ਮਹਾਨ ਕਿਰਪਾ

Humbly request you to share with all you know on the planet!

Surrender and place your ‘I’ at the Lotus Feet of Sri Guru Granth Sahib. Sri Guru Nanak Sahib will lead you by Hand and unfold wonderful Divine Mysteries which you can never understand with the help of all the translations and books of all scholars and intellectuals, put together.

28 ਅਕਤੂਬਰ 1989 ਦੀ ਗੱਲ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦਾ ਪਵਿੱਤਰ ਪ੍ਰਕਾਸ਼ ਉਤਸਵ ਸਾਡੇ ਘਰ ਮਕਾਨ ਨੰਬਰ 203, ਸੈਕਟਰ 33-ਏ ਚੰਡੀਗੜ੍ਹ ਵਿਖੇ ਮਨਾਇਆ ਜਾ ਰਿਹਾ ਸੀ। ਮੈਂ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੇਵਾ ਕਰ ਰਿਹਾ ਸੀ। ਮੈਂ 'ਹੁਕਮਨਾਮਾ' ਪੜ੍ਹ ਚੁੱਕਿਆ ਸੀ ਅਤੇ ਸਟੀਕ ਸਾਹਿਬ ਦੀ ਮਦਦ ਨਾਲ ਉਨ੍ਹਾਂ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ। ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਅਕਾਸ਼ਬਾਣੀ ਇਸ ਤਰ੍ਹਾਂ ਸੁਣਾਈ ਦਿਤੀ :

ਗੁਰੂ ਨੂੰ ਪੜ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈਂ ?
ਗੁਰੂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ?
ਕੋਈ ਗੁਰੂ ਨੂੰ ਪੜ੍ਹ ਸਕਦਾ ਹੈ ?
ਕੋਈ ਗੁਰੂ ਨੂੰ ਸਮਝ ਸਕਦਾ ਹੈ ?
ਗੁਰੂ ਨੂੰ ਤਾਂ ਗੁਰੂ ਨੇ ਵੀ ਪੜ੍ਹਣ ਤੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ।

ਜਦ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਹ ਫੁਰਮਾਇਆ ਤਾਂ ਮੈਂ ਸੋਚਾਂ ਵਿੱਚ ਪੈ ਗਿਆ ਕਿ ਇਕ ਤੁੱਛ ਬੁਧੀ ਵਾਲਾ ਇਨਸਾਨ ਗੁਰੂ ਨੂੰ ਕਦੀ ਸਮਝ ਨਹੀਂ ਸਕਦਾ ਅਤੇ ਨਾ ਹੀ ਪੜ੍ਹ ਸਕਦਾ ਹੈ ਕਿਉਂਕਿ ਉਹ ਤੁੱਛ ਬੁੱਧੀ ਦੀ ਪਹੁੰਚ ਅਤੇ ਪਕੜ ਤੋਂ ਬਹੁਤ ਉੱਚਾ ਤੇ ਪਰੇ ਹੈ। ਫਿਰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਫੁਰਮਾਇਆ:

“ਆਪਣੀ 'ਮੈਂ' ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ^ਚ ਰਖ ਦਿਉ। ਤੁਹਾਨੂੰ ਆਪ ਸ੍ਰੀ ਗੁਰੂ ਨਾਨਕ ਸਾਹਿਬ ਉਂਗਲੀ ਫੜ੍ਹ ਕੇ ਇਸ ਪ੍ਰਕਾਸ਼ ਦੇ ਵਿੱਚ ਲੈ ਜਾਣਗੇ ਅਤੇ ਇਲਾਹੀ ਗਿਆਨ ਦੇ ਰਹੱਸ ਦੀ ਸੋਝੀ ਪਾਉਣਗੇ। ਗਿਆਨ ਪ੍ਰਾਪਤ ਕਰਨ ਲਈ ਭਾਵੇਂ ਸੰਸਾਰ ਭਰ ਦੀਆਂ ਲਿਖੀਆਂ ਗਈਆਂ ਕਿਤਾਬਾਂ ਨੂੰ ਇਕ ਅਸਥਾਨ ਤੇ ਇਕੱਠੀਆਂ ਕਰ ਲਵੋ ਤਾਂ ਵੀ ਉਨ੍ਹਾਂ ਤੋਂ ਗ੍ਰਹਿਣ ਕੀਤੇ ਗਿਆਨ ਨਾਲ ਰੱਬੀ ਭੇਦਾਂ ਨੂੰ ਸਮਝਿਆ ਨਹੀਂ ਜਾ ਸਕਦਾ।”

ਨਿਮਰਤਾ ਸਰੂਪ ਸ੍ਰੀ ਗੁਰੂ ਨਾਨਕ ਸਾਹਿਬ, ਨਿਮਰਤਾ ਦੇ ਉੱਤੇ ਤੁਠਦੇ ਹਨ। ਉਹ ਤਾਂ ਨਿਮਾਣੇ ਤੋਂ ਨਿਮਾਣੇ ਦੀ ਆਪਣੇ ਮੁਬਾਰਿਕ ਹੱਥਾਂ ਨਾਲ ਅਗਵਾਈ ਕਰਦੇ ਹਨ ਅਤੇ ਉਸਨੂੰ ਮਹਾਨ ਖੁਸ਼ੀਆਂ ਪ੍ਰਾਪਤ ਕਰਵਾਉਣ ਹਿੱਤ ਰੱਬੀ ਪ੍ਰੇਮ ਵੱਲ ਲੈ ਜਾਂਦੇ ਹਨ।

ਜਿਸ ਦਿਲ ਵਿੱਚ ਨਿਮਰਤਾ ਦਾ ਵਾਸਾ ਹੈ ਉੱਥੇ ਸਤਿਗੁਰੂ ਦੀ ਦਇਆ ਵਰਸ ਰਹੀ ਹੁੰਦੀ ਹੈ।

'ਹਉਮੈਂ' ਅਤੇ 'ਮੈਂ' ਨੂੰ ਸਤਿਗੁਰੂ ਦੇ ਪਵਿੱਤਰ ਚਰਨਾਂ ਵਿੱਚ ਤਿਆਗਣ ਨਾਲ ਆਤਮਾ ਨੂੰ ਸੰਸਾਰਿਕ ਬੰਧਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਇਕ ਨਵਾਂ ਅਦਭੁਤ ਦਰਗਾਹੀ ਰਿਸ਼ਤਾ ਜਨਮ ਲੈਂਦਾ ਹੈ। ਉਸ ਉਤੇ ਸਤਿਗੁਰੂ ਦੀ ਅਪਾਰ ਕਿਰਪਾ ਹੁੰਦੀ ਹੈ ਜੋ ਪੂਰੇ ਸੰਸਾਰ ਦੀ ਸ਼ੋਭਾ ਤੋਂ ਵੀ ਵਧੇਰੇ ਹੈ। ਹਜ਼ਾਰਾਂ ਸੂਰਜਾਂ ਦੀ ਰੋਸ਼ਨੀ ਵੀ ਉਸਦੇ ਸਾਹਮਣੇ ਫਿੱਕੀ ਪੈ ਜਾਂਦੀ ਹੈ। ਇਸ ਅਨੋਖੇ ਆਤਮ ਸਮਰਪਣ ਨਾਲ ਇਕ ਅਜੀਬ ਤਬਦੀਲੀ ਆਉਂਦੀ ਹੈ। ਸਾਰਾ ਮਨੁੱਖੀ ਪਿਆਰ ਪ੍ਰਭੂ ਪਿਆਰ ਵਿੱਚ ਬਦਲ ਜਾਂਦਾ ਹੈ। ਫਿਰ ਸੰਸਾਰਿਕ ਜੀਵਨ ਈਸ਼ਵਰੀ ਪਿਆਰ ਵਿੱਚ ਬਦਲ ਜਾਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ 'ਮੈਂ' (ਹਉਮੈਂ) ਨੂੰ ਰਖਣ ਤੋਂ ਬਿਨਾਂ ਇਲਾਹੀ ਸੋਤ ਸਲਾਹ ਨੂੰ ਸਮਝਣਾ ਅਸੰਭਵ ਹੈ। 'ਮੈਂ' ਨੂੰ ਤਿਆਗ ਕੇ 'ਤੂੰ' ਦੇ ਵਿੱਚ ਹੀ ਅਸਲ ਪ੍ਰਭੂ ਯਾਤਰਾ, ਅਸਲ ਬੰਦਗੀ, ਅਸਲ ਭਗਤੀ ਆਰੰਭ ਹੁੰਦੀ ਹੈ। 'ਮੈਂ' ਮੇਰੀ ਨੂੰ ਛੱਡ ਕੇ ਹੀ ਸਭ ਤੂੰ ਹੀ ਤੂੰ ਤੇ ਉਸਦੇ ਪਸਾਰੇ ਦੀ ਸੋਝੀ ਪੈ ਜਾਂਦੀ ਹੈ। ਸਤਿਗੁਰੂ ਦੀ ਅਪਾਰ ਕਿਰਪਾ ਤੁਹਾਡੀ ਸ਼ਕਤੀ ਬਣ ਜਾਵੇਗੀ। ਉਹ ਵਿਅਕਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪ੍ਰੇਮ ਕਰਦਾ ਹੈ ਉਸਨੂੰ ਪਿਆਰੇ ਸਤਿਗੁਰੂ ਦਾ ਸਹਾਰਾ ਪ੍ਰਾਪਤ ਹੁੰਦਾ ਹੈ ਅਤੇ ਸਤਿਗੁਰੂ ਹਮੇਸ਼ਾ ਉਸਦੇ ਅੰਗ ਸੰਗ ਰਹਿੰਦੇ ਹਨ।

ਸਾਧ ਸੰਗਤ ਜੀ, ਮੈਂ ਨਿਮਰਤਾ ਪੂਰਵਕ ਇਹ ਪ੍ਰਸਤੁਤ ਕਰਦਾ ਹਾਂ ਕਿ ਗੁਰੂ ਬਾਰੇ ਗਿਆਨ, ਗੁਰੂ ਦੀ ਜੋਤ ਬਾਰੇ ਗਿਆਨ, ਸਾਧਾਰਨ ਗਿਆਨ ਵਾਲੇ ਵਿਅਕਤੀ ਨੂੰ ਨਹੀਂ ਹੋ ਸਕਦਾ। ਇਹ ਰਹੱਸ ਉਸਦੀ ਬੁੱਧੀ ਅਤੇ ਸਮਝ ਤੋਂ ਬਾਹਰ ਹੁੰਦਾ ਹੈ। ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।

ਅਦਭੁਤ ਰਹੱਸਾਂ ਨੂੰ ਸਮਝ ਲੈਣ ਤੋਂ ਬਾਅਦ ਫਿਰ ਇਸ ਸੰਸਾਰ ਵਿੱਚ ਜਾਣਨ, ਸਮਝਣ ਅਤੇ ਦੇਖਣ ਯੋਗ ਕੁਝ ਵੀ ਨਹੀਂ ਰਹਿ ਜਾਂਦਾ।

ਆਉ ਅਸੀਂ ਆਪਣੀ 'ਮੈਂ' 'ਮੇਰੀ' ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਭੇਟ ਕਰ ਦਈਏ ਅਤੇ ਉਨ੍ਹਾਂ ਦੇ ਚਰਨਾਂ ਦੀ ਧੂੜ ਬਣ ਜਾਈਏ। 'ਮੈਂ' ਅਤੇ 'ਹਉਮੈਂ' ਰਹਿਤ ਹੋ ਕੇ ਪਵਿੱਤਰ ਚਰਨ ਧੂੜ ਵਿੱਚ ਸਮਾ ਜਾਈਏ ਅਤੇ ਆਪਣੇ ਪਿਆਰੇ ਸਤਿਗੁਰੂ 'ਪ੍ਰਗਟ ਗੁਰਾਂ ਕੀ ਦੇਹ' ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਪ੍ਰਕਾਸ਼ ਦਾ ਰਸ ਮਾਣੀਏ।

ਉਸੇ ਸ਼ਾਮ ਪਵਿੱਤਰ ਤੇ ਪੂਰਨ ਤੌਰ ਤੇ ਪਵਿੱਤਰ ਸੇਵਾ ਕਰਨ ਤੋਂ ਬਾਅਦ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਦੇਹ ਨੂੰ ਰੁਮਾਲੇ ਨਾਲ ਢੱਕ ਰਿਹਾ ਸੀ ਕਿ ਮੇਰੇ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਵੱਲੋਂ ਫਿਰ ਆਕਾਸ਼ ਬਾਣੀ ਹੋਈ :

“ਤੂੰ ਕਿਸਨੂੰ ਢਕਣ ਦੀ ਕੋਸ਼ਿਸ਼ ਕਰ ਰਿਹਾ ਹੈਂ ? ਜਿਸਨੇ ਇਸ ਤਰ੍ਹਾਂ ਦੇ ਕਰੋੜਾਂ ਸੰਸਾਰ ਆਪ ਢਕੇ ਹੋਏ ਹਨ। ਜੋ ਸਭ ਖੰਡਾਂ ਅਤੇ ਬ੍ਰਹਿਮੰਡਾਂ ਨੂੰ ਢਕਦਾ ਹੈ ਅਤੇ ਉਨ੍ਹਾਂ ਸਭ ਤੋਂ ਉੱਪਰ ਹੈ ਜਿੱਥੇ ਤੇਰੀ ਸੋਚ ਪਹੁੰਚ ਵੀ ਨਹੀਂ ਸਕਦੀ। ਕੀ ਤੂੰ ਸੱਚ ਹੀ 'ਉਸਨੂੰ ਢਕ ਸਕਦਾ ਹੈਂ?

ਹਰ ਇਕ ਇਨਸਾਨ ਕਰਮਾਂ ਦਾ ਪੁਤਲਾ ਹੈ, ਤੂੰ ਵੀ ਆਪਣੇ ਕਰਮਾਂ ਦਾ ਪੁਤਲਾ ਹੈ। ਚੰਗੇ-ਮੰਦੇ ਕਰਮ ਇਸ ਜਨਮ ਦੇ ਹੀ ਨਹੀਂ, ਪਿਛਲੇ ਜਨਮ ਦੇ ਅਤੇ ਜੁਗਾਂ-ਜੁਗਾਂ ਦੇ ਜਨਮਾਂ ਦੇ ਇਕੱਠੇ ਹੋਏ ਹੁੰਦੇ ਹਨ। ਇਹ ਇਨਸਾਨ ਦੀ ਪਾਪਾਂ ਦੀ ਨਾਂ ਖ਼ਤਮ ਹੋਣ ਵਾਲੀ ਇਕ ਨਦੀ ਵਗ ਰਹੀ ਹੈ। ਇਨਸਾਨ ਤਾਂ ਆਪਣੇ ਪਾਪਾਂ ਦੀ ਨਦੀ ਨੂੰ ਨਹੀਂ ਢਕ ਸਕਦਾ ਤੇ ਉਹ ਇਸ ਦੁਨੀਆਂ ਦੇ ਰਚਨਹਾਰ ਨੂੰ ਕਿਵੇਂ ਢਕ ਲਵੇਗਾ।”

“ਰੁਮਾਲੇ ਨੂੰ ਇਕ ਪਾਸੇ ਕੀਤੇ ਬਗੈਰ ਹੀ ਜੇ ਤੁਸੀਂ 'ਪ੍ਰਗਟ ਗੁਰਾਂ ਕੀ ਦੇਹ' ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚੇ ਮਨ ਅਤੇ ਨਿਮਰਤਾ ਨਾਲ ਸ਼ਰਧਾ ਪੂਰਵਕ ਪੂਰਾ ਸਤਿਕਾਰ ਕਰਦੇ ਹੋਏ ਆਪਣਾ ਮਸਤਕ ਉਨ੍ਹਾਂ ਦੇ ਪਾਵਨ ਚਰਨਾਂ ਤੇ ਰੱਖੋ ਤਾਂ ਬਹੁਤ ਸਾਰਾ ਅਧਿਆਤਮਿਕ ਲਾਭ ਪ੍ਰਾਪਤ ਕਰ ਸਕਦੇ ਹੋ। ਜਿਸਦੀ 'ਤੂੰ' ਸੇਵਾ ਕਰ ਰਿਹਾ ਹੈਂ ਇਹ ਉਸੇ ਪਰਮਾਤਮਾ ਦੀ ਅਸੀਮ ਬਖਸ਼ਿਸ਼ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸੱਚਾ ਵਿਸ਼ਵਾਸ ਅਤੇ ਸੱਚੀ ਆਰਾਧਨਾ ਤੋਂ ਮਿਲਣ ਵਾਲੇ ਫ਼ਲ ਦੀ ਆਸ ਇਨਸਾਨੀ ਸੋਚ ਤੋਂ ਪਰੇ ਹੈ।

ਇਕ ਵਾਰੀ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸੰਗਤ ਨੂੰ ਪੁੱਛਿਆ:

ਰੱਬ ਨਾਲੋਂ ਵੀ ਕੋਈ ਵੱਡਾ ਹੈ ?

ਸਾਰੇ ਹੀ ਦੁਬਿਧਾ ਵਿੱਚ ਪੈ ਗਏ, ਭਾਈ ਰਤਨ ਸਿੰਘ ਜੀ ਨੇ ਮਹਾਨ ਬਾਬਾ ਜੀ ਅੱਗੇ ਬੇਨਤੀ ਕੀਤੀ :

'ਗਰੀਬ-ਨਿਵਾਜ਼ ! ਆਪ ਹੀ ਮਿਹਰ ਕਰੋ'

ਬਾਬਾ ਜੀ ਨੇ ਫਿਰ ਪੁੱਛਿਆ :

ਕੌਣ ਵੱਡਾ ਹੈ ? ਜਿੱਤਣ ਵਾਲਾ ਜਾਂ ਜਿਤਿਆ ਹੋਇਆ ?
ਜਿੱਤਣ ਵਾਲਾ ਜਾਂ ਜਿਤਾਉਣ ਵਾਲਾ ?

ਸਪਸ਼ਟ ਉੱਤਰ ਇਸ ਪ੍ਰਕਾਰ ਸੀ :

ਜਿੱਤਣ ਵਾਲਾ, ਜਿੱਤ ਪ੍ਰਾਪਤ ਕਰਨ ਵਾਲਾ।

ਮਹਾਨ ਬਾਬਾ ਜੀ ਨੇ ਫਿਰ ਫ਼ੁਰਮਾਇਆ :

“ਰਿਦੈ ਦੀ ਗਰੀਬੀ ਸਭ ਕੁਝ ਜਿੱਤ ਲੈਂਦੀ ਹੈ। ਇਹ ਤਾਂ ਪਰਮਾਤਮਾ ਨੂੰ ਵੀ ਜਿੱਤ ਲੈਂਦੀ ਹੈ। ਇਸ ਕਰਕੇ ਨਿਮਰਤਾ ਅਤੇ ਗਰੀਬੀ ਪਰਮਾਤਮਾ ਨਾਲੋਂ ਵੀ ਵੱਡੀ ਹੈ।”
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ
ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ
ਜਿਨਿ ਕਲ ਰਾਖੀ ਮੇਰੀ ॥
ਗੁਰੂ ਨਾਨਕ ਦੇ ਦਰ ਤੋਂ ਸ਼ਰਧਾ ਵਾਲੇ
ਸਭ ਕੁਝ ਖਟ ਕੇ ਲੈ ਜਾਂਦੇ ਹਨ।
ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥
ਨਾਨਕ ਸੋ ਜਨੁ ਸਚਿ ਸਮਾਤਾ॥
ਜਾਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥
ਸ੍ਰੀ ਸੁਖਮਨੀ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੂਰਾ ਸਿਦਕ ਰਖਣ ਵਾਲਿਆਂ ਦੇ ਬੇੜੇ ਪਾਰ ਹਨ।

ਕਿਸ ਤਰ੍ਹਾਂ ਦੀ ਨਿਮਰਤਾ (ਗਰੀਬੀ), ਸਤਿਕਾਰ, ਵਿਸ਼ਵਾਸ, ਸਿਦਕ ਅਤੇ ਪ੍ਰੇਮ ਨਾਲ ਆਪਣੇ ਸਾਹਿਬ, ਆਪਣੇ ਮਾਲਿਕ, ਆਪਣੇ ਪ੍ਰਭੂ, ਆਪਣੇ ਸਤਿਗੁਰੂ, ਆਪਣੇ ਨਿਰੰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਬਣਦੀ ਹੈ, ਬਾਬਾ ਜੀ ਦੇ ਉਪਰਲੇ ਬਚਨਾਂ ਤੋਂ ਹੀ ਪ੍ਰਗਟ ਹੋ ਜਾਂਦਾ ਹੈ।

ਗੁਰੂ ਨਾਨਕ ਦਾਤਾ ਬਖਸ਼ ਲੈ॥
ਬਾਬਾ ਨਾਨਕ ਬਖਸ਼ ਲੈ॥