ਸੱਚ ਦਾ ਮਾਰਗ

Humbly request you to share with all you know on the planet!

ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ||
ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ
ਅਘਨਾਸਨ ਜਗਦੀਸੁਰਹ||

ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ||
ਪਿਰ ਰਹਿਓ ਸਰੁਬਤ੍ਰ ਮੈਂ' ਨਾਨਕ ਹਰਿ ਰੰਗਿ ਰਾਚੁ||
ਪਉੜੀ||
ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ||
ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ||
ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ||
ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ||
ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ||

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ, ਮਧ ਅਤੇ ਅੰਤ ਦੇ ਵਿੱਚ ਜਿਹੜਾ ਪ੍ਰਕਾਸ਼ ਬਖਸ਼ਦੇ ਹਨ ਉਸ ਪ੍ਰਕਾਸ਼ ਨੂੰ ਥੋੜ੍ਹਾ ਜਿਹਾ ਸਮਝਣ ਦੇ ਨਾਲ ਗੁਰੂ ਨਾਨਕ ਨਿਰੰਕਾਰ ਸਾਡੇ ਵਾਸਤੇ ਕਿਹੜਾ ਸੱਚ ਦਾ ਮਾਰਗ ਦਸ ਰਹੇ ਹਨ, ਉਸਦੀ ਸਮਝ ਪੈਂਦੀ ਹੈ|

ਖੰਡ, ਬ੍ਰਹਮੰਡ, ਪਾਤਾਲ, ਦੀਪ ਇਹ ਸਭ ਕੁਝ ੴ (ਏਕੰਕਾਰੁ) ਦਾ ਸਾਰਾ ਪਸਾਰਾ ਹੈ ਅਤੇ ਜਿੱਥੇ ਉਹ ਰਵਿਆ ਹੋਇਆ ਹੈ, ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਪ੍ਰਕਾਸ਼ ਬਖਸ਼ ਰਹੇ ਹਨ| ਇੰਨਾਂ ਕੁ ਸਮਝਣ ਦੇ ਨਾਲ ਥੋੜ੍ਹਾ ਜਿਹਾ ਪਤਾ ਲਗ ਜਾਂਦਾ ਹੈ ਕਿ ਗੁਰੂ ਸਾਹਿਬ ਸਾਡੇ ਵਾਸਤੇ ਕਿਹੜਾ ਸੱਚ ਦਾ ਦਰ ਖੋਲ੍ਹ ਰਹੇ ਹਨ|

ਪੋਥੀ ਪਰਮੇਸਰ ਕਾ ਥਾਨੁ||

ਉਸ ਨਿਰੰਕਾਰ ਦੀ ਜਿਸਦਾ ਸਾਰਾ ਪਸਾਰਾ ਹੈ ਕੋਈ ਇਕ ਇੱਕਲੀ ਜਗ੍ਹਾ ਨਹੀਂ| ਸਭ ਰਚਨਾਂ, ਕਰੋੜਾਂ ਖੰਡ-ਬ੍ਰਹਮੰਡ ਸਾਰਾ ਪਸਾਰਾ ਉਸਦਾ ਹੈ ਅਤੇ ਸਭ ਦੀ ਥੋੜ੍ਹੀ ਬਹੁਤ ਸਮਝ ਪੈਂਦੀ ਹੈ| ਪਰ ਆਦਮੀ, ਸਾਡੇ ਵਰਗਾ ਭੁੱਲਿਆ ਹੋਇਆ ਪ੍ਰਾਣੀ ਇਕ ਪਰਿਕਰਮਾ ਦੇ ਵਿੱਚ ਹੀ ਸਾਹਿਬ ਨੂੰ ਸਜਦਾ ਕਰਦਾ ਹੈ ਜਿਸਦਾ ਇਹ ਸਾਰਾ ਪਸਾਰਾ ਹੈ|

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ (ਜਿਸਦੇ ਵਿੱਚ ਸਾਹਿਬ ਇਹ ਪ੍ਰਕਾਸ਼ ਬਖਸ਼ ਰਹੇ ਹਨ) ਥੋੜ੍ਹਾ ਜਿਹਾ ਧਿਆਨ ਧਰਕੇ ਇਹ ਸੋਚੋ ਕਿ ਉਸਦੇ ਅਦਬ ਅਤੇ ਸਤਿਕਾਰ ਦੇ ਵਿੱਚ ਪ੍ਰਾਣੀ ਪਰਿਕਰਮਾ ਕਰ ਰਿਹਾ ਹੈ ਜਦੋਂ ਆਪਾਂ ਇਹ ਸ਼ਬਦ ਪੜ੍ਹਦੇ ਹਾਂ| ਕਿਤੇ ਇਨਸਾਨ ਸਵੇਰੇ ਯਾ ਕਿਸੇ ਵੇਲੇ ਵੀ ਇਹ ਸ਼ੁਰੂ ਕਰਦਾ ਹੋਇਆ ਇਹ ਤਿੰਨ ਚੀਜਾਂ ਧਿਆਨ ਵਿੱਚ ਕਰ ਲਵੇ ਤਾਂ ਉਸਨੂੰ ਇਹ ਪਤਾ ਨਹੀਂ ਕਿ ਨਿਰੰਕਾਰ ਦੇ ਇਸ ਸਜਦੇ ਵਿੱਚ ਉਹ ਉਸ ਵੇਲੇ ਸਾਰੀ ਰਚਨਾ ਨੂੰ ਲਪੇਟ ਵਿੱਚ ਲੈ ਲੈਂਦਾ ਹੈ | ਜਿਹੜਾ ਸਭ ਤੋਂ ਪਹਿਲਾਂ ਜ਼ਹੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਆ ਹੈ ਉਸਨੂੰ ਗੁਰੂ ਨਾਨਕ ਪਾਤਸ਼ਾਹ ਕਿਸ ਤਰ੍ਹਾਂ ਬਿਆਨ ਕਰ ਰਹੇ ਹਨ|

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ
ਸੈਭੰ ਗੁਰ ਪ੍ਰਸਾਦਿ || ਜਪੁ|| ਆਦਿ ਸਚੁ ਜੁਗਾਦਿ ਸਚੁ|| ਹੈ ਭੀ ਸਚੁ ਨਾਨਕ ਹੋਸੀ ਭੀ ਸਚੁ||

ਉਸਦੇ ਬਾਅਦ ਗੁਰੂ ਅਰਜਨ ਪਾਤਸ਼ਾਹ ਉਸੇ ੴ ਦਾ ਮੱਧ ਦੇ ਵਿੱਚ ਕਿਸ ਤਰ੍ਹਾਂ ਵੇਰਵਾ ਕਰ ਰਹੇ ਹਨ ਅਤੇ ਪੰਜਵੇ ਗੁਰੂ ਨਾਨਕ ਦਸ ਰਹੇ ਹਨ ਕਿ ਉਹ ਨਿਰੰਕਾਰ ਹੈ ਕੀ, ਸੋਝੀ ਪਾ ਰਹੇ ਹਨ ਕਿ ਉਹ ਪ੍ਰਕਾਸ਼ ਹੈ ਕੀ?

ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ||

ਜਦੋਂ ਆਪਾਂ ਕਿਸੇ ਬਜੁਰਗ ਦੇ ਵੀ ਚਰਨਾਂ ਤੇ ਮੱਥਾ ਟੇਕਦੇ ਹਾਂ ਤਾਂ ਉਸਦਾ ਪੂਰਾ ਦਰਸ਼ਨ ਹੁੰਦਾ ਹੈ| ਸਾਹਿਬ ਫੁਰਮਾਉਂਦੇ ਹਨ-

ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ||

ਜਦੋਂ ਮਨ ਚਰਨਾਂ ਦੇ ਨਾਲ ਵਿੰਨਿਆ ਜਾਏ ਤਾਂ ਦਰਸ਼ਨ ਉਸ ਪੂਰੇ ਦੇ ਹੋ ਰਹੇ ਹੁੰਦੇ ਹਨ| ਜਿਸ ਵਕਤ ਆਪਾਂ ੴ ਕਹਿ ਕੇ ਉਸਨੂੰ ਮੱਥਾ ਟੇਕਦੇ ਹਾਂ (ਕਿਉਂਕਿ ਇਹ ਸਾਰਾ ਹੀ ਆਕਾਰ ਉਸਦਾ ਹੈ) ਤਾਂ ਉਸ ਵੇਲੇ ਜਿਨ੍ਹਾਂ ਨੂੰ ਦਰਸ਼ਨ ਹੁੰਦੇ ਹਨ ਉਨ੍ਹਾਂ ਦੇ ਕਿੰਨੇ ਕਪਾਟ ਖੋਲ੍ਹੇ ਹੁੰਦੇ ਹਨ ਕਿ ਉਸਦੇ ਉਸ ਸਰੂਪ ਵਿੱਚ ਦਰਸ਼ਨ ਹੁੰਦੇ ਹਨ ਜਿਸਦੇ ਵਿੱਚ ਉਸਦਾ ਆਕਾਰ ਹੈ, ਉਹਦਾ ਪਸਾਰਾ ਹੈ| ਜਿਹੜਾ ਵੀ ਆਪਣੇ ਸੱਚੇ ਦਿਲੋਂ, ਆਪਣੇ ਮਨ ਤੋਂ, ਜਿਸ ਵਕਤ ਉਸਦੇ ਚਰਨਾਂ ਤੇ ਪੂਰਾ ਢਹਿ ਪੈਂਦਾ ਹੈ, ਮੱਥਾ ਟੇਕਦਾ ਹੈ ਉਸ ਵਕਤ ਉਸਦਾ ਮੱਥਾ ਸਾਰੇ ਸਰੂਪ ਨੂੰ ਲਗਦਾ ਹੈ| ਉਹ ਇੰਨਾ ਵੱਡਾ ਹੈ ਕਿ ਆਪਾਂ ਉਸਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ|
ਪਰ ਮੱਥਾ ਕਿੱਥੇ ਜਾ ਕੇ ਪਰਵਾਨ ਹੁੰਦਾ ਹੈ|
ਹੁਣ ਗੁਰੂ ਨਾਨਕ ਪਾਤਸ਼ਾਹ ਸਾਨੂੰ ਰਾਹ ਕੀ ਦਸ ਰਹੇ ਹਨ ਕਿ ਆਪਾਂ ਕਿੱਥੇ ਹਾਂ? ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਮਾਰਗ ਦੱਸਣ ਵਾਸਤੇ ਹੀ ਅਵਤਾਰ ਧਾਰਿਆ ਹੈ ਅਤੇ ਉਸ ਮਾਰਗ ਦੇ ਹੀ ਝਲਕ-ਮਾਤਰ ਦਰਸ਼ਨ ਕਰਨੇ ਹਨ|

ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਆਖਦੇ ਹਨ ਕਿ ਮਰਦਾਨਿਆ ਰਬਾਬ ਛੇੜ ਬਾਣੀ ਆ ਰਹੀ ਹੈ| ਹੁਣ ਉਹ ਸਾਨੂੰ ਮਾਰਗ ਦਸ ਰਹੇ ਹਨ|

ਦੋ ਮਾਰਗ ਹਨ, ਇਕ ਸਮੇਂ ਦਾ ਤੇ ਦੂਸਰਾ ਅਕਾਲਪੁਰਖ ਦਾ ਮਾਰਗ ਹੈ|

ਇਕ ਹੈ ਅੰਧਕਾਰ ਸਮੇਂ ਦਾ ਜਿਸਦੇ ਕਰਕੇ ਅਸੀਂ ਜਨਮ-ਮਰਣ ਦੇ ਗੇੜ 'ਚ ਪਏ ਹੋਏ ਹਾਂ ਅਤੇ ਇਕ ਹੈ ਉਹ, ਸਮੇਂ ਨਾਲ ਹੀ ਉਸ ਜੁਗ ਦੇ ਵਿੱਚ ਆਉਂਦਾ ਹੈ|

ਗੁਰੁ ਦਾਤਾ ਜੁਗ ਚਾਰੇ ਹੋਈ||
ਜੁਗਿ ਜੁਗਿ ਸਤਿਗੁਰੁ ਧਰੇ ਅਵਤਾਰੀ||
ਭਾਈ ਗੁਰਦਾਸ ਜੀ

ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ-

ਗੁਰ ਸੇਵਾ ਜੁਗ ਚਾਰੇ ਹੋਈ||
ਪੂਰਾ ਜਨ ਕਾਰ ਕਮਾਵੈ ਕੋਈ||
ਸ੍ਰੀ ਗੁਰੂ ਗ੍ਰੰਥਸਾਹਿਬ,ਅੰਗ-161

ਹਰ ਜੁਗ ਵਿੱਚ ਉਸਦੀ ਸੇਵਾ ਹੁੰਦੀ ਹੈ, ਗੁਰਮੁੱਖ ਪੈਦਾ ਹੁੰਦੇ ਹਨ| ਉਹ ਗੁਰਮੁੱਖ, ਉਹ ਭਗਤ ਕੌਣ ਹਨ ਜਿਹੜੇ ਉਸਦੇ ਪਿਆਰ ਨੂੰ, ਉਸਦੀ ਲੀਲ੍ਹਾ ਨੂੰ ਪ੍ਰਗਟ ਕਰਦੇ ਹਨ|

ਗੁਰੂ ਨਾਨਕ ਪਾਤਸ਼ਾਹ ਦੋ ਮਾਰਗ ਦਸ ਰਹੇ ਹਨ, ਸਤਿਗੁਰੂ ਦੇ ਸਰੂਪ ਵਿੱਚ ਚਾਰੇ ਜੁਗਾਂ 'ਚ ਆਉਂਦਾ ਹੈ| ਜਿਸਦਾ ਵੀ ਗੁਰੂ ਦੇ ਚਰਨਾਂ ਨਾਲ ਮਨ ਲੱਗ ਗਿਆ...

ਗੁਰ ਚਰਨੀ ਮਨੁ ਲਾਗਾ||
ਤਾ ਜਮ ਕਾ ਮਾਰਗੁ ਭਾਗਾ||

ਦੂਜਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪ ਕਤਲਗਾਹ ਦੇ ਵਿੱਚ ਸਾਨੂੰ ਸਮਝਾ ਰਹੇ ਹਨ ਕਿ ਜਿਹੜਾ ਵੀ ਦੁਨੀਆਂ ਵਿੱਚ ਆਇਆ ਹੈ ਉਸਨੇ ਮਰਨਾ ਹੈ ਅਤੇ ਉਸਨੂੰ ਜਮਾਂ ਨੇ ਆ ਕੇ ਦਬੋਚ ਲੈਣਾ ਹੈ| ਜਿਹੜਾ ਵੀ ਦੁਨੀਆਂ ਵਿੱਚ ਆਇਆ ਹੈ ਕਰਮਾਂ ਕਰਕੇ ਆਇਆ ਹੈ ਅਤੇ ਉਸ ਹਰ ਇਕ ਨੇ ਮਰਨਾ ਹੈ|

ਗੁਰੂ ਤੇਗ ਬਹਾਦਰ ਆਪਣੇ ਸਲੋਕਾਂ ਦੇ ਅਖ਼ੀਰ ਵਿੱਚ ਇਹ ਸਪੱਸ਼ਟ ਕਰ ਦਿੰਦੇ ਹਨ-

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ||
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ||

ਇਹ ਸੰਸਾਰ ਇਕ ਕਤਲਗਾਹ ਹੈ ਇਸ ਵਿੱਚ ਹਰ ਇਕ ਨੂੰ ਹੀ ਕਾਲ ਨੇ ਆ ਕੇ ਦਬੋਚ ਲੈਣਾ ਹੈ| ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ ਕਿ-

 ਇਕ ਜਮ ਦਾ ਮਾਰਗ ਹੈ ਅਤੇ ਇਕ ਗੁਰੂ ਚਰਨਾਂ ਦਾ ਮਾਰਗ ਹੈ|

ਜਿਸ ਵਕਤ ਗੁਰੂ ਅਰਜਨ ਪਾਤਸ਼ਾਹ ਅੰਤਿਮ ਸਲੋਕ ਵਿੱਚ ਉਚਾਰ ਰਹੇ ਹਨ ਕਿ-

ਤਮ ਸੰਸਾਰੁ ਚਰਨ ਲਗ ਤਰੀਐ
ਸਭੁ ਨਾਨਕ ਬ੍ਰਹਮ ਪਸਾਰੋ||

ਇਹ ਜਿਹੜਾ ਤਮ ਸੰਸਾਰ ਹੈ, ਇਸ ਸਾਗਰ ਤੋਂ, ਇਸ ਸਮੁੰਦਰ ਤੋਂ, ਇਸ ਅਗਨਸਾਗਰ ਤੋਂ ਸਿਰਫ਼ ਗੁਰੂ ਦੇ ਚਰਨ ਫੜ੍ਹ ਕੇ ਹੀ ਪਾਰ ਹੋ ਸਕਦਾ ਹੈ| ਇਸਦੇ ਵਿੱਚ ਸਿਰਫ਼ ਇਕ ਦਾ ਹੀ ਪਸਾਰਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦਾ| 

ਇਸਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤਰੀਕੇ ਦਸ ਰਹੇ ਹਨ|

ਗੁਰ ਚਰਨੀ ਮਨੁ ਲਾਗਾ||
ਤਾ ਜਮ ਕਾ ਮਾਰਗੁ ਭਾਗਾ||
ਫੁਰਮਾਉਂਦੇ ਹਨ ਕਿ-
 
ਜੇ ਤੂੰ ਗੁਰੂ ਦੇ ਚਰਨਾਂ ਦਾ ਮਾਰਗ ਫੜ੍ਹ ਲਿਆ ਹੈ ਤਾਂ ਗੁਰੂ ਚਰਨਾਂ ਦਾ ਉਹ ਪ੍ਰਕਾਸ਼ ਮਾਰਗ ਹੈ ਜਿਹੜਾ ਉਸ ਸਮੇਂ ਦੇ, ਉਸ ਰਸਤੇ ਦੇ ਨਾਲ-ਨਾਲ ਚਲ ਰਿਹਾ ਹੈ| ਜਿਸਦੇ ਕਰਕੇ ਸਤਿਗੁਰੂ ਹਰ ਜੁਗ ਦੇ ਵਿੱਚ ਅਵਤਾਰ ਧਾਰਦਾ ਹੈ| 
 
ਹੁਣ ਇਸਨੂੰ ਸਮਝਣ ਦੇ ਨਾਲ ਹੀ ਪਤਾ ਲੱਗੀ ਜਾਏਗਾ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ| ਕਿਧਰੇ ਉਸ ਖਿਆਲ ਵਿੱਚ ਕਿ ਆਪਾਂ (ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਅਰਜਨ ਪਾਤਸ਼ਾਹ ਇਸ ਬਾਣੀ ਨੂੰ ਅਲਾਪ ਰਹੇ ਹਨ) ਇਸ ਬਾਣੀ ਨੂੰ ਸੁਣੀਏ ਤਾਂ ਕਿਧਰੇ ਤੇ ਕਿਧਰੇ ਪਹੁੰਚ ਸਕਦੇ ਹਾਂ ਕਿਉਂਕਿ ਬੁੱਧੀ ਉਨੀ ਦੂਰ ਤਕ ਨਹੀਂ ਪਹੁੰਚ ਸਕਦੀ| ਉਹ ਨਾ ਹੀ ਸਾਡੇ ਮਨ ਦੀ ਪਕੜ ਵਿੱਚ ਆ ਸਕਦਾ ਹੈ ਅਤੇ ਨਾ ਬੁੱਧੀ ਦੀ ਪਕੜ ਵਿੱਚ ਆ ਸਕਦਾ ਹੈ| ਇਸ ਕਰਕੇ ਥੋੜ੍ਹਾ ਉਸ ਖਿਆਲ ਵਿੱਚ ਆਓ ਕਿ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਬਾਣੀ ਨੂੰ ਕਿਸ ਤਰ੍ਹਾਂ ਉਚਾਰ ਰਹੇ ਹੋਣੇ ਹਨ ਜਿਸ ਵਕਤ ਭਾਈ ਮਰਦਾਨੇ ਨੂੰ ਆਖਦੇ ਹਨ ਕਿ ਮਰਦਾਨਿਆ ਰਬਾਬ ਛੇੜ|
ਗੁਰੂ ਨਾਨਕ ਦਾਤਾ ਬਖਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥