ਅੰਦਰੂਨੀ ਤੇ ਬਾਹਰੀ ਸ਼ੁਧਤਾ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਸਤਿਕਾਰ ਅਤੇ ਪੂਜਾ ਵਾਸਤੇ ਅੰਦਰੂਨੀ ਤੇ ਬਾਹਰੀ ਸ਼ੁਧਤਾ ਤੇ ਜ਼ੋਰ ਦਿੱਤਾ ਜਾਂਦਾ ਸੀ। ਬਾਬਾ ਨੰਦ ਸਿੰਘ ਜੀ ਮਹਾਰਾਜ ਆਪ ਸਤਿ ਅਤੇ ਪਵਿੱਤਰਤਾ ਦੀ ਮੂਰਤ ਸਨ। ਬਾਬਾ ਜੀ ਵਲੋਂ ਇਨ੍ਹਾਂ ਧਾਰਮਕ ਗੁਣਾ ਦੀ ਪਾਲਣਾ ਤੇ ਬਹੁਤ ਸਖ਼ਤੀ ਨਾਲ ਪਹਿਰਾ ਦਿੱਤਾ ਜਾਂਦਾ ਸੀ। ਉਹ ਇਸ ਮਰਯਾਦਾ ਨੂੰ ਕਦੇ ਵੀ ਭੰਗ ਨਾ ਕਰਨ ਦਾ ਉਪਦੇਸ਼ ਦਿੰਦੇ ਸਨ। ਉਨ੍ਹਾਂ ਦੀ ਨਿਰਾਲੀ ਮਰਯਾਦਾ, ਪਰੰਪਰਾ ਅਤੇ ਸਾਧਨਾ ਵਿੱਚੋਂ ਮਹਾਨ ਪਵਿੱਤਰਤਾ ਦੀ ਝਲਕ ਪੈਂਦੀ ਸੀ। ਉਨ੍ਹਾਂ ਦੇ ਅਸਥਾਨ ਤੇ ਦੁਨੀਆਂਦਾਰੀ ਜਾਂ ਅਪਵਿੱਤਰਤਾ ਕਦੇ ਨੇੜੇ ਨਹੀਂ ਆਈ ਸੀ।
ਬਾਬਾ ਨੰਦ ਸਿੰਘ ਜੀ ਮਹਾਰਾਜ ਪਵਿੱਤਰਤਾ ਦੇ ਪੁੰੰਜ ਸਨ। ਉਨ੍ਹਾਂ ਦੀ ਪਾਵਨ ਹਜ਼ੂਰੀ ਵਿੱਚ ਜੁੜੀਆਂ ਹਜ਼ਾਰਾਂ ਸੰਗਤਾਂ ਇਸ ਤਰ੍ਹਾਂ ਮਹਿਸੂਸ ਕਰਦੀਆਂ ਸਨ ਜਿਵੇਂ ਉਹ ਪਵਿੱਤਰਤਾ ਦੇ ਸਾਗਰ ਵਿੱਚ ਚੁੱਬੀਆਂ ਲਾ ਰਹੀਆਂ ਹੋਣ। ਉਨ੍ਹਾਂ ਦੀ ਹਜ਼ੂਰੀ ਵਿੱਚ ਮਨਾ ਦੀ ਮੈਲ ਲਹਿ ਜਾਂਦੀ ਸੀ ਤੇ ਪੂਰਬਲੇ ਪਾਪਾਂ ਅਤੇ ਕਰਮਾਂ ਦਾ ਨਾਸ਼ ਹੋ ਜਾਂਦਾ ਸੀ। ਪਵਿੱਤਰਤਾ ਦੇ ਸਾਗਰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਜੀਵਨ ਅਤੇ ਮਰਯਾਦਾ ਵਿੱਚੋਂ ਉਸ ਇਲਾਹੀ -ਪ੍ਰੇਮ ਦਾ ਰਸ ਅਨੁਭਵ ਕਰ ਸਕਦਾ ਹੈ ਜਿਹੜਾ ਇਲਾਹੀ ਪ੍ਰੇਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਰਪੂਰ ਹੈ।
ਨਿਰਮਲਤਾ ਦੇ ਸਾਗਰ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਪਵਿੱਤਰ ਹੋਏ ਹਿਰਦਿਆਂ ਨੂੰ ਪ੍ਰਤੱਖ ਗੁਰੂ ਨਾਨਕ ਸਾਹਿਬ ਦੇ ਰੂਪ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀਅਤ ਦੇ ਨਜ਼ਾਰਿਆਂ ਦਾ ਅਨੁਭਵ ਹੋਣ ਲੱਗ ਪੈਂਦਾ ਸੀ। ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸੰਗਤ ਵਿੱਚ ਬੈਠਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਿਸ਼ਚਾ ਪੱਕਾ ਕਰਨ ਦਾ ਇਕ ਅਲੌਕਿਕ ਤਜਰਬਾ ਹੁੰਦਾ ਸੀ।
ਉਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਅੰਤ੍ਰੀਵ ਇੱਕਸੁਰਤਾ ਅਤੇ ਨਿੱਜੀ ਅਨੁਭਵਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਮਲੀ ਅਤੇ ਭਾਵਮਈ ਪੂਜਾ ਅਤੇ ਸ਼ੁੱਧ ਮਰਯਾਦਾ ਬਹੁਤ ਜ਼ਾਬਤੇ ਵਾਲੀ ਮਰਯਾਦਾ ਹੈ। ਇਸ ਵਿਲੱਖਣ ਮਰਯਾਦਾ, ਸਾਧਨਾ ਤੇ ਪੂਜਾ ਦੇ ਅਸੂਲਾਂ ਦੇ ਮੋਢੀ ਕਲੇਰਾਂ ਵਾਲੇ ਮਹਾਨ ਬ੍ਰਹਮ ਗਿਆਨੀ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ! ਇਨ੍ਹਾਂ ਨੂੰ ਹੁਣ ਕੁਲ ਲੋਕਾਈ ਬਾਬਾ ਨੰਦ ਸਿੰਘ ਜੀ ਮਹਾਰਾਜ ਵੱਜੋਂ ਜਾਣਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਨਾਨਕ ਸਾਹਿਬ ਦੀ ਦੇਹ ਦਾ ਅਮਲੀ ਰੂਪ ਵਿੱਚ ਅਹਿਸਾਸ ਕਰਵਾਉਂਣਾਂ ਮਨੁੱਖਤਾ ਉਪਰ ਬਹੁਤ ਵੱਡਾ ਪਰਉਪਕਾਰ ਹੈ। ਉਨ੍ਹਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਖਸਾਤ ਹਜ਼ੂਰੀ ਦਾ ਰਹਸਮਈ ਅਨੁਭਵ ਕਰਵਾਇਆ।