਪ ਨੂੰ ਨਹੀਂ ਪਛਾਣਿਆਂ ਜਾ ਸਕਦਾ ।”

ਇਹ ਸਚਮੁੱਚ ਹੈਰਾਨੀ ਵਾਲੀ ਗੱਲ ਹੈ ਕਿ ਇਕ ਤੋਂ ਬਾਅਦ ਹੋਰ ਆਉਂਦੀਆਂ ਮੁਸੀਬਤਾਂ ਅਤੇ ਆਫ਼ਤਾਂ ਦੌਰਾਨ ਵੀ ਪਿਤਾ ਜੀ ਦੇ ਚਿਹਰੇ ਦਾ ਨੂਰਾਨੀ ਨੂਰ ਨਾ ਕੇਵਲ ਉਸੇ ਤਰ੍ਹਾਂ ਹੀ ਰਹਿੰਦਾ ਸੀ ਸਗੋਂ ਰੂਹਾਨੀਅਤ ਨਾਲ ਹੋਰ ਵਧੇਰੇ ਦਗ਼ ਦਗ਼ ਕਰਨ ਲੱਗ ਪੈਂਦਾ ਸੀ । ਇੱਥੋ ਤੱਕ ਕਿ ਜਦੋਂ ਪੂਜਯ ਪਿਤਾ ਜੀ 12 ਮਾਰਚ 1983 ਨੂੰ 2 ਵਜੇ ਦੁਪਹਿਰੇ ਖੇਡ ਵਰਤਾ ਗਏ ਅਤੇ ਉਨ੍ਹਾਂ ਦਾ ਪਵਿਤ੍ਰ ਸਰੀਰ 16 ਮਾਰਚ 1983 ਸ਼ਾਮ ਨੂੰ 5 ਵਜੇ ਭਗੌਰ ਸਾਹਿਬ ਸਤਲੁਜ ਦਰਿਆ ਕੰਢੇ ਉਨ੍ਹਾਂ ਦੇ ਹੁਕਮ ਅਨੁਸਾਰ ਜਲ ਪ੍ਰਵਾਹ ਕੀਤਾ ਗਿਆ ਤਾਂ ਇਨ੍ਹਾਂ ਪੰਜਾਂ ਦਿਨਾਂ ਦੇ ਦੌਰਾਨ ਵੀ ਉਨ੍ਹਾਂ ਦਾ ਚਿਹਰਾ ਚੜ੍ਹਦੇ ਸੂਰਜ ਦੀ ਲਾਲੀ ਵਾਂਗ ਭਖਦਾ ਰਿਹਾ ਸੀ । ਸਰੀਰ ਪਹਿਲਾਂ ਦੀ ਤਰ੍ਹਾਂ ਹੀ ਕੋਮਲ ਰਿਹਾ ਸੀ । ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਲਾਹੀ ਪ੍ਰੇਮ ਦੀ ਨਿਰਾਲੀ ਸ਼ਾਨ ਸੀ ਜਿਹੜੀ ਉਨ੍ਹਾਂ ਨੇ ਅਪਾਰ ਕਿਰਪਾ ਕਰਕੇ ਆਪਣੇ ਪਿਆਰੇ ਸੇਵਕ (ਡਿੱਪਟੀ) ਨੂੰ ਦਿੱਤੀ ਸੀ।

ਜਿਉਂ ਜਿਉਂ ਮੇਰੇ ਪਿਤਾ ਜੀ ਨੂੰ ਵਧੇਰੇ ਮੁਸ਼ਕਲਾਂ ਪੇਸ਼ ਆਉਂਦੀਆਂ ਸਨ, ਤਿਉਂ ਤਿਉਂ ਉਨ੍ਹਾਂ ਦੀ ਸ਼ਰਧਾ ਅਤੇ ਭਰੋਸਾ ਹੋਰ ਵੀ ਪੱਕਾ ਹੋਈ ਜਾਂਦਾ ਸੀ । ਕੋਈ ਵੀ ਸੰਸਾਰੀ ਸਮੱਸਿਆ, ਕੋਈ ਵੀ ਦੁੱਖ-ਤਕਲੀਫ ਕੋਈ ਵੀ ਸਦਮਾ, ਭਾਵੇਂ ਕਿੰਨਾ ਵੀ ਦੁਖਦਾਈ ਹੁੰਦਾ ਸੀ, ਉਨ੍ਹਾਂ ਦੇ ਭਰੋਸੇ ਅਤੇ ਵਿਸ਼ਵਾਸ ਨੂੰ ਡੁਲਾ ਨਹੀਂ ਸਕਦਾ ਸੀ । ਉਹ ਦੁੱਖ ਸਮੇਂ ਵੀ ਆਤਮਕ ਮੌਜ ਵਿੱਚ ਰਹਿੰਦੇ ਤੇ ਆਪਣੇ ਸੀਸ ਤੇ ਆਪਣੇ ਮਾਲਕ ਬਾਬਾ ਜੀ ਦਾ ਹੱਥ ਮਹਿਸੂਸ ਕਰਦੇ ਸਨ ।

“ਰੱਬ ਦੇ ਭਗਤਾਂ ਲਈ ਦੁੱਖ ਤਕਲੀਫ ਇਕ ਮਿਹਰ ਹੁੰਦੀ ਹੈ। ਜਿਹੜੇ ਪਰਮੇਸ਼ਰ ਅਤੇ ਸਤਿਗੁਰੂ ਜੀ ਨੂੰ ਕਰਤਾ ਪੁਰਖ ਮੰਨਦੇ ਹਨ, ਉਨ੍ਹਾਂ ਵਾਸਤੇ ਦੁੱਖ-ਤਕਲੀਫ ਸੁਹਾਵਣੀ ਹੁੰਦੀ ਹੈ, ਇਹ ਪ੍ਰਭੂ ਵਲੋਂ ਪ੍ਰਾਪਤ ਹੋਈ ਇਕ ਇਲਾਹੀ ਦਾਤ ਹੁੰਦੀ ਹੈ।”

ਕਈ ਵਾਰ ਬਾਬਾ ਨਰਿੰਦਰ ਸਿੰਘ ਜੀ ਫੁਰਮਾਇਆ ਕਰਦੇ ਸਨ,

“ਨਰਿੰਦਰ ਸਿੰਘ ਕਾਫ਼ੀ ਦੇਰ ਪਹਿਲਾਂ ਦਾ ਮਰ ਚੁੱਕਾ ਹੈ ।”

ਉਨ੍ਹਾਂ ਦੇ ਪ੍ਰੇਮ, ਪੂਜਾ ਅਤੇ ਸੇਵਾ ਦਾ ਪਰਮ ਉਦੇਸ਼ ਬਾਬਾ ਨੰਦ ਸਿੰਘ ਜੀ ਮਹਾਰਾਜ ਸਨ, ਜੋ ਆਪਣੇ ਪਿਆਰੇ ਸੇਵਕ ਦੇ ਅੰਦਰ ਜ਼ਾਹਰਾ ਤੌਰ ਤੇ ਵਿੱਚਰਦੇ ਸਨ । ਇੰਜ ਪੂਰੀ ਤਰ੍ਹਾਂ ਗੁਰੂ-ਲਿਵ ਵਿੱਚ ਰਹਿੰਦਿਆਂ ਉਨ੍ਹਾਂ ਨੇ ਆਪਣੇ “ਆਪ”, ਹਉਂਮੈ, ਹੋਂਦ ਨੂੰ ਮਾਰ ਲਿਆ ਸੀ । ਉਨ੍ਹਾਂ ਦਾ ਚਿਹਰਾ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਰੂਹਾਨੀ ਖੁਸ਼ੀ ਨਾਲ ਸਦਾ ਖਿੜਿਆ ਰਹਿੰਦਾ ਸੀ। ਇਸ ਤਰ੍ਹਾਂ ਭਾਵੇਂ ਉਨ੍ਹਾਂ ਨੇ ਆਪਣੇ ਆਪ ਨੂੰ ਮਾਰ ਲਿਆ ਸੀ ਪਰ ਅਸਲ ਵਿੱਚ ਉਹ “ਜਾਗਦੇ” ਸਨ । ਉਨ੍ਹਾਂ ਨੇ ਰੂਹਾਨੀ ਚੜ੍ਹਦੀਕਲਾ ਵਾਲਾ ਜੀਵਨ ਗੁਜ਼ਾਰਿਆ ਸੀ ।

ਇਲਾਹੀ-ਪ੍ਰੇਮ ਦੇ ਮਹਿਕਦੇ ਤੇ ਝੂਮਦੇ ਫੁੱਲ ਵਾਂਗ ਉਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਸਦੀਵੀ ਮਹਿਕ ਰਹੇ ਹਨ ।

ਗੁਰੂ ਨਾਨਕ ਦਾਤਾ ਬਖਸ਼ ਲੈ ।
ਬਾਬਾ ਨਾਨਕ ਬਖਸ਼ ਲੈ ।।